ਨਾਜਾਇਜ਼ ਉਸਾਰੀ ਰੋਕਣ ਗਈ ਨਗਰ ਨਿਗਮ ਟੀਮ 'ਤੇ ਪਥਰਾਅ, ਕਾਬਜ਼ਕਾਰਾਂ ਨੇ ਖ਼ੁਦ 'ਤੇ ਛਿੜਕਿਆ ਡੀਜ਼ਲ

Thursday, Sep 01, 2022 - 01:18 PM (IST)

ਨਾਜਾਇਜ਼ ਉਸਾਰੀ ਰੋਕਣ ਗਈ ਨਗਰ ਨਿਗਮ ਟੀਮ 'ਤੇ ਪਥਰਾਅ, ਕਾਬਜ਼ਕਾਰਾਂ ਨੇ ਖ਼ੁਦ 'ਤੇ ਛਿੜਕਿਆ ਡੀਜ਼ਲ

ਪਟਿਆਲਾ (ਮਨਦੀਪ ਜੋਸਨ) : ਸਨੌਰ ਰੋਡ ’ਤੇ ਵੱਡੇ ਅਰਾਈਮਾਜਰਾ ਵਿੱਟ ਨੇੜੇ 600 ਗਜ਼ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਆਈ ਨਿਗਮ ਟੀਮ ’ਤੇ ਲੋਕਾਂ ਨੇ ਪਥਰਾਅ ਕੀਤਾ। ਪੱਥਰਬਾਜ਼ਾਂ ਨੇ ਨਗਰ ਨਿਗਮ ਦੀ ਜੇ. ਸੀ. ਬੀ. ਮਸ਼ੀਨ ਸਮੇਤ 5 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਨਿਗਮ ਟੀਮ ’ਤੇ ਦਬਾਅ ਬਣਾਉਣ ਲਈ 2 ਵਿਅਕਤੀਆਂ ਨੇ ਆਪਣੇ ਖ਼ੁਦ ’ਤੇ ਡੀਜ਼ਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਸਥਿਤੀ ਬੇਕਾਬੂ ਹੁੰਦੀ ਦੇਖ ਨਿਗਮ ਦੀ ਟੀਮ ਬਰੰਗ ਪਰਤ ਗਈ। ਜਾਣਕਾਰੀ ਮਿਲਦੇ ਹੀ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਮਾਮਲੇ ਸੰਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਇਸ ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਭੇਜ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧੀ ਲੈਂਡ ਬ੍ਰਾਂਚ ਦੇ ਇੰਚਾਰਜ ਵਿਸ਼ਾਲ ਸਿਆਲ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਨਿਗਮ ਦੀ ਲੈਂਡ ਬ੍ਰਾਂਚ ਨੇ ਵੱਡੇ ਅਰਾਈਮਾਜਰਾ ਵਿਖੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਸੀ। ਕਮਿਸ਼ਨਰ ਦੇ ਹੁਕਮਾਂ ’ਤੇ ਨਿਗਮ ਦੀ ਜ਼ਮੀਨ ’ਤੇ ਨਿਗਮ ਦੀ ਮਾਲਕੀ ਸਬੰਧੀ ਬੋਰਡ ਵੀ ਲਾਇਆ ਗਿਆ ਸੀ। ਮੁਲਜ਼ਮਾਂ ਨੇ ਨਿਗਮ ਦੀ ਜ਼ਮੀਨ ’ਚ ਲੱਗੇ ਸੂਚਨਾ ਬੋਰਡ ਨੂੰ ਚੋਰੀ ਕਰ ਕੇ ਕਰੀਬ 600 ਗਜ਼ ਜ਼ਮੀਨ ’ਤੇ ਨਾਜਾਇਜ਼ ਉਸਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਰਾਮ ਤੀਰਥ ਨੇੜੇ ਭੇਤਭਰੇ ਹਾਲਤ ’ਚ ਇਨੋਵਾ ਗੱਡੀ ’ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਲੈਂਡ ਬ੍ਰਾਂਚ ਇੰਚਾਰਜ ਸੁਪਰਡੈਂਟ ਵਿਸ਼ਾਲ ਸਿਆਲ ਸਮੇਤ ਇੰਸਪੈਕਟਰ ਮੁਨੀਸ਼ ਪੁਰੀ, ਜਤਿੰਦਰ ਕੁਮਾਰ ਪ੍ਰਿੰਸ, ਗੁਰਮੇਲ ਸਿੰਘ ਅਤੇ ਨਿਗਮ ਦੇ 7 ਪੁਲਸ ਮੁਲਾਜ਼ਮ ਉਨ੍ਹਾਂ ਨਾਲ ਮੌਕੇ ’ਤੇ ਪਹੁੰਚੇ। ਜਿਵੇਂ ਹੀ ਨਿਗਮ ਦੀ ਟੀਮ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਬਜ਼ਾ ਕਰਨ ਵਾਲਿਆਂ ਨੇ ਨਿਗਮ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਜਦੋਂ ਨਿਗਮ ਟੀਮ ਨਾਜਾਇਜ਼ ਉਸਾਰੀ ਨੂੰ ਹਟਾਉਣ ਲਈ ਅੱਗੇ ਵੱਧੀ ਤਾਂ ਕਬਜ਼ਾਧਾਰੀਆਂ ਨੇ ਨਿਗਮ ਟੀਮ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਨਿਗਮ ਟੀਮ ’ਤੇ ਦਬਾਅ ਬਣਾਉਣ ਲਈ ਕਾਬਜ਼ਕਾਰ 2 ਵਿਅਕਤੀਆਂ ਨੇ ਪਹਿਲਾਂ ਤੋਂ ਰੱਖਿਆ ਡੀਜ਼ਲ ਆਪਣੇ ’ਤੇ ਪਾ ਕੇ ਆਤਮਦਾਹ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਤ ਨੂੰ ਵਿਗੜਦਿਆਂ ਦੇਖ ਨਿਗਮ ਦੀ ਟੀਮ ਪੁਲਸ ਪਾਰਟੀ ਨਾਲ ਪਰਤ ਗਈ।

ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮਾਂ ਦੇ ਕੰਮ ’ਚ ਰੁਕਾਵਟ ਪੈਦਾ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਪਟਿਆਲਾ ਨੂੰ ਦੇ ਦਿੱਤੀ। ਨਗਰ ਨਿਗਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਸੰਭਵ ਹੈ ਕਿ ਵੀਰਵਾਰ ਨੂੰ ਨਿਗਮ ਦੀ ਟੀਮ ਵਾਧੂ ਪੁਲਸ ਫੋਰਸ ਨਾਲ ਮੌਕੇ ਤੋਂ ਪੂਰੀ ਤਰ੍ਹਾਂ ਨਾਲ ਕਬਜ਼ੇ ਹਟਾ ਕੇ ਦੁਬਾਰਾ ਸੂਚਨਾ ਬੋਰਡ ਲਗਾਵੇ। ਇਸ ਦੇ ਨਾਲ ਹੀ ਨਿਗਮ ਕਰਮਚਾਰੀਆਂ ਦੇ ਕੰਮ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਜਾਂ ਆਤਮਦਾਹ ਦੀ ਧਮਕੀ ਦੇਣ ਵਾਲਿਆਂ ਖ਼ਿਲਾਫ਼ ਵੀ ਪੁਲਸ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਫਿਲਹਾਲ ਕਬਜ਼ਾਧਾਰਕਾਂ ਵੱਲੋਂ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੁਲਸ ਨੂੰ ਮਿਲੀ ਅਹਿਮ ਸਫ਼ਲਤਾ, ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਦੱਸ ਕੇ ਫਿਰੌਤੀ ਮੰਗਣ ਵਾਲੇ 2 ਗ੍ਰਿਫ਼ਤਾਰ

ਸਰਕਾਰੀ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਨਿਗਮ ਦੇ ਸਾਬਕਾ ਪਟਵਾਰੀ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਸਨੌਰ ਰੋਡ ਤੋਂ ਲੈ ਕੇ ਅਰਾਈ ਮਾਜਰਾ ਦੀ ਮੁੱਖ ਸੜਕ ਦੇ ਸਿਰੇ ਤੱਕ ਸੱਜੇ ਪਾਸੇ ਬੰਧਾ ਰੋਡ ਦੇ ਨਾਲ ਵਾਲੀ ਸਾਰੀ ਜ਼ਮੀਨ ਨਗਰ ਨਿਗਮ ਦੀ ਹੈ। ਇਸ ਜ਼ਮੀਨ ’ਚ ਸਿਰਫ਼ ਇਕ ਹੀ ਐਲੀਮੈਂਟਰੀ ਸਕੂਲ ਹੈ ਪਰ ਹੋਰ ਜ਼ਮੀਨ ’ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਟੀਮ ’ਤੇ ਹਮਲੇ ਤੋਂ ਬਾਅਦ ਹੁਣ ਨਿਗਮ ਆਪਣੀ ਸਾਰੀ ਜ਼ਮੀਨ ’ਤੋਂ ਕਬਜ਼ੇ ਹਟਾਉਣ ਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਬਕ ਸਿਖਾਇਆ ਜਾ ਸਕੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News