ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ

Monday, Jul 20, 2026 - 01:52 PM (IST)

ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ

ਕਿਸ਼ਨਪੁਰਾ ਕਲਾਂ (ਭਿੰਡਰ) : ਇਲਾਕੇ ਵਿਚ ਇਨ੍ਹੀਂ ਦਿਨੀਂ ਪੈ ਰਹੀ ਅੱਤ ਦੀ ਗਰਮੀ ਦੌਰਾਨ ਬਿਜਲੀ ਵਿਭਾਗ ਵੱਲੋਂ ਲਗਾਏ ਜਾ ਰਹੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਪਿੰਡ ਭਿੰਡਰ ਕਲਾਂ ਅਤੇ ਭਿੰਡਰ ਖੁਰਦ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਅਤੇ ਰਾਤ ਸਮੇਂ ਬਿਨਾਂ ਕਿਸੇ ਸੂਚਨਾ ਤੋਂ ਲਗਾਤਾਰ ਬਿਜਲੀ ਸਪਲਾਈ ਬੰਦ ਕੀਤੇ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਭਿਆਨਕ ਗਰਮੀ ਅਤੇ ਉਮਸ ਦੇ ਮੌਸਮ ਵਿਚ ਬਿਜਲੀ ਦੇ ਲੰਬੇ ਕੱਟ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਕੀਤੇ ਜਾ ਰਹੇ ਦਾਅਵੇ ਉਸ ਸਮੇਂ ਬੇਅਰਥ ਨਜ਼ਰ ਆਉਂਦੇ ਹਨ, ਜਦੋਂ ਲੋੜ ਦੇ ਸਮੇਂ ਹੀ ਬਿਜਲੀ ਘੰਟਿਆਂ ਬੱਧੀ ਗਾਇਬ ਰਹਿੰਦੀ ਹੈ। 

ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਮੁਫ਼ਤ ਬਿਜਲੀ ਹੀ ਨਹੀਂ, ਸਗੋਂ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਵੀ ਲੋਕਾਂ ਦਾ ਹੱਕ ਹੈ। ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਬਿਜਲੀ ਨਾਲ ਚੱਲਣ ਵਾਲੇ ਉਪਕਰਣ ਬੰਦ ਹੋਣ ਕਾਰਨ ਕਾਰੋਬਾਰ ਵਿਚ ਰੁਕਾਵਟ ਪੈ ਰਹੀ ਹੈ ਅਤੇ ਗਾਹਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਘਰਾਂ ਵਿਚ ਪੱਖੇ, ਕੂਲਰ ਅਤੇ ਹੋਰ ਜ਼ਰੂਰੀ ਉਪਕਰਣ ਬੰਦ ਹੋ ਜਾਣ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣ ਜਾਂਦੇ ਹਨ। ਇਲਾਕਾ ਨਿਵਾਸੀਆਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਭਿੰਡਰ ਕਲਾਂ ਅਤੇ ਭਿੰਡਰ ਖੁਰਦ ਵਿਚ ਅਣਐਲਾਨੇ ਬਿਜਲੀ ਕੱਟਾਂ ’ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ, ਤਾਂ ਜੋ ਗਰਮੀ ਦੇ ਇਸ ਮੌਸਮ ਵਿਚ ਲੋਕਾਂ ਨੂੰ ਰਾਹਤ ਮਿਲ ਸਕੇ।


author

Gurminder Singh

Content Editor

Related News