ਬਰਡ ਫਲੂ ਦੇ ਖਤਰੇ ਨੂੰ ਦੇਖਦਿਆਂ ਪੰਜਾਬ ’ਚ ਪੰਛੀਆਂ ’ਤੇ ਸਖ਼ਤ ਨਿਗਰਾਨੀ ਦੇ ਹੁਕਮ
Friday, Jan 08, 2021 - 02:34 PM (IST)
ਚੰਡੀਗੜ੍ਹ (ਅਸ਼ਵਨੀ : ਹਿਮਾਚਲ ’ਚ ਬਰਡ ਫਲੂ ਦੀ ਪੁਸ਼ਟੀ ’ਤੇ ਹਰਿਆਣਾ ’ਚ ਲੱਖਾਂ ਮੁਰਗੀਆਂ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ’ਚ ਪੰਛੀਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਪਸ਼ੂ ਪਾਲਣ ਮਹਿਕਮਾ, ਖੇਤੀ ਮਹਿਕਮਾ, ਵਣ ਤੇ ਵਣਜੀਵ ਮਹਿਕਮੇ ਸਮੇਤ ਤਮਾਮ ਸਰਕਾਰੀ ਮਹਿਕਮਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਜਗ੍ਹਾ ’ਤੇ ਅਚਾਨਕ ਪੰਛੀਆਂ ਦੀ ਮੌਤ ’ਤੇ ਤੁਰੰਤ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਅਧਿਕਾਰੀਆਂ ਨੂੰ ਸੂਬੇ ਵਿਚ ਕਿਸੇ ਵੀ ਪੰਛੀ ਦੀ ਗ਼ੈਰ-ਮਾਮੂਲੀ ਮੌਤ ਦਾ ਪਤਾ ਲਗਾਉਣ ਲਈ ਪੂਰੀ ਤਰ੍ਹਾਂ ਅਲਰਟ ਰਹਿਣ ਅਤੇ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ। ਮਹਾਜਨ ਨੇ ਸ਼ੱਕੀ ਬਰਡ ਫਲੂ ਦੇ ਮਾਮਲਿਆਂ ਦੇ ਨਮੂਨੇ, ਪ੍ਰੀਖਿਆ ਅਤੇ ਨਿਗਰਾਨੀ ਨੂੰ ਵਧਾਉਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਉੱਤਰ ਤੋਂ ਦੱਖਣ ਤੱਕ ਬਰਡ ਫਲੂ ਦੀ ਦਹਿਸ਼ਤ, ਹਰਕਤ ’ਚ ਸਰਕਾਰਾਂ
ਪੁਲਸ ਤੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਮਹਿਕਮੇ ਨੂੰ ਖੇਤਰ ’ਤੇ ਤੇਜ਼ ਨਜ਼ਰ ਰੱਖਣ ਦੀ ਹਿਦਾਇਤ
ਪੁਲਸ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮਹਿਕਮੇ ਨੂੰ ਆਪੋ-ਆਪਣੇ ਖੇਤਰਾਂ ਵਿਚ ਪੈਣੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਮੁੱਖ ਸਕੱਤਰ ਨੇ ਕਿਹਾ ਕਿ ਜੇਕਰ ਪੋਲਟਰੀ ਜਾਂ ਹੋਰ ਪੰਛੀਆਂ ਦੀ ਸਮੂਹਿਕ ਮੌਤ ਦਾ ਮਾਮਲਾ ਸਾਹਮਣਾ ਆਉਂਦਾ ਹੈ ਤਾਂ ਉਹ ਇਸ ਸਬੰਧੀ ਤੁਰੰਤ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮਹਿਕਮੇ ਕੋਲ ਰਿਪੋਰਟ ਕਰਨ।
ਇਹ ਵੀ ਪੜ੍ਹੋ : ਸਮੂਹ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਹੱਕ ’ਚ ਕੱਢਿਆ ਗਿਆ ਟਰੈਕਟਰ ਮਾਰਚ
ਦੱਸ ਦਈਏ ਕਿ ਪਿਛਲੇ ਸਾਲ ਦੁਨੀਆ ਭਰ ’ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਫੈਲਣ ਤੋਂ ਬਾਅਦ 2021 ਦੀ ਸ਼ੁਰੂਅਾਤ ਬਰਡ ਫਲੂ ਦੀ ਦਸਤਕ ਨਾਲ ਹੋਈ ਹੈ। ਦੇਸ਼ ਦੇ 6 ਰਾਜਾਂ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਕੇਰਲਾ, ਹਰਿਅਾਣਾ ਅਤੇ ਹਿਮਾਚਲ ਪ੍ਰਦੇਸ਼ ’ਚ ਪੰਛੀਅਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਰਾਜਾਂ ਦੀਅਾਂ ਸਰਕਾਰਾਂ ਅਲਰਟ ’ਤੇ ਹਨ। ਮੱਧ ਪ੍ਰਦੇਸ਼ ’ਚ ਮਾਰੇ ਗਏ ਕਾਵਾਂ ਵਿਚ ਬਰਡ ਫਲੂ ਦਾ ਵਾਇਰਸ ਮਿਲਿਅਾ ਹੈ। ਪੰਛੀਅਾਂ ਦੇ ਮਰਨ ਤੋਂ ਬਾਅਦ ਮਰੇ ਪੰਛੀਅਾਂ ਦੇ ਸਨਿਪਲਸ ਲੈਬ ’ਚ ਭੇਜੇ ਜਾ ਰਹੇ ਹਨ ਅਤੇ ਮੌਤਾਂ ਦੇ ਕਾਰਣਾਂ ਦਾ ਪਤਾ ਲਾਇਅਾ ਜਾ ਰਿਹਾ ਹੈ। ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਮ੍ਰਿਤਕ ਪੰਛੀਅਾਂ ’ਚੋਂ ਇਕ ਵੀ ਮਾਮਲਾ ਸੰਗਠਿਤ ਪੋਲਟਰੀ ਉਦਯੋਗ ਨਾਲ ਜੁੜਿਅਾ ਨਹੀਂ ਹੈ ਅਤੇ ਕੋਈ ਵੀ ਮੁਰਗਾ ਅਤੇ ਮੁਰਗੀ ਇਸ ਵਾਇਰਸ ਨਾਲ ਨਹੀਂ ਮਰੀ ਹੈ। ਇਨਸਾਨਾਂ ’ਚ ਇਹ ਵਾਇਰਸ ਮੁੱਖ ਤੌਰ ’ਤੇ ਮੁਰਗਿਅਾਂ ਤੇ ਮੁਰਗੀਅਾਂ ਰਾਹੀਂ ਹੀ ਪਹੁੰਚਦਾ ਹੈ ਅਤੇ ਸਭ ਤੋਂ ਪਹਿਲਾਂ ਪੋਲਟਰੀ ਉਦਯੋਗ ’ਚ ਕੰਮ ਕਰਨ ਵਾਲੇ ਲੋਕ ਇਸ ਵਾਇਰਸ ਦੇ ਪ੍ਰਭਾਵ ਵਿਚ ਅਾਉਂਦੇ ਹਨ ਅਤੇ ਬਾਅਦ ਵਿਚ ਚਿਕਨ ਦੇ ਉਪਭੋਗਤਾ ਵੀ ਇਸਦੀ ਲਪੇਟ ’ਚ ਅਾ ਜਾਂਦੇ ਹਨ।
ਇਹ ਵੀ ਪੜ੍ਹੋ : ਤੀਰ ਅੰਦਾਜ਼ੀ ’ਚ ਸੋਨ ਤਮਗਾ ਜਿੱਤਣ ’ਤੇ ਪ੍ਰਭਜੋਤ ਕੌਰ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ