ਜਲੰਧਰ ਵਿਖੇ STF ਵੱਲੋਂ ਮਾਰੇ ਛਾਪੇ ਦੌਰਾਨ ਮਕਾਨ ਮਾਲਕ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

07/16/2022 12:29:09 PM

ਜਲੰਧਰ (ਜ. ਬ.)- ਥਾਣਾ ਗੋਰਾਇਆ ਦੇ ਪਿੰਡ ਵਿਰਕਾਂ ਵਿਚ ਐੱਸ. ਟੀ. ਐੱਫ਼. ਦੀ ਟੀਮ ਨੇ ਸਵੇਰੇ ਹੀ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਅਤੇ ਪੰਜਾਬੀ ਕਲਾਕਾਰ ਸੁਰਿੰਦਰ ਕੁਮਾਰ ਉਰਫ਼ ਸ਼ਿਵ ਵਿਰਕ ਦੇ ਘਰ ਰੇਡ ਕੀਤੀ। ਐੱਸ. ਟੀ. ਐੱਫ਼. ਦੀ ਇਹ ਰੇਡ ਉਨ੍ਹਾਂ ਲਈ ਉਸ ਸਮੇਂ ਮੁਸੀਬਤ ਬਣ ਗਈ, ਜਦੋਂ ਇਸ ਰੇਡ ਦੌਰਾਨ ਸੁਰਿੰਦਰ ਸਿੰਘ ਉਰਫ ਸ਼ਿਵ ਵਿਰਕ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਬਾਅਦ ਵਿਚ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ। ਹਾਲਾਂਕਿ ਇਸ ਦੌਰਾਨ ਐੱਸ. ਟੀ. ਐੱਫ਼. ਟੀਮ ਤਾਂ ਮੌਕੇ ਤੋਂ ਨਿਕਲ ਗਈ ਪਰ ਦੇਰ ਸ਼ਾਮ ਤੱਕ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਲਈ ਕੋਸ਼ਿਸ਼ਾਂ ਡੀ. ਐੱਸ. ਪੀ. ਫਿਲੌਰ ਅਤੇ ਐੱਸ. ਐੱਚ. ਓ. ਗੋਰਾਇਆ ਕਰਦੇ ਰਹੇ। ਪਰਿਵਾਰਕ ਮੈਂਬਰਾਂ ਵਿਚ ਪੁਲਸ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਜੋ ਟੀਮ ਉਨ੍ਹਾਂ ਦੇ ਘਰ ਵਿੱਚ ਆਈ, ਉਨ੍ਹਾਂ ’ਤੇ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਰਹੇ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਫਟਿਆ 'ਕੋਰੋਨਾ' ਬੰਬ, 50 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

PunjabKesari
ਇਸ ਸਬੰਧੀ ਮ੍ਰਿਤਕ ਸੁਰਿੰਦਰ ਕੁਮਾਰ ਦੇ ਵੱਡੇ ਪੁੱਤਰ ਨਵੀਨ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਘਰ ਵਿਚ ਸੁੱਤੇ ਹੋਏ ਸਨ, ਲਗਭਗ 8 ਵਜੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ, ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਥੱਪੜ ਮਾਰਦੇ ਹੋਏ ਅੰਦਰ ਲੈ ਗਏ। ਇਸ ਤੋਂ ਬਾਅਦ ਉਸ ਦੇ ਪਿਤਾ ਸੁਰਿੰਦਰ ਕੁਮਾਰ ਅਤੇ ਮਾਤਾ ਵੀ ਬਾਹਰ ਆ ਗਏ, ਉਥੇ ਹੀ ਸਿਵਲ ਵਰਦੀ ਵਿਚ 8 ਤੋਂ 10 ਲੋਕ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਏ, ਜਿਨ੍ਹਾਂ ਵਿਚ ਇਕ ਔਰਤ ਵੀ ਮੌਜੂਦ ਸੀ।  ਇਸ ਦੌਰਾਨ ਘਰ ਦੀ ਤਲਾਸ਼ੀ ਲਈ ਗਈ ਪਰ ਉਨ੍ਹਾਂ ਨੂੰ ਘਰ ਵਿਚੋਂ ਕੁਝ ਵੀ ਨਹੀਂ ਮਿਲਿਆ।

ਨਵੀਨ ਨੇ ਦੋਸ਼ ਲਾਇਆ ਕਿ ਐੱਸ. ਟੀ. ਐੱਫ਼. ਨੇ ਉਨ੍ਹਾਂ ਤੋਂ 5 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਅਤੇ ਪੈਸੇ ਨਾ ਦੇਣ 'ਤੇ ਉਨ੍ਹਾਂ 'ਤੇ ਨਸ਼ੇ ਵਾਲੇ ਪਦਾਰਥਾਂ ਦਾ ਕੇਸ ਪਾਉਣ ਦੀ ਧਮਕੀ ਦਿੱਤੀ ਸੀ।ਇਸ ਕਾਰਨ ਪਿਤਾ ਸੁਰਿੰਦਰ ਕੁਮਾਰ ਕਾਫੀ ਘਬਰਾ ਗਏ ਅਤੇ ਫਿਰ ਅਚਾਨਕ ਪਿਤਾ ਦੀ ਤਬੀਅਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੂੰ ਫਗਵਾੜਾ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ ਉਥੇ ਹੀ ਸੁਰਿੰਦਰ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਨਾਮਵਰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਦੇ ਛੋਟੇ ਭਰਾ, ਅੰਮ੍ਰਿਤਾ ਵਿਰਕ ਤੇ ਭਾਰਤੀ ਸ਼ਰਮਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਹ ਵੀ ਪੜ੍ਹੋ:ਸ਼ਰਾਬ ਦੇ ਨਸ਼ੇ 'ਚ ਪਤਨੀ ਦੇ ਢਿੱਡ 'ਚ ਮਾਰੀ ਲੱਤ, ਗੁੱਸੇ 'ਚ ਆ ਕੇ ਪਤਨੀ ਨੇ ਕਤਲ ਕੀਤਾ ਪਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News