ਪੰਜਾਬ 'ਚ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਵੱਧ ਖ਼ਤਰਨਾਕ ਤੂਫਾਨ, ਲੋਕਾਂ ਨੂੰ ਸੰਭਲਣ ਦਾ ਮੌਕਾ ਤਕ ਨਾ ਮਿਲਿਆ

Saturday, May 16, 2026 - 01:42 PM (IST)

ਪੰਜਾਬ 'ਚ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਵੱਧ ਖ਼ਤਰਨਾਕ ਤੂਫਾਨ, ਲੋਕਾਂ ਨੂੰ ਸੰਭਲਣ ਦਾ ਮੌਕਾ ਤਕ ਨਾ ਮਿਲਿਆ

ਬਾਘਾ ਪੁਰਾਣਾ (ਜ.ਬ, ਚਟਾਨੀ) : ਦਿਨ ਭਰ ਪਈ ਅੱਤ ਦੀ ਤਪਸ਼ ਅਤੇ ਗਰਮੀ ਤੋਂ ਬਾਅਦ ਬੀਤੀ ਰਾਤ ਕਰੀਬ 8 ਵਜੇ ਤੋਂ 10 ਵਜੇ ਤੱਕ ਆਈ ਤੇਜ਼ ਹਨੇਰੀ ਅਤੇ ਭਿਆਨਕ ਝੱਖੜ ਨੇ ਬਾਘਾ ਪੁਰਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵੱਡੀ ਤਬਾਹੀ ਮਚਾ ਦਿੱਤੀ। ਕਰੀਬ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਗਰੀਬ ਲੋਕਾਂ ਦੇ ਰਹਿਣ ਬਸੇਰਿਆਂ ਨੂੰ ਸਭ ਤੋਂ ਵੱਧ ਆਪਣੀ ਲਪੇਟ ਵਿਚ ਲਿਆ। ਕਈ ਥਾਵਾਂ ’ਤੇ ਝੁੱਗੀਆਂ, ਛੱਪਰ ਅਤੇ ਅਸਥਾਈ ਘਰ ਪੂਰੀ ਤਰ੍ਹਾਂ ਉੱਡ ਗਏ, ਜਦਕਿ ਪੱਕੇ ਸ਼ੈੱਡ, ਟੀਨਾਂ ਵਾਲੀਆਂ ਛੱਤਾਂ ਅਤੇ ਹੋਰ ਢਾਂਚਿਆਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ। ਝੱਖੜ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਕਈ ਥਾਵਾਂ ’ਤੇ ਟੀਨਾਂ ਅਤੇ ਲੋਹੇ ਦੇ ਸ਼ੈੱਡਾਂ ਦੇ ਟੁੱਕੜੇ ਹਵਾ ਵਿਚ ਦੂਰ-ਦੂਰ ਤੱਕ ਉੱਡਦੇ ਨਜ਼ਰ ਆਏ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲਈ ਮਜਬੂਰ ਹੋ ਗਏ। ਰਾਤ ਸਮੇਂ ਅਚਾਨਕ ਆਏ ਇਸ ਤੂਫ਼ਾਨ ਨੇ ਲੋਕਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਦਿੱਤਾ। 

ਇਹ ਵੀ ਪੜ੍ਹੋ : ਪੰਜਾਬ ਭਰ ਵਿਚ 20 ਤਾਰੀਖ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ, ਪਹਿਲਾਂ ਹੀ ਕਰ ਲਓ ਤਿਆਰੀ

PunjabKesari

ਕਈ ਇਲਾਕਿਆਂ ਵਿਚ ਦਰੱਖਤਾਂ ਦੀਆਂ ਟਾਹਣੀਆਂ ਟੁੱਟ ਕੇ ਸੜਕਾਂ ’ਤੇ ਡਿੱਗ ਗਈਆਂ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਨੂੰ ਵੀ ਨੁਕਸਾਨ ਪੁੱਜਣ ਕਾਰਨ ਕਈ ਇਲਾਕਿਆਂ ਵਿਚ ਘੰਟਿਆਂ ਤੱਕ ਬਿਜਲੀ ਸਪਲਾਈ ਠੱਪ ਰਹੀ। ਲੋਕਾਂ ਨੂੰ ਗਰਮੀ ਅਤੇ ਹਨੇਰੇ ਵਿਚ ਪੂਰੀ ਰਾਤ ਗੁਜ਼ਾਰਨੀ ਪਈ। ਕਈ ਪਰਿਵਾਰਾਂ ਦਾ ਘਰੇਲੂ ਸਾਮਾਨ, ਰਾਸ਼ਨ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਮੀਂਹ ਅਤੇ ਹਨੇਰੀ ਕਾਰਨ ਬਰਬਾਦ ਹੋ ਗਈਆਂ। ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਝੱਖੜ ਦੌਰਾਨ ਹਵਾ ਦੀ ਗੂੰਜ ਅਤੇ ਉੱਡਦੀਆਂ ਟੀਨਾਂ ਦੀਆਂ ਆਵਾਜ਼ਾਂ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਵਿਚ ਡਰ ਦਾ ਮਾਹੌਲ ਬਣ ਗਿਆ ਸੀ। ਕਈ ਲੋਕ ਰਾਤ ਭਰ ਜਾਗਦੇ ਰਹੇ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੀ ਕੋਸ਼ਿਸ਼ ਕਰਦੇ ਰਹੇ।

ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਦੋ ਪਹੀਆ ਵਾਹਨਾਂ 'ਤੇ ਲੱਗੀ ਮੁਕੰਮਲ ਪਾਬੰਦੀ, ਜਾਰੀ ਹੋ ਗਏ ਨਵੇਂ ਹੁਕਮ

ਮੌਸਮ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਹਨੇਰੀ ਅਤੇ ਮੀਂਹ ਸਬੰਧੀ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਸਨ ਪਰ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਦਾ ਝੱਖੜ ਭਵਿੱਖਬਾਣੀ ਨਾਲੋਂ ਕਈ ਗੁਣਾ ਵੱਧ ਖ਼ਤਰਨਾਕ ਸਾਬਤ ਹੋਇਆ। ਲੋਕਾਂ ਵਿਚ ਇਹ ਡਰ ਵੀ ਬਣਿਆ ਹੋਇਆ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਦੁਬਾਰਾ ਇਸ ਤਰ੍ਹਾਂ ਦਾ ਮੌਸਮ ਬਣਿਆ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News