ਨਕਲੀ ਕੀਟਨਾਸ਼ਕ ਦਵਾਈ ਵੇਚਣ ਵਾਲੇ ਡੀਲਰਾਂ ਖਿਲਾਫ ਕੀਤੀ ਜਾਵੇ ਸਖਤ ਕਾਰਵਾਈ : ਐਮ.ਪੀ.ਸਿੰਘ
Friday, Aug 11, 2017 - 10:17 PM (IST)

ਫਾਜ਼ਿਲਕਾ/ਜਲਾਲਾਬਾਦ(ਸੇਤੀਆ)— ਸਹਾਇਕ ਚੀਫ ਸੈਕਟਰੀ ਸ੍ਰੀ.ਐਮ.ਪੀ. ਸਿੰਘ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਸੈਦਾਂ ਵਾਲੀ ਤੇ ਉਸਮਾਨ ਖੇੜਾ ਦਾ ਦੌਰਾ ਕਰਕੇ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਪਹਿਲਾਂ ਸੀ-ਫੈਟ ਅਬੋਹਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸਹਾਇਕ ਚੀਫ ਸੈਕਟਰੀ ਅਤੇ ਟੀਮ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਕਿਸਾਨਾਂ ਨੂੰ ਚਿੱਟੀ ਮੱਖੀ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਸਪੈਸ਼ਲ ਸੈਕਟਰੀ ਸ਼੍ਰੀ ਵਿਕਾਸ ਗਰਗ, ਕਮਿਸ਼ਨਰ ਖੇਤੀਬਾੜੀ ਸ. ਬਲਵਿੰਦਰ ਸਿੰਘ ਸੰਧੂ, ਡਾਇਰੈਕਟਰ ਖੇਤੀਬਾੜੀ ਸ਼੍ਰੀ ਜੇ ਐਸ ਬੈਨਸ, ਜੁਆਇੰਟ ਡਾਇਰੈਕਟਰ ਸ. ਸੁਖਦੇਵ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸ. ਬਿਅੰਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਸਹਾਇਕ ਚੀਫ ਸੈਕਟਰੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਗੋਂ ਚਿੱਟੀ ਮੱਖੀ ਦੀ ਸਮੱਸਿਆ ਜ਼ਿਆਦਾ ਨਹੀਂ ਜਿੰਨੀ ਪਾਣੀ ਦੀ ਘਾਟ ਦੀ ਸਮੱਸਿਆ ਹੈ। ਉਨ੍ਹਾਂ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਸਬੰਧੀ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਨ ਦੇ ਪਾਣੀ ਦੀ ਵਰਤੋਂ ਕਰਨ ਦੀ ਬਜਾਏ ਨਹਿਰੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਨੇ ਖੇਤੀਬਾੜੀ ਅਫਸਰ ਨੂੰ ਹਦਾਇਤ ਦਿੱਤੀ ਕਿ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਕੈਂਪ ਆਦਿ ਲਗਾ ਕੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੇ 20 ਦਿਨਾਂ ਦੌਰਾਨ ਫਸਲ 'ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਫਸਲ 'ਤੇ ਸਪਰੇਅ ਸਵੇਰੇ 12 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਸਾਨਾਂ ਨੂੰ ਹੋਰ ਅਪੀਲ ਕੀਤੀ ਹੈ ਕਿ ਡੀਲਰਾਂ ਕੋਲੋਂ ਦਵਾਈ, ਸਪਰੇਅ ਆਦਿ ਖਰੀਦਣ ਤੇ ਪੱਕਾ ਬਿਲ ਜ਼ਰੂਰ ਲਿਆ ਜਾਵੇ, ਜੇਕਰ ਕੋਈ ਪੱਕਾ ਬਿਲ ਦੇਣ ਤੋਂ ਮਨਾਹੀ ਕਰਦਾ ਹੈ ਤਾਂ ਤੁਰੰਤ ਉਸ ਖਿਲਾਫ ਖੇਤੀਬਾੜੀ ਵਿਭਾਗ ਨੂੰ ਦੱਸਿਆ ਜਾਵੇ।
ਸਹਾਇਕ ਚੀਫ ਸੈਕਟਰੀ ਨੇ ਖੇਤੀਬਾੜੀ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਨਕਲੀ ਦਵਾਈਆਂ ਵੇਚਣ ਵਾਲਿਆਂ ਡੀਲਰਾਂ ਵੱਲ ਖਾਸ ਧਿਆਨ ਰੱਖਿਆ ਜਾਵੇ ਤੇ ਜੇਕਰ ਕੋਈ ਨਕਲੀ ਦਵਾਈਆਂ ਵੇਚਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਖੇਤੀਬਾੜੀ ਵਿਭਾਗ ਟੀਮ ਵੱਲੋਂ ਪਿੰਡ ਸੈਂਦਾਂ ਵਾਲੀ ਤੇ ਉਮਸਾਨ ਖੇੜਾ ਵਿਖੇ ਨਰਮਾਂ ਦੀ ਫਸਲਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਕਿਸਾਨਾਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਐਸ.ਡੀ.ਐਮ. ਅਬੋਹਰ ਮਿਸ ਪੂਨਮ ਸਿੰਘ , ਐਸ.ਪੀ ਅਬੋਹਰ ਸ. ਅਮਰਜੀਤ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਅਧਿਕਾਰੀ ਮੌਜੂਦ ਸਨ।