ਪਰਾਲੀ ਪ੍ਰਬੰਧਨ : ਪੰਜਾਬ-ਹਰਿਆਣਾ ਤੋਂ ਬਾਅਦ ਰਾਜਸਥਾਨ ’ਚ ਪਲਾਂਟ ਲਾਉਣ ਦੀ ਤਿਆਰੀ

Friday, Nov 17, 2023 - 01:26 PM (IST)

ਪਰਾਲੀ ਪ੍ਰਬੰਧਨ : ਪੰਜਾਬ-ਹਰਿਆਣਾ ਤੋਂ ਬਾਅਦ ਰਾਜਸਥਾਨ ’ਚ ਪਲਾਂਟ ਲਾਉਣ ਦੀ ਤਿਆਰੀ

ਫਿਰੋਜ਼ਪੁਰ (ਪਰਮਜੀਤ ਕੌਰ ਸੋਢੀ) : ਸਰਹੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਪਰਾਲੀ ਪ੍ਰਬੰਧਨ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਐੱਸ.ਏ.ਈ.ਐੱਲ. ਕੰਪਨੀ ਦੀ ਵਿਸ਼ੇਸ਼ ਪਹਿਲ ਤਹਿਤ ਨਾਰਵੇ ਦੇ ਵਿਦੇਸ਼ ਮੰਤਰਾਲੇ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਐਨੀ ਬੀਥ ਟਵਿਨਰੈਮ ਦੀ ਅਗਵਾਈ ਹੇਠ ਇਕ ਵਿਸ਼ੇਸ਼ ਵਫ਼ਦ ਨੇ ਵੀਰਵਾਰ ਨੂੰ ਫਿਰੋਜ਼ਪੁਰ ਵਿਚ ਪਰਾਲੀ ਤੋਂ ਬਿਜਲੀ ਪੈਦਾ ਕਰਨ ਲਈ ਐੱਸ.ਏ.ਈ.ਐੱਲ. ਪਲਾਂਟ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਵਫ਼ਦ ਨੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਪਰਾਲੀ ਤੋਂ ਬਿਜਲੀ ਪੈਦਾ ਕਰਕੇ ਪ੍ਰਦੂਸ਼ਣ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

432 ਮੈਗਾਵਾਟ ਪ੍ਰਤੀ ਦਿਨ ਦੀ ਦਰ ਨਾਲ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ

ਨਾਰਵੇ ਦੇ ਵਫ਼ਦ ਨੂੰ ਜਾਣਕਾਰੀ ਦਿੰਦਿਆਂ ਐੱਸ.ਏ.ਈ.ਐੱਲ. ਦੇ ਸੀ.ਈ.ਓ ਲਕਸ਼ਿਤ ਆਵਲਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੰਨੋ ਸਥਿਤ ਪਲਾਂਟ ਵਿਚ 2011 ਤੋਂ ਬਿਜਲੀ ਉਤਪਾਦਨ ਸ਼ੁਰੂ ਕੀਤਾ ਸੀ ਅਤੇ ਫਿਰੋਜ਼ਪੁਰ ਅਤੇ ਜੈਤੋ ਪਲਾਂਟ ਵਿਚ 2019 ਵਿਚ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ 10 ਲੱਖ ਟਨ ਪਰਾਲੀ ਖਰੀਦ ਚੁੱਕੇ ਹਨ ਅਤੇ ਇੱਥੇ ਲਗਾਈ ਗਈ ਮਸ਼ੀਨਰੀ 18 ਮੈਗਾਵਾਟ ਪ੍ਰਤੀ ਘੰਟਾ ਅਤੇ 432 ਮੈਗਾਵਾਟ ਪ੍ਰਤੀ ਦਿਨ ਦੀ ਦਰ ਨਾਲ ਬਿਜਲੀ ਪੈਦਾ ਕਰਦੀ ਹੈ, ਜੋ ਕਿ 7,88,000 ਮੈਗਾਵਾਟ ਪ੍ਰਤੀ ਸਾਲ ਬਣਦੀ ਹੈ।

ਪਲਾਂਟ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪਰਾਲੀ ਸਾੜਨਾ ਬੰਦ ਹੋਇਆ

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਆਵਲਾ ਨੇ ਦੱਸਿਆ ਕਿ ਜਦੋਂ ਤੋਂ ਇੱਥੇ ਪਰਾਲੀ ਪ੍ਰਬੰਧਨ ਰਾਹੀਂ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਹੈ, ਉਦੋਂ ਤੋਂ ਨੇੜਲੇ ਕਈ ਪਿੰਡਾਂ ਵਿਚ ਪਰਾਲੀ ਸਾੜਨ ਦਾ ਕੰਮ ਬੰਦ ਹੋ ਗਿਆ ਹੈ ਅਤੇ ਲੋਕਾਂ ਵੱਲੋਂ ਪਰਾਲੀ ਨੂੰ ਸੰਭਾਲ ਕੇ ਫੈਕਟਰੀ ਵਿਚ ਬਿਜਲੀ ਪੈਦਾ ਕਰਨ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ 2 ਲੱਖ ਟਨ ਪਰਾਲੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰ ਰਹੇ ਹਨ। ਇਸ ਨਾਲ ਪ੍ਰਦੂਸ਼ਣ ਘਟ ਰਿਹਾ ਹੈ ਅਤੇ ਉਹ ਭਵਿੱਖ ਵਿੱਚ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਉਨ੍ਹਾਂ ਦੇ 3 ਪਲਾਂਟਾਂ ਵਿੱਚੋਂ ਫਿਰੋਜ਼ਪੁਰ ਅਤੇ ਜੈਤੋ ਵਿਚ 18 ਮੈਗਾਵਾਟ ਪ੍ਰਤੀ ਘੰਟਾ ਦੀ ਦਰ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੰਨੋ ਵਿਚ 15 ਮੈਗਾਵਾਟ ਪ੍ਰਤੀ ਘੰਟਾ ਦੀ ਦਰ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਪਿੰਡ ਜਲਖੇੜੀ ਵਿਚ 15 ਮੈਗਾਵਾਟ ਪ੍ਰਤੀ ਘੰਟਾ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਇਸੇ ਮਹੀਨੇ ਚਾਲੂ ਹੋ ਜਾਵੇਗਾ। ਉਸ ਨੇ ਦੱਸਿਆ ਕਿ ਉਨਾਂ ਦੇ ਹਰਿਆਣਾ ਵਿਚ ਕੁਰੂਕਸ਼ੇਤਰ ਅਤੇ ਕੈਥਲ ਵਿਚ ਵੀ ਦੋ ਪਲਾਂਟ ਚੱਲ ਰਹੇ ਹਨ ਜੋ 15-15 ਮੈਗਾਵਾਟ ਪ੍ਰਤੀ ਘੰਟਾ ਦੀ ਦਰ ਨਾਲ ਬਿਜਲੀ ਪੈਦਾ ਕਰ ਰਹੇ ਹਨ।

ਰਾਜਸਥਾਨ ਵਿਚ 6 ਪਲਾਂਟ ਲੱਗਣਗੇ, ਵਿਦੇਸ਼ੀ ਸਰਕਾਰਾਂ ਵੀ ਪ੍ਰਾਜੈਕਟਾਂ ਵਿਚ ਦਿਖਾ ਰਹੀਆਂ ਵਿਸ਼ੇਸ਼ ਦਿਲਚਸਪੀ

PunjabKesari

ਜਸਬੀਰ ਆਵਲਾ ਨੇ ਦੱਸਿਆ ਕਿ ਰਾਜਸਥਾਨ ਵਿਚ 6 ਪਲਾਂਟ ਲਗਾਉਣ ਦੀ ਤਿਆਰੀ ਚੱਲ ਰਹੀ ਹੈ, ਜੋ ਕਿ 15-15 ਮੈਗਾਵਾਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਪੂਲ ਵਿਚ ਬਿਜਲੀ ਜਮ੍ਹਾਂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਸਰਕਾਰਾਂ ਵੀ ਉਨ੍ਹਾਂ ਦੇ ਇਨ੍ਹਾਂ ਪਲਾਂਟਾਂ ਵਿਚ ਵਿਸ਼ੇਸ਼ ਦਿਲਚਸਪੀ ਦਿਖਾ ਰਹੀਆਂ ਹਨ, ਜਿਸ ਦੇ ਤਹਿਤ ਅਮਰੀਕਾ ਤੇ ਯੂਰਪ ਦੇ ਕਈ ਦੇਸ਼ ਵੀ ਭਾਰਤ ਵਿਚ ਨਿਵੇਸ਼ ਕਰ ਰਹੇ ਹਨ ਤੇ ਅੱਗੇ ਹੋਰ ਵੱਡੇ ਪੱਧਰ ’ਤੇ ਨਿਵੇਸ਼ ਕਰਨਾ ਚਾਹੁੰਦੇ ਹਨ। ਉਨਾਂ ਨੇ ਸਰਕਾਰ ਤੋਂ ਮੰਗ ਕਤੀ ਹੈ ਕਿ ਜੇਕਰ ਉਨ੍ਹਾਂ ਦੇ ਪ੍ਰਾਜੈਕਟ ਵਿਚ ਸਰਕਾਰ ਵਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਤਾਂ ਉਹ ਬਾਹਰੀ ਨਿਵੇਸ਼ ਦੇ ਨਾਲ-ਨਾਲ ਦੇਸ਼ ਦੇ ਅੰਦਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸਵੱਛ ਕਰਨ ਵਿਚ ਵੀ ਸਹਿਯੋਗ ਦੇਣਗੇ ਤੇ ਨਾਲ ਹੀ ਦੇਸ਼ ਦੇ ਅੰਦਰ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਨਗੇ।

ਕੰਪਨੀ ਦੇ ਸੀ.ਈ.ਓ. ਲਕਸ਼ਿਤ ਆਵਲਾ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਚੱਲ ਰਹੇ ਪਲਾਂਟ ’ਤੇ ਕਰੀਬ 5 ਹਜ਼ਾਰ ਪਰਿਵਾਰ ਨਿਰਭਰ ਹਨ। ਬਿਜਲੀ ਬਣਾਉਣ ਲਈ ਵਰਤੀ ਜਾ ਰਹੀ ਪਰਾਲੀ ਦੀ ਵਿਸ਼ੇਸ਼ ਚੈਕਿੰਗ ਲਈ ਤਾਇਨਾਤ ਅਰਵਿੰਦ ਬੇਦੀ, ਫਿਊਲ ਹੈੱਡ ਨੇ ਦੱਸਿਆ ਕਿ ਬੇਲਰ ਰਾਹੀਂ ਪਿੰਡ-ਪਿੰਡ ਤੋਂ ਪਰਾਲੀ ਇਕੱਠੀ ਕਰਕੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਪਲਾਂਟ ਵਿਚ ਲਿਆਂਦਾ ਜਾਂਦਾ ਹੈ। ਇਸ ਪਰਾਲੀ ਨੂੰ ਮਾਪਦੰਡਾਂ ਅਨੁਸਾਰ ਸੁਰੱਖਿਅਤ ਕਰਕੇ ਵਰਤੋਂ ਵਿਚ ਲਿਆ ਕੇ ਭੁਗਤਾਨ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵੇਸਟ ਫਿਊਲ ਨਾਲ ਬਿਜਲੀ ਪੈਦਾ ਕਰਕੇ ਪ੍ਰਿਥਵੀ ਦੇ ਵਾਤਾਵਰਣ ਦਾ ਵੀ ਸੰਤੁਲਨ ਨਹੀਂ ਵਿਗੜਦਾ ਤੇ ਇਸ ਲਈ ਵੇਸਟ ਨੂੰ ਵਰਤੋਂ ਵਿਚ ਲਿਆ ਕੇ ਬਿਜਲੀ ਪੈਦਾ ਕਰਨਾ ਵੀ ਵਾਤਾਵਰਣ ਫ੍ਰੈਂਡਲੀ ਹੈ। ਇਸ ਮੌਕੇ ’ਤੇ ਨਾਰਵੇ ਦੇ ਵਿਦੇਸ਼ ਮੰਤਰਾਲੇ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਐਨੀ ਬੀਥ ਟਵਿਨਰੈਮ ਤੋਂ ਹਿਲਾਵਾ ਭਾਰਤ ਤੇ ਸ਼੍ਰੀਲੰਕਾ ਵਿਚ ਭਾਰਵੇ ਦੀ ਰਾਜਦੂਤ ਮੇ ਏਲਿਨ ਸਟੇਨਰ, ਅੰਤਰਰਾਸ਼ਟਰੀ ਵਿਕਾਸ ਮੰਤਰੀ ਤੇ ਸਕੱਤਰੇਤ ਵਿਚ ਸੀਨੀਅਰ ਸਲਾਹਕਾਰ ਜਾਨ ਲੀ ਹੈਮਰਸਟ੍ਰਾਮ, ਸਹਾਇਕ ਮਹਾਨਿਰਦੇਸ਼ਕ ਹਕੋਨ ਗੁਲਬ੍ਰਾਂਡਨ, ਓਸਲੋ ਵਿਚ ਨਾਰਫੰਡ ਦੇ ਐੱਮ.ਐੱਫ.ਏ. ਦੀ ਮਾਲਕੀ ਇੰਚਾਰਜ ਵਿਭਾਗ ਦੀ ਨੁਮਾਇੰਦਗੀ ਕਰਨ ਵਾਲੇ ਸਾਈਵਰ ਜਕਾਰੀਆਸੇਨ, ਰੈਗਨਹਿਲਡ ਐੱਚ ਸਿਮੇਨਸਟੇਡ, ਲਿਨ ਸਿਰੀ ਬੈਂਜਮਿਨਸੇਨ, ਹੋਮਾ ਲਤੀਫ਼, ਮਨੁ ਆਰਿਆ, ਫਿਲਿਪਾ ਬ੍ਰਾਰੂੜ, ਯਨਿਕਾ ਚਨਾਪੋਲ ਬਿਓਨਰ ਬਾਊਗਰੂੜ, ਵਰੁਣ ਗੁਪਤਾ, ਸੰਜੇ ਆਹੂਜਾ ਸਮੇਤ ਐੱਸ.ਏ.ਈ.ਐੱਲ. ਦਾ ਸਾਰਾ ਸਟਾਫ਼ ਮੌਜੂਦ ਰਿਹਾ।

ਡੀ. ਸੀ. ਦੇ ਨਾਲ ਬੈਠਕ ਕਰਕੇ ਜਾਣਿਆ ਫਿਰੋਜ਼ਪੁਰ ਜ਼ਿਲ੍ਹੇ ਦਾ ਇਤਿਹਾਸ ਤੇ ਕਿੰਝ ਚੱਲ ਰਹੇ ਵਿਕਾਸ ਕਾਰਜ

PunjabKesari

ਫਿਰੋਜ਼ਪੁਰ (ਪਰਮਜੀਤ ਸੋਢੀ) : ਨਾਰਵੇ ਦੇ ਵਿਦੇਸ਼ ਮੰਤਰਾਲੇ ਦੀ ਅੰਤਰਾਸ਼ਟਰੀ ਵਿਕਾਸ ਮੰਤਰੀ ਏਨੀ ਬੀਥ ਟਵਿਨਰੈਮ ਦੇ ਵਿਸ਼ੇਸ਼ ਵਫ਼ਦ ਨੇ ਵੀਰਵਾਰ ਨੂੰ ਫਿਰੋਜ਼ਪੁਰ ਦਾ ਦੌਰਾ ਕੀਤਾ। ਇਸ ਮੌਕੇ ਜਿਥੇ ਉਨ੍ਹਾਂ ਨੇ ਪਰਾਲੀ ਤੋਂ ਬਿਜਲੀ ਬਣਾਉਣ ਦੇ ਐੱਸ.ਏ.ਈ.ਐੱਲ. ਪਲਾਂਟ ਦਾ ਦੌਰਾ ਕਰਕੇ ਪਰਾਲੀ ਤੋਂ ਬਿਜਲੀ ਬਣਾਉਣ ਦੀ ਪ੍ਰੀਕਿਰਿਆ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਲਈ, ਉਥੇ ਹੀ ਭਾਰਤ ਤੇ ਪੰਜਾਬ ਸਰਕਾਰ ਵਲੋਂ ਪਰਾਲੀ ਤੋਂ ਬਿਜਲੀ ਬਣਾ ਕੇ ਪ੍ਰਦੂਸ਼ਣ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਨਾਰਵੇ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਸ਼ਾਸਕੀ ਖੇਤਰ ਵਿਚ ਡੀ.ਸੀ. ਰਾਜੇਸ਼ ਧੀਮਾਨ ਦੇ ਨਾਲ ਇਕ ਵਿਸ਼ੇਸ਼ ਬੈਠਕ ਕੀਤੀ। ਡੀ.ਸੀ. ਨੇ ਨਾਰਵੇ ਦੀ ਮੰਤਰੀ ਤੇ ਉਨ੍ਹਾਂ ਦੇ ਨਾਲ ਆਏ ਵਫ਼ਦ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਇਤਿਹਾਸ, ਵਿਕਾਸ ਤੇ ਹੋਰ ਸਰਗਰਮੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਮੌਕੇ ਵਫ਼ਦ ਨੇ ਡੀ.ਸੀ. ਤੇ ਜ਼ਿਲ੍ਹਾ ਖੁਰਾਕ ਤੇ ਨਾਗਰਿਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਲਾਭਕਾਰੀਆਂ ਦੇ ਨਾਲ ਸਾਰਵਜਨਕ ਵੰਡ ਪ੍ਰਣਾਲੀ ਸਬੰਧੀ ਬੈਠਕ ਕਰਕੇ ਇਸ ਯੋਜਨਾ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਿਲ ਕੀਤੀ। ਡੀ.ਸੀ. ਨੇ ਦੱਸਿਆ ਕਿ ਇਹ ਯੋਜਨਾ ਗਰੀਬਾਂ ਲਈ ਕਾਫ਼ੀ ਕਾਰਗਰ ਸਬਿਤ ਹੋ ਰਹੀ ਹੈ ਤੇ ਇਸ ਯੋਜਨਾ ਦੇ ਰਾਹੀਂ ਜ਼ਿਲੇ ਵਿਚ 6,10,768 ਲਾਭਪਾਤਰਾਂ ਨੂੰ ਲਾਭ ਮਿਲ ਰਿਹਾ ਹੈ, ਜਦਕਿ ਪੰਜਾਬ ਵਿਚ 1 ਕਰੋੜ 44 ਲੱਖ ਲੋਕ ਲਾਭ ਹਾਸਿਲ ਕਰ ਰਹੇ ਹਨ।

ਜਨਤਕ ਵੰਡ ਪ੍ਰਣਾਲੀ ਦੀ ਸ਼ਲਾਘਾ

ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟ੍ਰੋਲਰ ਰਾਜ ਰਿਸ਼ੀ ਮਹਿਰਾ ਨੇ ਸਮਾਰਟ ਰਾਸ਼ਨ ਕਾਰਡ ਦੀ ਪੂਰੀ ਪ੍ਰੀਕਿਰਿਆ ਤੇ ਲਾਭਪਾਤਰਾਂ ਨੂੰ ਰਾਸ਼ਨ ਵੰਡ ਦੀ ਜਾਣਕਾਰੀ ਦਿੱਤੀ। ਨਾਰਵੇ ਦੇ ਵਿਦੇਸ਼ ਮੰਤਰਾਲੇ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਏਨੀ ਟਵਿਨਰੈਮ ਤੇ ਉਨ੍ਹਾਂ ਦੇ ਨਾਲ ਆਏ ਵਫ਼ਦ ਨੇ ਭਾਰਤ ਦੀ ਸਾਰਵਜਨਕ ਵੰਡ ਪ੍ਰਣਾਲੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਆਪਣੇ ਦੇਸ਼ ਵਿਚ ਅਜਿਹੀ ਯੋਜਨਾ ਲਾਗੂ ਕਰਨ ਲਈ ਸਰਕਾਰ ਨਾਲ ਗੱਲ ਕਰਨਗੇ ਤੇ ਜੇਕਰ ਜਰੁੂਰੀ ਹੋਇਆ ਤਾਂ ਇਸ ਲਈ ਵੀ ਭਾਰਤ ਸਰਕਾਰ ਨੂੰ ਵੀ ਸਬੰਧਤ ਸਹਿਯੋਗ ਤੇ ਮਾਰਗਦਰਸ਼ਨ ਲੈਣ ਨੂੰ ਕਹਿਣਗੇ।

ਫਿਰੋਜ਼ਪੁਰ ਆ ਕੇ ਬਹੁਤ ਖੁਸ਼ ਹੋਏ

ਵਫ਼ਦ ਨੇ ਮੱਖ ਡਾਕਘਰ ਫਿਰੋਜ਼ਪੁਰ ਵਿਚ ਪੋਸਟਲ ਬੈਂਕ ਵਿਵਸਥਾ ਦਾ ਵੀ ਨਿਰੀਖਣ ਕੀਤਾ

ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਆ ਕੇ ਜਿਥੇ ਬੇਹੱਦ ਖੁਸ਼ ਹੋਏ, ਉਥੇ ਹੀ ਸਰਕਾਰ ਦੀਆਂ ਯੋਜਨਾਵਾਂ ਤੋਂ ਵੀ ਪ੍ਰਭਾਵਿਤ ਹਨ। ਇਸ ਮੌਕੇ ਭਾਰਤ ਤੇ ਸ਼੍ਰੀਲੰਕਾ ਵਿਚ ਨਾਰਵੇ ਦੇ ਰਾਜਪੂਤ ਵਿਚ ਏਲਿਨ ਸਟੇਨਰ, ਸੀਨੀਅਰ ਸਲਾਹਕਾਰ ਜਾਨ ਲੀ ਹੈਮਰਸਟ੍ਰਾਮ, ਸਹਾਇਕ ਮਹਾਨਿਰਦੇਸ਼ਕ ਹਕਨ ਗੁਲਬ੍ਰਾਂਡਸਨ, ਸਿਵੇਰ ਝਾਚਾਰਿਸਨ, ਰੈਗਨਹਿਲਡ, ਐੱਸ.ਏ.ਈ.ਐੱਲ. ਦੇ ਨਿਰਦੇਸ਼ ਜਸਬੀਰ ਸਿੰਘ ਆਵਲਾ, ਸੁਖਬੀਰ ਸਿੰਘ ਆਵਲਾ, ਸੀ.ਈ.ਓ. ਲਕਸ਼ਿਤ ਆਵਲਾ, ਵਰੁਣ ਗੁਪਤਾ, ਐੱਸ. ਆਹੂਜਾ ਸਮੇਤ ਐੱਸ.ਏ.ਈ.ਐੱਲ. ਦੇ ਕਈ ਪ੍ਰਤੀਨਿਧੀ ਵੀ ਮੌਜੂਦ ਰਹੇ।


author

Gurminder Singh

Content Editor

Related News