ਹੜਤਾਲ ਦੇ ਸੱਦੇ ’ਤੇ ਜਨੇਰ ਦਾ ਓਟ ਸੈਂਟ ਰਿਹਾ ਮੁਕੰਮਲ ਬੰਦ

08/21/2018 12:18:27 AM

ਕੋਟ ਈਸੇ ਖਾਂ, (ਗਰੋਵਰ, ਸੰਜੀਵ, ਗਾਂਧੀ)-ਪੰਜਾਬ ਭਰ ’ਚ ਬਣੇ ਮੁਡ਼ ਵਸੇਬਾ ਕੇਂਦਰ, ਓਟ ਕੇਂਦਰ ਤੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੇ ਮੁਲਾਜ਼ਮ ਪਿਛਲੇ 4 ਸਾਲਾਂ ਤੋਂ ਰੈਗੂਲਰ ਹੋਣ ਲਈ ਦੋਵਾਂ ਸਰਕਾਰਾਂ ਦਾ ਕਈ ਵਾਰ ਦਰਵਾਜ਼ਾ ਖੜਕਾ ਚੁੱਕੇ ਹਨ, ਕਈ ਵਾਰ ਰੈਗੂਲਰ ਅਤੇ ਹੋਰ ਮੰਗਾਂ ਸਬੰਧੀ ਮੰਗ-ਪੱਤਰ ਮੌਜੂਦਾ ਅਤੇ ਪਿਛਲੀ ਸਰਕਾਰ ਦੇ ਮੰਤਰੀਆਂ ਨੂੰ ਦੇ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ, ਜਦਕਿ ਇਨ੍ਹਾਂ ਕੇਂਦਰਾਂ ’ਚ ਕੰਮ ਕਰਦੇ ਮੁਲਾਜ਼ਮ ਪਿਛਲੇ 4 ਸਾਲਾਂ ਤੋਂ ਫਿਕਸ ਤਨਖਾਹ ’ਤੇ ਕੰਮ ਕਰਦੇ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਨਸ਼ਾ ਖਤਮ ਲਈ ਚਲਾਈ  ਗਈ ਮੁਹਿੰਮ ’ਚ ਅਹਿਮ ਰੋਲ ਅਦਾ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ  ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਹੋਰ ਸਹੂਲਤ ਦਿੱਤੀ ਗਈ ਹੈ, ਜਿਸ ਦੇ ਵਿਰੋਧ ’ਚ ਅੱਜ ਸਾਰੇ ਪੰਜਾਬ ਦੇ ਕੇਂਦਰਾਂ ਵਿਚ ਹਡ਼ਤਾਲ ਦੇ ਸੱਦੇ ’ਤੇ ਪਿੰਡ ਜਨੇਰ ’ਚ ਚੱਲ ਰਹੇ ਸਰਕਾਰੀ ਮੁਡ਼ ਵਸੇਬਾ ਕੇਂਦਰ ਅਤੇ ਓਟ ਸੈਂਟਰ ਦੇ ਮੁਲਾਜ਼ਮਾਂ ਨੇ ਮੁਕੰਮਲ ਹਡ਼ਤਾਲ ਕਰ ਕੇ ਕੰਮ-ਕਾਜ ਠੱਪ ਰੱਖਿਆ, ਜਿਸ ਤੋਂ ਦੁਖੀ ਹੋ ਕੇ ਕੰਮ-ਕਾਜ ਠੱਪ ਦੇ ਪਹਿਲੇ ਦਿਨ ਹੀ ਮਰੀਜ਼ਾਂ ਨੇ ਸੈਂਟਰ ਦੇ ਬਾਹਰ ਦਵਾਈ ਨਾ ਮਿਲਣ ਕਾਰਨ ਚੱਕਾ ਜਾਮ ਕਰ ਦਿੱਤਾ। ਜਨੇਰ ਸੈਂਟਰ ਵਿਖੇ ਜ਼ਿਲਾ ਪ੍ਰਧਾਨ ਕਮਲਪ੍ਰਦੀਪ ਸਿੰਘ, ਨਵਨੀਤ ਸਿੰਘ, ਚਰਨਜੀਤਪਾਲ, ਸੰਦੀਪ ਸਿੰਘ, ਰਵਿੰਦਰ ਸਿੰਘ, ਅਮਨਪ੍ਰੀਤ ਸਿੰਘ ਆਦਿ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਹਡ਼ਤਾਲ ਦਾ ਅਸਰ ਵੇਖ ਕੇ ਪੰਜਾਬ ਸਰਕਾਰ ਨੇ 29 ਤਰੀਕ ਨੂੰ ਸਾਨੂੰ ਗੱਲਬਾਤ ਵਾਸਤੇ ਬੁਲਾਇਆ ਹੈ, ਜੇਕਰ ਉਨ੍ਹਾਂ ਨੇ ਸਾਡੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤੇਜ਼ ਕਰ ਦੇਵਾਂਗੇ। ਇਸ ਮੌਕੇ ਉਨ੍ਹਾਂ ਨੇ ਇਕ ਮੰਗ-ਪੱਤਰ ਗੁਰਵਿੰਦਰ ਸਿੰਘ ਜੌਹਲ ਐੱਸ. ਡੀ. ਐੱਮ., ਡਿਪਟੀ ਮੈਡੀਕਲ ਕਮਿਸ਼ਨਰ ਸੁਰਿੰਦਰ ਸੇਤੀਆ ਤੇ ਡਾ. ਰਾਜੇਸ਼ ਮਿੱਤਲ ਨੂੰ ਸੌਂਪਿਆ, ਜਿਨ੍ਹਾਂ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ। ਉਪਰੰਤ ਉਨ੍ਹਾਂ  ਵੱਲੋਂ ਧਰਨਾ ਸਮਾਪਤ ਕੀਤਾ ਗਿਆ। 

ਇਹ ਹਨ ਮੰਗਾਂ 
*    ਸਾਲਾਨਾ ਇਨਕਰੀ ਮੈਂਟ ਦਿੱਤਾ ਜਾਵੇ
*    ਮੁਲਾਜ਼ਮਾਂ ਨੂੰ ਸਿੱਧੇ ਤੌਰ ’ਤੇ ਵਿਭਾਗ ਅਧੀਨ ਰੱਖਿਆ ਜਾਵੇ।
*    ਇਕ ਜ਼ਿਲੇ ਤੋਂ ਦੂਸਰੇ ਜ਼ਿਲੇ ’ਚ ਮਿਊਚਲ ਟਰਾਂਸਫਰ ਕਰਨ ਲਈ ਟਰਾਂਸਫਰ ਪਾਲਿਸੀ ਬਣਾਈ ਜਾਵੇ। 


Related News