ਤਬਾਦਲਿਆਂ ''ਚ ਪਾਰਦਰਸ਼ਿਤਾ ਬਣਾਈ ਰੱਖਣ ਲਈ ਮੁੱਖ ਮੰਤਰੀ ਦੇ ਸਖਤ ਨਿਰਦੇਸ਼
Wednesday, Mar 21, 2018 - 01:07 AM (IST)

ਜਲੰਧਰ (ਧਵਨ) - ਪੰਜਾਬ 'ਚ ਸਰਕਾਰੀ ਅਧਿਕਾਰੀਆਂ ਅਤੇ ਵਰਕਰਾਂ ਦੀ ਤਬਦੀਲੀ 30 ਅਪ੍ਰੈਲ ਤਕ ਹੋ ਸਕਦੀ ਹੈ। ਪੰਜਾਬ 'ਚ ਸਰਕਾਰ ਵਲੋਂ ਤਿਆਰ ਕੀਤੀਆਂ ਗਈਆਂ ਨਵੀਆਂ ਤਬਾਦਲਾ ਨੀਤੀਆਂ ਤਹਿਤ ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਦਰਸ਼ਿਤਾ ਬਣਾਈ ਰੱਖਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੀ ਪਾਲਣਾ ਸਾਰੇ ਵਿਭਾਗਾਂ ਨੂੰ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਰੇ ਵਿਭਾਗਾਂ ਨੂੰ ਸਿੱਖਿਆ ਵਿਭਾਗ ਵਲੋਂ ਅਮਲ 'ਚ ਲਿਆਂਦੀ ਜਾ ਰਹੀ ਆਨਲਾਈਨ ਤਬਦੀਲੀ ਨੀਤੀ ਵਲ ਧਿਆਨ ਦੇਣ ਲਈ ਕਿਹਾ ਗਿਆ ਹੈ, ਜਿਸ 'ਚ ਪਾਰਦਰਸ਼ਿਤਾ ਬਣਾਈ ਰੱਖਣ ਲਈ ਸਾਰਾ ਕੰਮ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਨਾਲ ਦੋਸ਼-ਪ੍ਰਤੀਦੋਸ਼ ਦਾ ਦੌਰ ਖਤਮ ਹੋ ਜਾਵੇਗਾ। ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਪਿਛਲੀਆਂ ਕੈਬਨਿਟ ਬੈਠਕਾਂ 'ਚ ਤਬਦੀਲੀ ਨੀਤੀ ਨੂੰ ਪਾਰਦਰਸ਼ੀ ਰੱਖਣ ਲਈ ਵਿਸ਼ੇਸ਼ ਰੂਪ ਨਾਲ ਜ਼ੋਰ ਦਿੱਤਾ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਅਮਰਿੰਦਰ ਸਰਕਾਰ ਨੇ ਆਪਣੇ ਸਾਰੇ ਸਰਕਾਰੀ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਵਿਭਾਗ ਤੋਂ ਸੰਬੰਧਤ ਤਬਾਦਲਾ ਨੀਤੀ ਨੂੰ ਤਿਆਰ ਕਰਕੇ ਵਿਭਾਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰੇ ਅਤੇ ਇਤਰਾਜ਼ਾਂ ਅਤੇ ਟਿੱਪਣੀਆਂ 'ਤੇ ਗੌਰ ਕਰਨ ਤੋਂ ਬਾਅਦ ਸੰਬੰਧਤ ਤਬਾਦਲਾ ਨੀਤੀ ਨੂੰ 30 ਅਪ੍ਰੈਲ ਤਕ ਲਾਗੂ ਕਰ ਕਰਨ। ਇਸ ਲਈ ਸੰਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਵਿਸ਼ੇਸ਼ ਰੂਪ ਨਾਲ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਸਾਰੇ ਸਰਕਾਰੀ ਵਿਭਾਗਾਂ ਨੂੰ ਪੱਤਰ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ। ਪੱਤਰ ਦੀ ਕਾਪੀ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੇ ਮੁੱਖ ਪ੍ਰਧਾਨ ਸਕੱਤਰ ਅਤੇ ਹੋਰ ਵਿਭਾਗਾਂ ਦੇ ਪ੍ਰਧਾਨ ਸਕੱਤਰਾਂ ਨੂੰ ਭੇਜੀ ਗਈ ਹੈ।