ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਸਬੰਧੀ ਅਜੇ ਨਹੀਂ ਖੋਲ੍ਹਣਗੇ ਪੱਤੇ, ਸੰਤ ਘੁੰਨਸ ਨਾਲ ਕੀਤੀ ਬੰਦ ਕਮਰਾ ਮੀਟਿੰਗ
Monday, Oct 24, 2022 - 11:10 AM (IST)
ਤਪਾ ਮੰਡੀ (ਗਰਗ, ਸ਼ਾਮ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਇਨ੍ਹੀਂ ਦਿਨੀਂ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ | ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਆਹਮੋ-ਸਾਹਮਣੇ ਆ ਗਏ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਚੋਣ ਕੋਈ ਵੀ ਲੜ ਸਕਦਾ ਹੈ ਪਰ ਫ਼ੈਸਲਾ ਕਮੇਟੀ ਮੈਂਬਰਾਂ ਦੀ ਰਾਏ ਦੇ ਆਧਾਰ ’ਤੇ ਹੀ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਰਾਮ ਰਹੀਮ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ SGPC ਪ੍ਰਧਾਨ ਧਾਮੀ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
ਬੀਤੇ ਦਿਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਤ ਬਲਵੀਰ ਸਿੰਘ ਘੁੰਨਸ ਨਾਲ ਸੰਤ ਅਤਰ ਸਿੰਘ ਤਪ ਅਸਥਾਨ ਘੁੰਨਸ ਵਿਖੇ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਜਦੋਂ ਪੱਤਰਕਾਰਾਂ ਨੇ ਸੰਤ ਬਲਵੀਰ ਸਿੰਘ ਘੁੰਨਸ ਨੂੰ ਪੁੱਛਿਆ ਕਿ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਵੀ ਤੁਹਾਨੂੰ ਮਿਲ ਚੁੱਕੇ ਹਨ ਤਾਂ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਸੁਖਬੀਰ ਬਾਦਲ ਕਿਸੇ ਸਿਆਸੀ ਕੰਮ ਲਈ ਨਹੀਂ ਸਗੋਂ, ਉਨ੍ਹਾਂ ਦੀ ਸਿਹਤ ਸਬੰਧੀ ਪੁੱਛਣ ਆਏ ਹਨ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਸਰ ’ਚ ਵਾਪਰੀ ਘਟਨਾ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਸੜਕ ’ਤੇ ਸੁੱਟ ਕੇ ਕੀਤੀ ਬੇਅਦਬੀ
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੱਘ ਬਾਰੇ ਸਵਾਲਾਂ ਨੂੰ ਟਾਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਅਜੇ ਪੱਤੇ ਨਹੀਂ ਖੋਲ੍ਹਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਉਣ ਵਾਲੀਆਂ ਚੋਣਾਂ ਸਬੰਧੀ ਰਣਨੀਤੀ ਉਲੀਕਣ ਲਈ ਅੱਜ ਤੋਂ ਹੀ ਨਹੀਂ, ਸਗੋਂ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਹਨ। ਸੁਖਬੀਰ ਨੇ ਕਿਹਾ ਕਿ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਇਕ ਮਹੀਨਾ ਪਹਿਲਾਂ ਹਰ ਮੈਂਬਰ ਤੋਂ ਨਿੱਜੀ ਤੌਰ ’ਤੇ ਰਾਏ ਲਈ ਜਾਂਦੀ ਹੈ ਕਿ ਪ੍ਰਧਾਨ ਕਿਸ ਨੂੰ ਬਣਾਇਆ ਜਾਵੇ, ਚੋਣ ਵੀ ਇਸੇ ਕੜੀ ਤਹਿਤ ਕੀਤੀ ਜਾਂਦੀ ਹੈ ਪਰ ਉਹ ਚੰਡੀਗੜ੍ਹ ਜਾਂਦੇ ਸਮੇਂ ਕੁਝ ਸਮਾਂ ਸੰਤ ਘੁੰਨਸ ਕੋਲ ਚਾਹ ਪੀਣ ਲਈ ਰੁਕੇ ਸੀ।
ਇਸ ਦੌਰਾਨ ਸੁਖਬੀਰ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਬਦਲਾਅ ਦੇ ਨਾਂ ’ਤੇ ਲੋਕਾਂ ’ਤੇ ਵੋਟਾਂ ਇੰਨੀਆਂ ਭਾਰੀ ਹੋ ਗਈਆਂ ਹਨ ਕਿ ਪੰਜਾਬ 5 ਸਾਲ ਪਿੱਛੇ ਚਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੂਜੇ ਸੂਬਿਆਂ ਵਿਚ ਚੋਣਾਂ ਜਿੱਤਣ ਦੀ ਕਾਹਲੀ ਵਿਚ ਹੈ, ਜਿਸ ਕਾਰਨ ਪੰਜਾਬ ਦੇ ਮਾਲੀਏ ਵਿਚੋਂ ਦੂਜੇ ਰਾਜਾਂ ਵਿਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ, ਜੋ ਕਿ ਗ਼ਲਤ ਹੈ। ਇਸ ਦੌਰਾਨ ਸੁਖਬੀਰ ਨੇ ਗੁਰਦੁਆਰਾ ਸੰਤ ਅਤਰ ਤਪ ਅਸਥਾਨ ਵਿਖੇ ਮੱਥਾ ਟੇਕਿਆ ਅਤੇ ਗੁਰਦੁਆਰਾ ਦੇ ਸੇਵਾਦਾਰ ਸੰਤ ਬਲਵੀਰ ਸਿੰਘ ਘੁੰਨਸ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਵਾਰ ਸੁਖਬੀਰ ਦੇ ਲਿਫ਼ਾਫ਼ੇ ’ਚੋਂ ਨਹੀਂ ਨਿਕਲੇਗਾ ਸਪੀਕਰ : ਸੁਖਦੇਵ ਢੀਂਡਸਾ
ਇਸ ਸਬੰਧੀ ਜਦੋਂ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਸੁਖਬੀਰ ਬਾਦਲ ਦੀ ਮੀਟਿੰਗ ਨਹੀਂ ਚੱਲਣ ਦਿੱਤੀ ਜਾਵੇਗੀ ਅਤੇ ਨਾ ਹੀ ਲਿਫ਼ਾਫ਼ੇ ’ਚੋਂ ਸਪੀਕਰ ਨਿਕਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸਾਡੇ ਨਾਲ ਬਹੁਤ ਸਾਰੇ ਮੈਂਬਰ ਜੁੜੇ ਹੋਏ ਹਨ ਅਤੇ ਪ੍ਰਧਾਨ ਸਾਡੀ ਸਹਿਮਤੀ ਨਾਲ ਹੀ ਬਣੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ