ਧੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੀ ਮਤਰੇਈ ਮਾਂ ਗ੍ਰਿਫਤਾਰ
Friday, Mar 23, 2018 - 04:27 PM (IST)

ਲੁਧਿਆਣਾ (ਮਹੇਸ਼) : 25 ਸਾਲਾ ਸ਼ਾਦੀਸ਼ੁਦਾ ਧੀ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਵਾਲੀ ਮਤਰੇਈ ਮਾਂ ਰਸ਼ਮੀ ਨੂੰ ਜੋਧੇਵਾਲ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ । ਪੁਲਸ ਨੇ ਇਹ ਕਾਰਵਾਈ ਮਰਨ ਤੋਂ ਪਹਿਲਾਂ ਟਵਿੰਕਲ ਵੱਲੋਂ ਲਿਖੇ ਗਏ ਸੁਸਾਈਡ ਨੋਟ ਦੇ ਆਧਾਰ 'ਤੇ ਕੀਤੀ ਹੈ । ਟਵਿੰਕਲ ਨੇ ਮਤਰੇਈ ਮਾਂ ਦੇ ਤਾਹਨਿਆਂ-ਮਿਹਣਿਆਂ ਤੋਂ ਦੁਖੀ ਹੋ ਕੇ ਹੀਰਾ ਨਗਰ 'ਚ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਟਵਿੰਕਲ ਦਾ ਕਰੀਬ 6 ਸਾਲ ਪਹਿਲਾਂ ਕਰਮਵੀਰ ਸਿੰਘ ਨਾਲ ਵਿਆਹ ਹੋਇਆ ਸੀ । ਉਸ ਦੀ ਇਕ ਧੀ ਵੀ ਹੈ । ਕਰੀਬ 2 ਸਾਲ ਪਹਿਲਾਂ ਟਵਿੰਕਲ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ । ਉਸ ਦੇ ਪਿਤਾ ਨੇ ਰਸ਼ਮੀ ਨਾਲ ਦੂਜਾ ਵਿਆਹ ਕਰ ਲਿਆ, ਜੋ ਅਕਸਰ ਬਿਨਾਂ ਵਜ੍ਹਾ ਟਵਿੰਕਲ ਨੂੰ ਤਾਅਨੇ-ਮਿਹਣੇ ਮਾਰ ਕੇ ਪਰੇਸ਼ਾਨ ਕਰਦੀ ਸੀ ।
ਗੱਲ ਉਸ ਸਮੇਂ ਜ਼ਿਆਦਾ ਵਿਗੜ ਗਈ, ਜਦੋਂ ਟਵਿੰਕਲ ਆਪਣੇ ਪਿਤਾ ਨੂੰ ਮਿਲਣ ਪੇਕੇ ਘਰ ਗਈ । ਜਿੱਥੇ ਮਤਰੇਈ ਮਾਂ ਨੇ ਉਸ ਦੇ ਨਾਲ ਦੁਰਵਿਹਾਰ ਕੀਤਾ ਅਤੇ ਉਸ ਨੂੰ ਬੁਰਾ-ਭਲਾ ਬੋਲਿਆ । ਟਵਿੰਕਲ ਨੇ ਸਹੁਰੇ ਘਰ ਆ ਕੇ ਪੱਖੇ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ । ਮਰਨ ਤੋਂ ਪਹਿਲਾਂ ਉਸ ਨੇ ਇਕ ਸੁਸਾਈਡ ਨੋਟ ਲਿਖਿਆ, ਜਿਸ ਵਿਚ ਉਸਨੇ ਆਪਣੀ ਮੌਤ ਦੀ ਜ਼ਿੰਮੇਵਾਰ ਆਪਣੀ ਮਤਰੇਈ ਮਾਂ ਨੂੰ ਠਹਿਰਾਇਆ । ਕਰਮਵੀਰ ਜਦੋਂ ਕੰਮ ਤੋਂ ਘਰ ਪਰਤਿਆ ਤਾਂ ਘਟਨਾ ਦਾ ਪਤਾ ਚੱਲਿਆ । ਉਸ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ । ਪੁਲਸ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਕਰਮਵੀਰ ਦੀ ਸ਼ਿਕਾਇਤ ਉੱਤੇ ਉਸ ਦੀ ਸੱਸ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇੰਸਪੈਕਟਰ ਜਮੀਲ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ।