ਆਵਾਜਾਈ ਵਿਭਾਗ ''ਚ ਫੈਲਿਆ ਭ੍ਰਿਸ਼ਟਾਚਾਰ ਆਰ. ਟੀ. ਏ. ਨੇ ਟ੍ਰੈਕ ''ਤੇ ਕੀਤਾ ਸਟਿੰਗ, ਫੜਿਆ ਏਜੰਟ
Thursday, Oct 05, 2017 - 05:51 AM (IST)
ਜਲੰਧਰ(ਅਮਿਤ)– ਆਵਾਜਾਈ ਵਿਭਾਗ ਵਿਚ ਫੈਲਿਆ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ ਅਤੇ ਇਥੇ ਪੈਸੇ ਦੇ ਕੇ ਹਰ ਕੰਮ ਕਰਵਾਇਆ ਜਾ ਸਕਦਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਪੁਰਾਣਾ ਡੀ. ਟੀ. ਓ. ਸਿਸਟਮ ਬੰਦ ਕਰ ਕੇ ਸਾਰਾ ਕੰਮ ਆਰ. ਟੀ. ਏ. ਦਫਤਰ ਅਧੀਨ ਕਰ ਦਿੱਤਾ ਹੈ। ਫਿਰ ਵੀ ਇਥੇ ਮੌਜੂਦ ਭ੍ਰਿਸ਼ਟਾਚਾਰ 'ਤੇ ਰੋਕ ਲਗਾਉਣਾ ਸੰਭਵ ਨਹੀਂ ਹੋ ਰਿਹਾ। ਬੁੱਧਵਾਰ ਨੂੰ ਆਰ. ਟੀ. ਏ. ਦਰਬਾਰਾ ਸਿੰਘ ਨੇ ਬਿਨਾਂ ਕਿਸੇ ਅਗਾਮੀ ਸੂਚਨਾ ਦੇ ਟ੍ਰੈਕ ਦਾ ਦੌਰਾ ਕੀਤਾ ਅਤੇ ਇੱਥੋਂ ਆਪਰੇਟ ਕਰਨ ਵਾਲੇ ਏਜੰਟਾਂ ਖਿਲਾਫ ਇਕ ਸਟਿੰਗ ਆਪ੍ਰਰੇਸ਼ਨ ਨੂੰ ਅੰਜਾਮ ਦਿੱਤਾ। ਕਿਵੇਂ ਕੀਤਾ ਸਟਿੰਗ, ਕਿਵੇਂ ਫੜਿਆ ਏਜੰਟ? : ਜਾਣਕਾਰੀ ਅਨੁਸਾਰ ਆਰ. ਟੀ. ਏ. ਦਰਬਾਰਾ ਸਿੰਘ ਨੇ ਆਪਣੇ ਨਾਲ ਲਿਆਂਦੇ ਇਕ ਅਣਜਾਣ ਵਿਅਕਤੀ ਨੂੰ ਲਰਨਿੰਗ ਲਾਇਸੈਂਸ ਬਣਾਉਣ ਲਈ ਟ੍ਰੈਕ 'ਤੇ ਮੌਜੂਦ ਏਜੰਟਾਂ ਨਾਲ ਸੰਪਰਕ ਕਰਨ ਲਈ ਕਿਹਾ। ਇਕ ਏਜੰਟ ਨੇ ਲਰਨਿੰਗ ਲਾਇਸੈਂਸ ਬਣਵਾਉਣ ਲਈ 1500 ਰੁਪਏ ਮੰਗੇ। ਏਜੰਟ ਨੇ ਬੜੀ ਚਲਾਕੀ ਨਾਲ ਆਰ. ਟੀ. ਏ. ਨੂੰ ਕਿਹਾ ਕਿ 1500 ਰੁਪਏ ਵਿਚੋਂ 500 ਸਰਕਾਰੀ ਫੀਸ ਹੈ। 500 ਉਸਦੀ ਮਿਹਨਤ ਹੈ ਅਤੇ ਬਾਕੀ 500 ਰੁਪਏ ਤੁਹਾਡੇ ਦਫਤਰ ਦਾ ਹਿੱਸਾ ਹੈ। ਆਰ. ਟੀ. ਏ. ਨੇ ਏਜੰਟ ਤੋਂ ਪੁੱਛਿਆ ਕਿ ਦਫਤਰ 'ਚ ਕਿਹੜਾ ਅਧਿਕਾਰੀ ਜਾਂ ਕਰਮਚਾਰੀ ਪੈਸੇ ਲੈ ਕੇ ਕੰਮ ਕਰਦਾ ਹੈ ਤਾਂ ਏਜੰਟ ਚੁੱਪ ਕਰ ਗਿਆ। ਦਫਤਰ ਦੀ ਕਿਰਕਰੀ ਹੁੰਦੀ ਵੇਖ ਕੇ ਆਰ. ਟੀ. ਏ. ਨੇ ਏਜੰਟ ਨੂੰ ਮੌਕੇ ਤੋਂ ਚਿਤਾਵਨੀ ਦੇ ਭਜਾ ਦਿੱਤਾ।
ਕਰਮਚਾਰੀਆਂ ਦੀ ਬੁਲਾਈ ਮੀਟਿੰਗ, ਲਗਾਈ ਕਲਾਸ, ਕੰਮਕਾਜ ਸੁਧਾਰਨ ਦਾ ਦਿੱਤਾ ਨਿਰਦੇਸ਼
ਉਪਰੰਤ ਆਰ. ਟੀ. ਏ. ਨੇ ਟ੍ਰੈਕ 'ਤੇ ਮੌਜੂਦ ਸਰਕਾਰੀ ਕਰਮਚਾਰੀਆਂ ਅਤੇ ਨਿੱਜੀ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਆਪਣੇ ਦਫਤਰ ਵਿਚ ਬੁਲਾਇਆ ਅਤੇ ਮੀਟਿੰਗ ਵਿਚ ਉਨ੍ਹਾਂ ਦੀ ਖੂਬ ਕਲਾਸ ਲਗਾਈ। ਆਰ. ਟੀ. ਏ. ਨੇ ਸਟਾਫ ਨੂੰ ਆਪਣਾ ਕੰਮਕਾਜ ਸੁਧਾਰਨ ਦੇ ਨਿਰਦੇਸ਼ ਦਿੱਤੇ। ਭ੍ਰਿਸ਼ਟਾਚਾਰ ਵਿਚ ਸ਼ਾਮਲ ਕਿਸੇ ਕਰਮਚਾਰੀ ਦੇ ਫੜੇ ਜਾਣ 'ਤੇ ਸਖਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ।
