ਮੋਗਾ ਵਾਸੀਆਂ ਨੂੰ ਮਿਲੇਗੀ ਆਵਾਰਾ ਕੁੱਤਿਆਂ ਤੋਂ ਨਿਜ਼ਾਤ, ਨਿਗਮ ਨੇ ਕੀਤੀ ਖ਼ਾਸ ਅਪੀਲ
Thursday, Aug 20, 2020 - 10:29 AM (IST)
ਮੋਗਾ (ਗੋਪੀ ਰਾਊਕੇ) : ਸ਼ਹਿਰ 'ਚ ਘੁੰਮਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਨਗਰ ਨਿਗਮ ਮੋਗਾ ਨੇ ਅਜਿਹੇ ਕੁੱਤਿਆਂ ਦੀ ਨਸਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸ ਕੰਮ ਲਈ ਬੁੱਕਣ ਵਾਲਾ ਰੋਡ 'ਤੇ ਐਨੀਮਲ ਬਰਥ ਕੰਟਰੋਲ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੈਂਟਰ ਦਾ ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਨੇ ਉਦਘਾਟਨ ਕੀਤਾ।
ਦਰਸ਼ੀ ਨੇ ਦੱਸਿਆ ਕਿ ਇਸ ਕੰਮ ਲਈ ਮੱਧ ਪ੍ਰਦੇਸ਼ ਦੀ ਭਿੰਡੀ ਰਿਸ਼ੀ ਪਸ਼ੂ ਕੰਪਨੀ ਨਾਲ ਨਗਰ ਨਿਗਮ ਵੱਲੋਂ ਇਕਰਾਰ ਕੀਤਾ ਗਿਆ ਹੈ। ਇਕਰਾਰ ਤਹਿਤ ਕੰਪਨੀ ਵੱਲੋਂ ਸ਼ਹਿਰ 'ਚ ਘੁੰਮਦੇ ਆਵਾਰਾ ਕੁੱਤਿਆਂ ਨੂੰ ਫੜ੍ਹਿਆ ਜਾਇਆ ਕਰੇਗਾ ਅਤੇ ਨਸਬੰਦੀ ਕਰਨ ਉਪਰੰਤ ਮੁੜ ਉੱਥੇ ਹੀ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੈਂਟਰ 'ਚ 30 ਘੁਰਨੇ ਬਣਾਏ ਗਏ ਹਨ। ਕੰਪਨੀ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਕੁੱਤੇ ਫੜ੍ਹੇ ਜਾਣਗੇ।
ਉਨ੍ਹਾਂ ਮੁੜ ਅਪੀਲ ਕੀਤੀ ਕਿ ਉਹ ਆਪਣੇ ਕੁੱਤਿਆਂ ਦੇ ਗਲਾਂ 'ਚ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਏ ਟੋਕਣ ਲਗਾ ਕੇ ਰੱਖਣ ਤਾਂ ਜੋ ਭਵਿੱਖ 'ਚ ਕਿਸੇ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਨਸਬੰਦੀ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਦੀ ਪਰੇਸ਼ਾਨੀ ਤੋਂ ਨਿਜ਼ਾਤ ਮਿਲੇਗੀ। ਦਰਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੀ ਨਗਰ ਨਿਗਮ ਕੋਲ ਰਜਿਸਟਰੇਸ਼ਨ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਬਾਅਦ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।