ਘੱਲੂਘਾਰਾ ਦਿਵਸ ਸਬੰਧੀ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, ਪੈਰਾ-ਮਿਲਟਰੀ ਫ਼ੋਰਸ ਦੀਆਂ 2 ਕੰਪਨੀਆਂ ਕੀਤੀਆਂ ਤਾਇਨਾਤ
Friday, May 20, 2022 - 01:34 PM (IST)
ਜਲੰਧਰ (ਸੁਧੀਰ)– ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਮੁਲਜ਼ਮਾਂ 'ਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਹਨ। 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿਚ ਚੌਕਸੀ ਹੋਰ ਵਧਾਉਣ ਲਈ ਪੁਲਸ ਕਮਿਸ਼ਨਰ (ਸੀ. ਪੀ.) ਗੁਰਪ੍ਰੀਤ ਸਿੰਘ ਤੂਰ ਅਤੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਵੀਰਵਾਰ ਕਮਿਸ਼ਨਰ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਚ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਚੌਕਸੀ ਹੋਰ ਵਧਾਉਣ ਦੇ ਹੁਕਮ ਦਿੱਤੇ।
ਸੀ. ਪੀ. ਗੁਰਪ੍ਰੀਤ ਸਿੰਘ ਤੂਰ ਅਤੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਕਾਰਨ ਸ਼ਹਿਰ ਵਿਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਪੈਰਾ-ਮਿਲਟਰੀ ਫ਼ੋਰਸ ਦੀਆਂ 2 ਕੰਪਨੀਆਂ ਸ਼ਹਿਰ ਵਿਚ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਅਤੇ ਪੈਰਾ-ਮਿਲਟਰੀ ਫ਼ੋਰਸ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਪੈਰਾ-ਮਿਲਟਰੀ ਫ਼ੋਰਸ ਦੀਆਂ 2 ਕੰਪਨੀਆਂ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ। ਸੀ. ਪੀ. ਨੇ ਦੱਸਿਆ ਕਿ ਇਕ ਕੰਪਨੀ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਅਤੇ ਦੂਜੀ ਏ. ਡੀ. ਸੀ. ਪੀ. ਸਿਟੀ-2 ਹਰਪਾਲ ਸਿੰਘ ਦੀ ਅਗਵਾਈ ਵਿਚ ਸ਼ਹਿਰ ਵਿਚ ਨਾਕਾਬੰਦੀ ਕਰੇਗੀ। ਇਸ ਤੋਂ ਇਲਾਵਾ ਪੈਰਾ-ਮਿਲਟਰੀ ਫੋਰਸ ਦੀਆਂ ਦੋਵੇਂ ਕੰਪਨੀਆਂ ਏ. ਡੀ . ਸੀ. ਪੀ. ਰੈਂਕ ਦੇ ਦੋਵਾਂ ਅਧਿਕਾਰੀਆਂ ਦੀ ਅਗਵਾਈ ਵਿਚ ਰੋਜ਼ਾਨਾ ਸ਼ਹਿਰ ਦੇ ਅੰਦਰੂਨੀ ਤੇ ਹੋਰ ਹਿੱਸਿਆਂ ਵਿਚ ਪੁਲਸ ਫੋਰਸ ਨਾਲ ਫਲੈਗ ਮਾਰਚ ਕੱਢਣਗੀਆਂ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ ਚਾਹੀਦਾ ਸੀ
ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ 42 ਥਾਵਾਂ ’ਤੇ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਘੱਲੂਘਾਰਾ ਦਿਵਸ ਨਜ਼ਦੀਕ ਆਉਂਦੇ ਹੀ ਸ਼ਹਿਰ ਵਿਚ ਨਾਕਾਬੰਦੀ ਅਤੇ ਰਾਤ ਨੂੰ ਵੀ ਚੌਕਸੀ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਵੀ ਪੁਲਸ ਪੈਰਾ-ਮਿਲਟਰੀ ਫੋਰਸ ਨਾਲ ਨਾਕਾਬੰਦੀ ਕਰ ਕੇ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖ ਕੇ ਉਨ੍ਹਾਂ ਦੀ ਨਕੇਲ ਕੱਸੇਗੀ। ਇਸ ਤੋਂ ਇਲਾਵਾ ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਸਾਰੇ ਮੁਲਾਜ਼ਮਾਂ ਅਤੇ ਪੀ. ਸੀ. ਆਰ. ਕਰਮਚਾਰੀਆਂ ਨੂੰ ਰਾਤ ਨੂੰ ਸ਼ਹਿਰ ਵਿਚ ਦਾਖਲ ਹੋਣ ਵਾਲੇ ਦੂਜੇ ਸੂਬਿਆਂ ਦੇ ਵਾਹਨਾਂ ਅਤੇ ਦੇਰ ਰਾਤ ਬਿਨਾਂ ਵਜ੍ਹਾ ਸੜਕਾਂ ’ਤੇ ਘੁੰਮ ਰਹੇ ਵਾਹਨ ਚਾਲਕਾਂ ਕੋਲੋਂ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ ਗਏ ਹਨ। ਸੀ. ਪੀ. ਨੇ ਮੀਟਿੰਗ ਵਿਚ ਸਾਰੇ ਅਧਿਕਾਰੀਆਂ ਨੂੰ ਦੇਰ ਰਾਤ ਤੱਕ ਖੁਦ ਫੀਲਡ ਵਿਚ ਰਹਿ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਨੂੰ ਕਿਹਾ।
ਸੀ. ਪੀ. ਨੇ ਕਿਹਾ ਕਿ ਉਹ ਖੁਦ ਵੀ ਦੇਰ ਰਾਤ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫੀਲਡ ਵਿਚ ਨਿਕਲ ਰਹੇ ਹਨ। ਉਨ੍ਹਾਂ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡਿਊਟੀ ਦੌਰਾਨ ਕੋਈ ਵੀ ਲਾਪ੍ਰਵਾਹੀ ਵਰਤਦਾ ਫੜਿਆ ਗਿਆ ਤਾਂ ਉਸ ਨੂੰ ਸਿੱਧਾ ਸਸਪੈਂਡ ਕੀਤਾ ਜਾਵੇਗਾ। ਮੀਟਿੰਗ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ, ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ, ਏ. ਡੀ. ਸੀ. ਪੀ. ਸਿਟੀ-2 ਹਰਪਾਲ ਸਿੰਘ, ਏ. ਡੀ. ਸੀ. ਪੀ. ਵਤਸਲਾ ਗੁਪਤਾ, ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਬੈਨੀਪਾਲ ਅਤੇ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਸਮਾਰਟ ਬਣਾਉਣ ਦੀ ਤਿਆਰੀ, ਹੁਣ ਮੋਬਾਇਲ ਐਪ ਜ਼ਰੀਏ ਮਿਲੇਗੀ ਜਾਣਕਾਰੀ
ਡੀ. ਜੀ. ਪੀ. ਅਧਿਕਾਰੀਆਂ ਨਾਲ ਕਰਨਗੇ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਸਬੰਧੀ ਮੀਟਿੰਗ
ਘੱਲੂਘਾਰਾ ਦਿਵਸ ਦੇ ਮੌਕੇ ’ਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡੀ. ਜੀ. ਪੀ. ਵੀ. ਕੇ. ਭਾਂਵਰਾ ਨੇ ਪੰਜਾਬ ਭਰ ਦੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਸਮੇਤ ਸਾਰੇ ਅਧਿਕਾਰੀਆਂ ਨੂੰ ਸੂਬੇ ਵਿਚ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਸੂਬੇ ਵਿਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੈਰਾ-ਮਿਲਟਰੀ ਫ਼ੋਰਸ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਅਤੇ ਸੂਬੇ ਭਰ ਦੇ ਅਧਿਕਾਰੀਆਂ ਨੂੰ ਪੈਰਾ-ਮਿਲਟਰੀ ਫ਼ੋਰਸ ਅਤੇ ਪੁਲਸ ਮੁਲਾਜ਼ਮਾਂ ਨਾਲ ਨਾਕਾਬੰਦੀ ਅਤੇ ਫਲੈਗ ਮਾਰਚ ਕੱਢਣ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੰਜਾਬ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਾਂਵਰਾ ਵੀ 20 ਮਈ ਨੂੰ ਸ਼ਹਿਰ ਵਿਚ ਪਹੁੰਚ ਰਹੇ ਹਨ ਅਤੇ ਪੰਜਾਬ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਸਿੱਧੂ ਦਾ ਟਵੀਟ, ਕਿਹਾ-ਅਦਾਲਤ ਦਾ ਫ਼ੈਸਲਾ ਸਿਰ ਮੱਥੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ