ਲੁਧਿਆਣਾ ''ਚ ਪੜ੍ਹਾਈ ਦੇ ਤਣਾਅ ਨੇ ਲਈ ਵਿਦਿਆਰਥਣ ਦੀ ਜਾਨ
Thursday, May 28, 2026 - 11:39 PM (IST)
ਲੁਧਿਆਣਾ (ਰਾਜ) : ਮਹਾਨਗਰ ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੜ੍ਹਾਈ ਦੇ ਤਣਾਅ ਕਾਰਨ ਮਹਿਜ਼ 14 ਸਾਲ ਦੀ ਮਾਸੂਮ ਵਿਦਿਆਰਥਣ ਨੇ ਮੌਤ ਦਾ ਰਸਤਾ ਚੁਣਦਿਆਂ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਹਾਨਾ ਮੌਰਿਆ ਵਜੋਂ ਹੋਈ ਹੈ। ਸੁਹਾਨਾ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਪਿਛਲੇ 25 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਸੀ।
ਇਹ ਘਟਨਾ ਸ਼ਾਮ ਕਰੀਬ 4:00 ਵਜੇ ਦੀ ਦੱਸੀ ਜਾ ਰਹੀ ਹੈ। ਜਦੋਂ ਸੁਹਾਨਾ ਦਾ ਪਿਤਾ ਕੰਮ ਤੋਂ ਵਾਪਸ ਘਰ ਪਰਤਿਆ, ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਅਣਹੋਣੀ ਦੇ ਖਦਸ਼ਾ ਦੇ ਚੱਲਦਿਆਂ ਪਿਤਾ ਨੇ ਆਪਣੇ ਛੋਟੇ ਬੇਟੇ ਨੂੰ ਖਿੜਕੀ ਰਾਹੀਂ ਅੰਦਰ ਭੇਜਿਆ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਸੁਹਾਨਾ ਫਾਹੇ 'ਤੇ ਲਟਕ ਰਹੀ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸੀ.ਐਮ.ਸੀ. (CMC) ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਹਾਨਾ ਆਪਣੇ ਤਿੰਨ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ 'ਤੇ ਸੀ ਅਤੇ ਪੂਰੇ ਘਰ ਦੀ ਲਾਡਲੀ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਸੁਹਾਨਾ ਪੜ੍ਹਾਈ ਵਿੱਚ ਥੋੜ੍ਹੀ ਕਮਜ਼ੋਰ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਰਹਿੰਦੀ ਸੀ। ਉਹ ਅਕਸਰ ਸਕੂਲ ਜਾਣ ਤੋਂ ਛੁੱਟੀਆਂ ਕਰ ਲੈਂਦੀ ਸੀ। ਹਾਲਾਂਕਿ ਪਰਿਵਾਰ ਅਤੇ ਸਕੂਲ ਦੇ ਅਧਿਆਪਕ ਉਸ ਨੂੰ ਮਨ ਲਗਾ ਕੇ ਪੜ੍ਹਨ ਲਈ ਪ੍ਰੇਰਿਤ ਕਰਦੇ ਸਨ, ਪਰ ਸ਼ਾਇਦ ਪੜ੍ਹਾਈ ਦਾ ਬੋਝ ਉਸ ਦੇ ਕੋਮਲ ਮਨ 'ਤੇ ਇੰਨਾ ਹਾਵੀ ਹੋ ਗਿਆ ਕਿ ਉਸ ਨੇ ਜ਼ਿੰਦਗੀ ਤੋਂ ਹਾਰ ਮੰਨ ਲਈ। ਸਥਾਨਕ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
