12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ

02/19/2023 4:48:30 PM

ਲੁਧਿਆਣਾ (ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸੋਮਵਾਰ ਨੂੰ ਸ਼ੁਰੂ ਹੋ ਰਹੀਆਂ 12ਵੀਂ ਦੀਆਂ ਪ੍ਰੀਖਿਆਵਾਂ ਵਿਚ ਨਕਲ ਰੋਕਣ ਲਈ ਲੈ ਕੇ ਬੋਰਡ ਨੇ ਪੂਰੀ ਤਰ੍ਹਾਂ ਸਖ਼ਤੀ ਕਰ ਦਿੱਤੀ ਹੈ। ਬੋਰਡ ਨੇ ਕੇਂਦਰ ਸੁਪਰਡੈਂਟਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਡਿਊਟੀ ’ਤੇ ਤਾਇਨਾਤ ਕੋਈ ਵੀ ਅਧਿਆਪਕ ਜਾਂ ਪ੍ਰੀਖਿਆਰਥੀ ਪ੍ਰੀਖਿਆ ਕੇਂਦਰ ਵਿਚ ਮੋਬਾਇਲ ਜਾਂ ਕਿਸੇ ਵੀ ਕਿਸਮ ਦਾ ਕੋਈ ਇਲੈਕਟ੍ਰਾਨਿਕਸ ਡਿਵਾਈਸ ਨਾਲ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕਰਨ ਵਿਚ ਦੇਰ ਨਾ ਲਾਈ ਜਾਵੇ। ਇਹੀ ਨਹੀਂ ਪ੍ਰੀਖਿਆ ਕੇਂਦਰ ਦੇ ਗੇਟ ਨੂੰ ਵੀ ਜਿੰਦਾ ਨਾ ਲਾਉਣ ਦੇ ਹੁਕਮ ਬੋਰਡ ਨੇ ਜਾਰੀ ਕਰ ਦਿੱਤੇ ਹਨ। ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਕੇਂਦਰ ਕੰਟਰੋਲਰ ਅਤੇ ਸੁਪਰਡੈਂਟ ’ਤੇ ਵੀ ਬਣਦੀ ਕਾਰਵਾਈ ਹੋਵੇਗੀ।

ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਕਈ ਸਕੂਲ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪ੍ਰੀਖਿਆ ਕੇਂਦਰ ਦੇ ਗੇਟ ਨੂੰ ਜਿੰਦਾ ਲਾ ਦਿੰਦੇ ਹਨ, ਜਿਸ ਨਾਲ ਚੈਕਿੰਗ ਟੀਮਾਂ ਨੂੰ ਕੇਂਦਰ ਵਿਚ ਦਾਖ਼ਲ ਹੋਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਜਾਣਕਾਰੀ ਮੁਤਾਬਕ 12ਵੀਂ ਦੀਆਂ ਪ੍ਰੀਖਿਆਵਾਂ ਦੁਪਹਿਰ 2 ਤੋਂ 5 ਵਜੇ ਤੱਕ ਹੋਣਗੀਆਂ, ਜਿਸ ਦੇ ਲਈ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਕਰੀਬ ਇਕ ਘੰਟਾ ਪਹਿਲਾਂ ਤੱਕ ਪ੍ਰੀਖਿਆ ਕੇਂਦਰ ਦੇ ਬਾਹਰ ਪੁੱਜਣਾ ਹੋਵੇਗਾ। ਪੀ. ਐੱਸ. ਈ. ਬੀ. ਵੱਲੋਂ ਜਾਰੀ ਹੁਕਮਾਂ ਵਿਚ ਸੁਪਰਡੈਂਟਾਂ ਨੂੰ ਸਾਫ਼ ਹਦਾਇਤ ਹੈ ਕਿ ਇਹ ਯਕੀਨੀ ਬਣਾਉਣ ਕਿ ਫਲਾਇੰਗ ਦਸਤੇ ਨੂੰ ਪ੍ਰੀਖਿਆ ਕੇਂਦਰ ਤੱਕ ਪੁੱਜਣ ਵਿਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਨਾਲ ਹੀ ਜੇਕਰ ਕਿਸੇ ਪ੍ਰੀਖਿਆ ਕੇਂਦਰ ਵਿਚ ਨਕਲ ਦਾ ਰੁਝਾਨ ਪਾਇਆ ਜਾਂਦਾ ਹੈ ਤਾਂ ਇਸ ਦੀ ਪੁਸ਼ਟੀ ਫਲਾਇੰਗ ਟੀਮ ਵੱਲੋਂ ਕੀਤੀ ਜਾਂਦੀ ਹੈ ਤਾਂ ਸਬੰਧਤ ਸਟਾਫ਼ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕਰਨ ਲਈ ਸਿੱਖਿਆ ਮਹਿਕਮੇ ਨੂੰ ਲਿਖ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਸਬੰਧੀ ਪੱਬਾਂ ਪਾਰ ਹੋਈ ਕਾਂਗਰਸ, ਐਕਸ਼ਨ 'ਚ ਰਾਜਾ ਵੜਿੰਗ

ਬੋਰਡ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਵਿਚ ਨਿਰੀਖਕ ਸਟਾਫ਼ ਅਤੇ ਪ੍ਰੀਖਿਆਰਥੀ ਮੋਬਾਇਲ, ਕਿਸੇ ਵੀ ਕਿਸਮ ਦਾ ਇਲੈਟ੍ਰਾਨਿਕਸ ਡਿਵਾਈਸ ਨਹੀਂ ਲੈ ਕੇ ਜਾ ਸਕਦਾ। ਸਿਰਫ਼ ਕੇਂਦਰ ਸੁਪਰਡੈਂਟ, ਆਬਜ਼ਰਵਰ, ਫਲਾਇੰਗ ਸਕੁਐਡ ਨੂੰ ਪ੍ਰੀਖਿਆ ਕੇਂਦਰ ਵਿਚ ਮੋਬਾਇਲ ਲਿਜਾਣ ਦੀ ਇਜਾਜ਼ਤ ਹੋਵੇਗੀ। ਕੋਈ ਅਧਿਆਪਕ ਪ੍ਰੀਖਿਆ ਕੇਂਦਰ ਵਿਚ ਮੋਬਾਇਲ/ਇਲੈਕਟ੍ਰਾਨਿਕ ਡਿਵਾਈਸ ਲੈ ਕੇ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਵਿਭਾਗੀ ਕਾਰਵਾਈ ਸਬੰਧੀ ਅਥਾਰਿਟੀ ਨੂੰ ਲਿਖਿਆ ਜਾਵੇਗਾ। ਜੇਕਰ ਕੋਈ ਪ੍ਰੀਖਿਆਰਥੀ ਪ੍ਰੀਖਿਆ ਕੇਂਦਰ ਵਿਚ ਮੋਬਾਇਲ, ਇਲੈਕਟ੍ਰਾਨਿਕ ਡਿਵਾਈਸ ਲੈ ਕੇ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਯੋਗ ਸਾਧਨਾਂ ਦੀ ਵਰਤੋਂ ਕਰਨ ਤਹਿਤ ਕੇਸ ਦਰਜ ਕੀਤਾ ਜਾਵੇਗਾ।

ਪ੍ਰਸ਼ਨ ਪੱਤਰ ਦੇ ਪੈਕੇਟ ਦੀ ਸੀਲ ਟੁੱਟੀ ਮਿਲੇ ਤਾਂ ਤੁਰੰਤ ਦੇਣੀ ਹੋਵੇਗੀ ਸੂਚਨਾ
ਪ੍ਰਸ਼ਨ ਪੱਤਰਾਂ ਨੂੰ ਲੈ ਕੇ ਵੀ ਪੀ. ਐੱਸ. ਈ. ਬੀ. ਨੇ ਦੋ-ਟੁੱਕ ਕਿਹਾ ਕਿ ਕਿਸੇ ਵੀ ਊਣਤਾਈ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਲਈ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ਨ ਪੱਤਰ ਕਲਾਸ ਵਾਈਜ਼ ਬਹੁਤ ਹੀ ਧਿਆਨ ਨਾਲ ਪਹਿਲੇ ਡੇਟਸ਼ੀਟ ਤੋਂ ਦਰਜ ਵਿਸ਼ੇ/ਕੋਡ ਨੰਬਰ ਅਤੇ ਤਾਰੀਖ਼ ਮੁਤਾਬਕ ਪ੍ਰੀਖਿਆ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਕੇਂਦਰ ਕੰਟਰੋਲਰ ਦੇ ਦਸਤਖ਼ਤਾਂ ਸਮੇਤ ਰਿਸੀਵਿੰਗ ਦੇਣ ਉਪਰੰਤ ਪ੍ਰਾਪਤ ਕੀਤੇ ਜਾਣ। ਬੋਰਡ ਨੇ ਕਿਹਾ ਕਿ ਕੇਂਦਰ ਕੰਟਰੋਲਰ ਤੋਂ ਪ੍ਰਸ਼ਨ ਪੱਤਰਾਂ ਦੇ ਪੈਕਟ ਸੀਲ ਚੈੱਕ ਕਰਕੇ ਪ੍ਰਾਪਤ ਕੀਤੇ ਜਾਣ। ਜੇਕਰ ਕਿਸੇ ਪੈਕਟ ਦੀ ਸੀਲ ਟੁੱਟੀ ਹੋਈ ਮਿਲੇ ਤਾਂ ਤੁਰੰਤ ਬੋਰਡ ਦੇ ਧਿਆਨ ਵਿਚ ਲਿਆਂਦਾ ਜਾਵੇ। ਪ੍ਰਸ਼ਨ ਪੱਤਰਾਂ ਦੇ ਸੀਲ ਬੰਦ ਪੈਕਟ ਖੋਲ੍ਹਣ ਦੇ ਸਮੇਂ ਪੈਕਟ ’ਤੇ ਸਮਾਂ ਦਰਜ ਕਰਕੇ ਦਸਤਾਖ਼ਤਾਂ ਦੇ ਨਾਲ ਡਿਪਟੀ ਸੁਪਰਡੈਂਟ ਅਤੇ 2-2 ਨਿਰੀਖਕਾਂ ਦੇ ਦਸਤਖ਼ਤ ਯਕੀਨੀ ਬਣਾਏ ਜਾਣ।

ਇਹ ਵੀ ਪੜ੍ਹੋ : 'ਟੋਪੀ' ਪਹਿਨਣ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਮੰਗੀ ਮੁਆਫ਼ੀ

ਸੁਪਰਡੈਂਟਾਂ ਦੇ ਲਈ ਇਹ ਹਨ ਦਿਸ਼ਾ ਨਿਰਦੇਸ਼ :
-ਕਿਸੇ ਵੀ ਪ੍ਰੀਖਿਆਰਥੀ ਨੂੰ ਰੋਲ ਨੰਬਰ ਸਲਿੱਪ ਤੋਂ ਬਿਨਾਂ ਪ੍ਰੀਖਿਆ ਕੇਂਦਰ ਵਿਚ ਨਹੀਂ ਮਿਲੇਗੀ ਐਂਟਰੀ
-ਕੋਵਿਡ-19 ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਕਰਨੀ ਪਵੇਗੀ ਪਾਲਣਾ
-ਇਕ ਤੋਂ ਵੱਧ ਪ੍ਰੀਖਿਆਰਥੀ ਪਾਣੀ ਪੀਣ ਜਾਂ ਹੱਥ ਧੋਣ ਬਾਥਰੂਮ ਵਿਚ ਨਾ ਜਾਣ।
-ਵਿਦਿਆਰਥੀ ਅਪਾਣੀ ਕੋਈ ਵੀ ਚੀਜ਼ ਇਕ-ਦੂਜੇ ਨਾਲ ਸਾਂਝੀ ਨਾ ਕਰਨ।
-ਵਿਸ਼ੇ ਸਬੰਧਤ ਅਧਿਆਪਕ ਦੀ ਡਿਊਟੀ ਪ੍ਰੀਖਿਆ ਕੇਂਦਰ ਵਿਚ ਨਾ ਲੱਗੇ।
-ਕੇਂਦਰ ਕੰਟ੍ਰੋਲਰ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ।
-ਗਰਾਊਂਡ ਫਲੋਰ ’ਤੇ ਹੀ ਹੋਣੇ ਚਾਹੀਦੇ ਹਨ ਪ੍ਰੀਖਿਆ ਕੇਂਦਰ।
-ਆਂਸਰਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇ ਅਤੇ ਪ੍ਰਸ਼ਨ ਪੱਤਰ ਬਾਅਦ ਵਿਚ ਵੰਡੇ ਜਾਣਗੇ।
-ਪ੍ਰੀਖਿਆ ਕੇਂਦਰ ਦੇ ਆਸ-ਪਾਸ ਧਾਰਾ–144 ਲਗਾਉਣ ਲਈ ਪ੍ਰਸ਼ਾਸਨ ਦੀ ਮਦਦ ਲਈ ਜਾਵੇ।
-ਡਿਊਟੀ ’ਤੇ ਤਾਇਨਾਤ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ।

ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News