ਆਈ. ਏ. ਐੱਸ. ਦੀ ਬੇਟੀ ਨੇ ਫੇਸਬੁੱਕ ''ਤੇ ਸ਼ੇਅਰ ਕੀਤੀ 25 ਮਿੰਟ ਦੀ ਖੌਫਨਾਕ ਹੱਡਬੀਤੀ

08/06/2017 8:10:14 AM

ਚੰਡੀਗੜ੍ਹ  (ਸੁਸ਼ੀਲ) - ਹਰਿਆਣਾ ਦੇ ਇਕ ਆਈ. ਏ. ਐੱਸ. ਦੀ ਬੇਟੀ ਨੇ ਆਪਣੇ ਨਾਲ ਹੋਈ 25 ਮਿੰਟ ਦੀ ਖੌਫਨਾਕ ਹੱਡਬੀਤੀ ਦੀ ਘਟਨਾ ਸ਼ਨੀਵਾਰ ਨੂੰ ਦੁਪਹਿਰ ਨੂੰ ਫੇਸਬੁਕ 'ਤੇ ਸ਼ੇਅਰ ਕੀਤੀ। ਲੜਕੀ ਨੇ ਚੰਡੀਗੜ੍ਹ ਪੁਲਸ ਦਾ ਚੌਕਸੀ ਦਿਖਾਉਣ 'ਤੇ ਧੰਨਵਾਦ ਵੀ ਕੀਤਾ ਤੇ ਲਿਖਿਆ ਕਿ ਸਿਸਟਮ ਪ੍ਰਤੀ ਉਸ ਦਾ ਖੋਹਿਆ ਹੋਇਆ ਵਿਸ਼ਵਾਸ ਵੀ ਵਾਪਿਸ ਆ ਗਿਆ ਹੈ। ਸ਼ਿਕਾਇਤਕਰਤਾ ਲੜਕੀ ਨੇ ਫੇਸਬੁੱਕ 'ਤੇ ਪੋਸਟ ਕੀਤਾ ਹੈ ਕਿ ਮੈਂ ਸ਼ੁੱਕਰਵਾਰ ਦੇਰ ਰਾਤ 12 :15 ਵਜੇ ਆਪਣੀ ਗੱਡੀ ਵਿਚ ਸੈਕਟਰ-8 ਦੀ ਮਾਰਕੀਟ ਤੋਂ ਪੰਚਕੂਲਾ ਸਥਿਤ ਆਪਣੇ ਘਰ ਲਈ ਨਿਕਲੀ ਸੀ। ਸੈਕਟਰ-7 ਦੇ ਪੈਟ੍ਰੋਲ ਪੰਪ ਕੋਲ ਮੇਰੇ ਦੋਸਤ ਦਾ ਫੋਨ ਆਇਆ। ਮੈਂ ਫੋਨ ਸੁਣਨ ਲੱਗੀ, ਜਿਸ ਤੋਂ ਇਕ ਮਿੰਟ ਬਾਅਦ ਮੈਂ ਮਹਿਸੂਸ ਕੀਤਾ ਕਿ ਚਿੱਟੇ ਰੰਗ ਦੀ ਐੈੱਸ. ਯੂ. ਵੀ. ਵਿਚ ਸਵਾਰ ਦੋ ਲੜਕੇ ਮੇਰਾ ਪਿੱਛਾ ਕਰ ਰਹੇ ਹਨ। ਸੈਕਟਰ-26 ਸਥਿਤ ਸੇਂਟ ਜੌਨ ਸਕੂਲ ਕੋਲ ਪਹੁੰਚੀ ਤਾਂ ਉਥੋਂ ਮੱਧਿਆ ਮਾਰਗ ਜਾਣ ਦੀ ਕੋਸ਼ਿਸ ਕੀਤੀ, ਜਿਥੇ ਟ੍ਰੈਫਿਕ ਹੁੰਦੀ ਹੈ ਪਰ ਉਨ੍ਹਾਂ ਨੇ ਆਪਣੀ ਕਾਰ ਅੱਗੇ ਲਿਆ ਕੇ ਮੇਰਾ ਰਸਤਾ ਰੋਕ ਲਿਆ, ਜਿਸ ਮਗਰੋਂ ਮੈਂ ਗੱਡੀ ਬੈਕ ਕਰ ਲਈ ਤੇ ਸੈਕਟਰ-26 ਵੱਲ ਚਲੀ ਗਈ। ਮੈਨੂੰ ਲੱਗਾ ਕਿ ਲੜਕੇ ਮੇਰੇ ਨਾਲ ਕੁਝ ਵੀ ਕਰ ਸਕਦੇ ਹਨ।
ਉਸਨੇ ਪੋਸਟ ਕੀਤਾ ਕਿ ਇਸ ਦੌਰਾਨ ਨੀਲੀ ਟੀ-ਸ਼ਰਟ ਵਾਲਾ ਇਕ ਲੜਕਾ ਮੇਰੀ ਗੱਡੀ ਵੱਲ ਆਇਆ। ਮੈਂ ਗੱਡੀ ਪਿੱਛੇ ਕੀਤੀ ਤੇ ਭਜਾ ਲਈ। ਇਸ ਤੋਂ ਬਾਅਦ ਹਾਊਸਿੰਗ ਬੋਰਡ ਚੌਕ ਕੋਲ ਪਹਿਲਾਂ ਲੜਕੇ ਫਿਰ ਮੇਰਾ ਪਿੱਛਾ ਕਰਦੇ ਹੋਏ ਪਹੁੰਚ ਗਏ। ਇਕ ਲੜਕਾ ਗੱਡੀ ਵਿਚੋਂ ਉਤਰਿਆ ਤੇ ਮੇਰੀ ਗੱਡੀ ਦੀ ਤਾਕੀ ਖੋਲ੍ਹਣ ਲੱਗਾ। ਮੈਂ ਬਹੁਤ ਡਰੀ ਹੋਈ ਸੀ। ਮੈਂ ਗੱਡੀ ਪਿੱਛੇ ਕੀਤੀ ਤੇ ਹਾਰਨ ਮਾਰਦੀ ਹੋਈ ਨੇ ਗੱਡੀ ਭਜਾ ਲਈ। ਇਸ ਦੌਰਾਨ ਉਥੇ ਕਾਫੀ ਵਾਹਨ ਇਕੱਠੇ ਹੋ ਗਏ। ਪੀ. ਸੀ. ਆਰ. ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਸਨ। ਮੈਂ ਕਿਸੇ ਤਰ੍ਹਾਂ ਘਰ ਪਹੁੰਚੀ ਤੇ ਸਾਰੀ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ, ਜਿਸ ਤੋਂ ਬਾਅਦ ਮੈਂ ਮਾਪਿਆਂ ਨੂੰ ਨਾਲ ਲੈ ਕੇ ਦੁਬਾਰਾ ਪੁਲਸ ਸਟੇਸ਼ਨ ਜਾ ਕੇ ਸ਼ਿਕਾਇਤ ਦਿੱਤੀ। ਇਸ ਤੋਂ ਪਹਿਲਾਂ ਹੀ ਪੁਲਸ ਦੋਵਾਂ ਲੜਕਿਆਂ ਨੂੰ ਫੜ ਚੁੱਕੀ ਸੀ।
ਪੁਲਸ ਸਟੇਸ਼ਨ ਜਾ ਕੇ ਪਤਾ ਲੱਗਿਆ ਕਿ ਦੋਵੇਂ ਹੀ ਲੜਕੇ ਸਿਆਸੀ ਪਰਿਵਾਰਾਂ ਨਾਲ ਸੰਬੰਧਿਤ ਸਨ ਜੇਕਰ ਇਹ ਉਹੀ ਸ਼ਹਿਰ ਹੈ, ਜੋ ਦੇਸ਼ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚੋਂ ਹੈ ਤਾਂ ਅਸੀਂ ਕਿਥੇ ਜਾ ਰਹੇ ਹਾਂ? ਮੈਨੂੰ ਇਹ ਸਵਾਲ ਹੈਰਾਨ ਕਰਨ ਵਾਲਾ ਲਗਦਾ ਹੈ। ਪੀੜਤਾ ਦੀ ਇਸ ਫੇਸਬੁੱਕ ਅਪਡੇਟ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿਸ ਹਾਲਾਤ ਵਿਚੋਂ ਗੁਜ਼ਰੀ ਹੈ। ਪੁਲਸ ਨੇ ਜੋ ਕਾਰਵਾਈ ਕੀਤੀ ਹੈ, ਉਹ ਵੀ ਸਵਾਲਾਂ ਦੇ ਘੇਰੇ ਵਿਚ ਹੈ।


Related News