ਮਾਨਸਾ ਸਟੇਸ਼ਨ ’ਤੇ ਗੱਡੀਆਂ ਦਾ ਠਹਿਰਾਓ ਦੀ ਮੰਗ ਨੂੰ ਕੇਂਦਰੀ ਰੇਲ ਮੰਤਰੀ ਕੋਲ ਲੈ ਕੇ ਜਾਣਗੇ ਨਕੱਈ

01/28/2023 5:48:22 PM

ਮਾਨਸਾ (ਸੰਦੀਪ ਮਿੱਤਲ) : ਭਾਜਪਾ ਦੇ ਸੂਬਾ ਉੱਪ ਪ੍ਰਧਾਨ ਜਗਦੀਪ ਸਿੰਘ ਨਕੱਈ ਮਾਨਸਾ ਸਟੇਸ਼ਨ ’ਤੇ ਨਾ ਰੁਕਣ ਵਾਲੀਆਂ ਅਤੇ ਬੰਦ ਪਈਆਂ ਸੁਪਰ ਫਾਸਟ ਗੱਡੀਆਂ ਨੂੰ ਸ਼ੁਰੂ ਕਰਵਾਉਣ ਅਤੇ ਪਲੇਟੀ ਨੂੰ ਸ਼ਹਿਰ ਦੀ ਸੰਘਣੀ ਆਬਾਦੀ ਤੋਂ ਬਾਹਰ ਲਿਜਾਣ ਲਈ ਰੇਲ ਮੰਤਰੀ ਕੋਲ ਮੰਗ ਰੱਖਣਗੇ। ਨਕੱਈ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹ ਮੰਗਾਂ ਹਰ ਹਾਲ ਵਿਚ ਪੂਰੀਆਂ ਕਰਵਾਈਆਂ ਜਾਣਗੀਆਂ ਅਤੇ ਕੇਂਦਰ ਦੀ ਮੋਦੀ ਸਰਕਾਰ ਵੀ ਇਸ ’ਤੇ ਕੋਈ ਨਾਂਹ ਨੁੱਕਰ ਕਰਨ ਵਾਲੀ ਨਹੀਂ। ਜਗਦੀਪ ਸਿੰਘ ਨਕੱਈ ਨੂੰ ਸ਼ੁੱਕਰਵਾਰ ਨੂੰ ਸ਼ਹਿਰ ਮਾਨਸਾ ਦਾ ਇਕ ਵਫਦ ਸ਼ਾਂਤੀ ਭਵਨ ਵਿਖੇ ਮਿਲਿਆ। ਜਿਨ੍ਹਾਂ ਨੇ ਨਕੱਈ ਨੂੰ ਮੰਗ ਪੱਤਰ ਸੋਂਪਿਆ। ਇਸ ਵਫਦ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਵੋਇਸ ਆਫ ਮਾਨਸਾ ਡਾ. ਜਨਕ ਰਾਜ, ਸਵਰਨਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕਟੋਦੀਆ, ਸੀਨੀਅਰ ਸਿਟੀਜਨ ਦੇ ਪ੍ਰਧਾਨ ਬਿੱਕਰ ਸਿੰਘ ਮੰਘਾਣੀਆਂ, ਰੋਟਰੀ ਕਲੱਬ ਰਾਇਲ ਮਾਨਸਾ ਦੇ ਪਾਸਟ ਗਵਰਨਰ ਪ੍ਰੇਮ ਅਗਰਵਾਲ, ਅਗਰਸੈਨ ਭਵਨ ਮਾਨਸਾ ਦੇ ਪ੍ਰਧਾਨ ਹੇਮ ਰਾਜ ਬਾਂਸਲ, ਜਤਿੰਦਰ ਆਗਰਾ ਸਾਬਕਾ ਐੱਮ.ਸੀ, ਹਰਬੰਸ ਸਿੰਘ ਢਿੱਲੋਂ ਪ੍ਰਧਾਨ ਤਰਕਸ਼ੀਲ ਸੁਸਾਇਟੀ, ਸਕੱਤਰ ਪਰਮਜੀਤ ਕੌਰ, ਸਰਪੰਚ ਹਰਬੰਸ ਸਿੰਘ ਭਾਈਦੇਸਾ, ਬੋਬੀ ਬੂਟਾਂ ਵਾਲਾ, ਭੂਸ਼ਣ ਕੁਮਾਰ, ਸ਼ਾਂਤੀ ਭਵਨ ਦੇ ਪ੍ਰਧਾਨ ਬਲਵਿੰਦਰ ਬਾਂਸਲ, ਮਾ. ਨਸੀਬ ਸਿੰਘ, ਰਾਮ ਕ੍ਰਿਸ਼ਨ ਚੁੱਘ ਵੀ ਸ਼ਾਮਿਲ ਸਨ।  

ਵਫਦ ਵਿਚ ਸ਼ਾਮਲ ਸੀਨੀਅਰ ਸਿਟੀਜਨ ਕੌਂਸਲ ਮਾਨਸਾ ਦੇ ਪ੍ਰਧਾਨ ਬਿੱਕਰ ਮੰਘਾਣੀਆਂ, ਜਤਿੰਦਰ ਆਗਰਾ ਅਤੇ ਪ੍ਰੇਮ ਅਗਰਵਾਲ ਨੇ ਕਿਹਾ ਕਿ ਮਾਨਸਾ ਸਟੇਸ਼ਨ ’ਤੇ ਇਨ੍ਹੀਂ ਦਿਨੀ ਇਕ ਸੁਪਰ ਫਾਸਟ ਗੱਡੀ (20409) ਦਿੱਲੀ ਤੋਂ ਬਠਿੰਡਾ, ਬਠਿੰਡਾ ਤੋਂ ਦਿੱਲੀ (20410) ਨਹੀਂ ਰੁਕ ਰਹੀ। ਜਿਸ ਦਾ ਮਾਨਸਾ ਸਟੇਸ਼ਨ ’ਤੇ 11:30 ਵਜੇ ਸਵੇਰੇ ਅਤੇ 4:40 ਤੇ ਸ਼ਾਮ ਨੂੰ ਸਟਾਪ ਹੋਣਾ ਜ਼ਰੂਰੀ ਹੈ ਕਿਉਂਕਿ ਮਾਨਸਾ ਇਕ ਕਾਰੋਬਾਰੀ ਹੱਬ ਹੈ। ਹਰ ਦਿਨ ਹਜ਼ਾਰਾਂ ਲੋਕ ਮਾਨਸਾ, ਸਰਦੂਲਗੜ੍ਹ, ਭੀਖੀ, ਬੁਢਲਾਡਾ ਅਤੇ ਪਿੰਡਾਂ ਦੇ ਕਾਰੋਬਾਰੀ ਇਨ੍ਹਾਂ ਗੱਡੀਆਂ ਤੇ ਦਿੱਲੀ-ਬਠਿੰਡਾ, ਕੋਲਕਾਤਾ, ਗੁੜਗਾਓ, ਜੈਪੁਰ ਅਤੇ ਹੋਰ ਥਾਵਾਂ ’ਤੇ ਆਉਂਦੇ-ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 2 ਗੱਡੀਆਂ ਜਨਤਾ ਐਕਸਪ੍ਰੈੱਸ ਅਤੇ ਆਭਾ ਐਕਸਪ੍ਰੈੱਸ ਰੇਲ-ਗੱਡੀਆਂ ਕੋਵਿਡ ਵੇਲੇ ਦੀਆਂ ਬੰਦ ਪਈਆਂ ਹਨ, ਜੋ ਲੰਮੀ ਦੂਰੀ ਦੀਆਂ ਗੱਡੀਆਂ ਹਨ।  ਪਰ ਉਨ੍ਹਾਂ ਦੇ ਬੰਦ ਰਹਿਣ ਕਾਰਨ ਸ਼ਹਿਰੀਆਂ ਨੂੰ ਵੱਡੀ ਮੁਸ਼ਕਿਲ ਆ ਰਹੀ ਹੈ ਅਤੇ ਦੂਰ-ਦੁਰਾਂਢੇ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਵਫਦ ਨੇ ਜਗਦੀਪ ਸਿੰਘ ਨਕੱਈ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਇਨ੍ਹਾਂ ਗੱਡੀਆਂ ਦਾ ਸਟਾਪ ਬਣਾਉਣ, ਬੰਦ ਗੱਡੀਆਂ ਨੂੰ ਚਾਲੂ ਕਰਵਾਉਣ ਤੋਂ ਇਲਾਵਾ ਸ਼ਹਿਰ ਵਿਚਲੀ ਮਾਲ ਗੋਦਾਮ ਪਲੇਟੀ ਸ਼ਹਿਰ ਤੋਂ ਬਾਹਰ ਕਿਸੇ ਖੁੱਲ੍ਹੇ ਥਾਂ ’ਤੇ ਲਿਜਾਣ ਦੀ ਲੋੜ ਹੈ।  ਸ਼ਹਿਰ ਵਿਚ ਮਾਲ ਗੱਡੀ ਲੱਗਣ ਕਾਰਨ ਟ੍ਰੈਫਿਕ ਮੁਸ਼ਕਿਲ ਅਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਟਰੱਕਾਂ ਦੀ ਢੋਆ-ਢੁਆਈ ਵਿਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਕਰਕੇ ਇਹ ਪਲੇਟੀ ਸ਼ਹਿਰੋਂ ਬਾਹਰ ਕਿਸੇ ਖੁੱਲ੍ਹੀ ਜਗ੍ਹਾ ’ਤੇ ਬਣਾਈ ਜਾਵੇ। ਜਿੱਥੇ ਟਰੱਕਾਂ ਦੇ ਆਉਣ-ਜਾਣ ’ਤੇ ਕੋਈ ਵੀ ਰੁਕਾਵਟ ਨਾ ਹੋਵੇ।

ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰੀ ਰੇਲ ਮੰਤਰੀ ਨੂੰ ਮਿਲ ਰਹੇ ਹਨ। ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀ ਮੰਗ ਨੂੰ ਉਹ ਉਚੇਚੇ ਤੌਰ ’ਤੇ ਰੇਲ ਮੰਤਰੀ ਕੋਲ ਰੱਖਣਗੇ। ਨਕੱਈ ਨੇ ਕਿਹਾ ਕਿ ਉਹ ਇਨ੍ਹਾਂ ਮੰਗਾਂ ਦੀ ਸਿਰਫ ਪੈਰਵਾਈ ਹੀ ਨਹੀਂ ਕਰਨਗੇ, ਬਲਕਿ ਉਨ੍ਹਾਂ ਦੀ ਵੀ ਇਹੀ ਮੰਗ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਆਸ ਹੈ ਕਿ ਇਸ ਉਮੀਦ ਨੂੰ ਪੂਰਾ ਕਰੇਗੀ ਅਤੇ ਇਸ ਉੱਤੇ ਕੋਈ ਵੀ ਇਨਕਾਰ ਨਹੀਂ ਕੀਤਾ ਜਾਵੇਗਾ।  ਵਫਦ ਨੇ ਜਗਦੀਪ ਸਿੰਘ ਨਕੱਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਲ ਇਹ ਮਸਲਾ ਲੈ ਕੇ ਜਾਣ ਲਈ ਸ਼ਹਿਰੀ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ ਕਿਉਂਕਿ ਇਹ ਮੰਗਾਂ ਸਿਰਫ ਇਕ ਵਿਅਕਤੀ ਦੀਆਂ ਨਹੀਂ ਬਲਕਿ ਜਨਤਕ ਹਨ।


Gurminder Singh

Content Editor

Related News