ਸੁਖਬੀਰ ਬਾਦਲ ਤੇ ਉਸ ਦਾ ਟੋਲਾ ਤਨਖ਼ਾਹੀਆ ਨਹੀਂ, ਸਿੱਖ ਪੰਥ ਦਾ ਅਪਰਾਧੀ ਹੈ: ਸਿੱਖ ਚਿੰਤਕ

Saturday, Aug 31, 2024 - 02:27 PM (IST)

ਸੁਖਬੀਰ ਬਾਦਲ ਤੇ ਉਸ ਦਾ ਟੋਲਾ ਤਨਖ਼ਾਹੀਆ ਨਹੀਂ, ਸਿੱਖ ਪੰਥ ਦਾ ਅਪਰਾਧੀ ਹੈ: ਸਿੱਖ ਚਿੰਤਕ

ਜਲੰਧਰ- ਸਿੱਖ ਪੰਥ ਦੇ ਚਿੰਤਕਾਂ ਸਿਰਦਾਰ ਗੁਰਤੇਜ ਸੰਘ ਆਈ. ਏ. ਐੱਸ, ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ,ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਤਨਖ਼ਾਹੀਆ ਉਹ ਹੁੰਦਾ ਹੈ, ਜਿਸ ਨੇ ਧਰਮ ਦੀਆਂ ਰਵਾਇਤਾਂ ਦੀ ਉਲੰਘਣਾ ਕੀਤੀ ਹੋਵੇ ਪਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ 'ਤੇ ਇਸ ਦੇ ਟੋਲੇ ਵੱਲੋਂ ਕੀਤੇ ਅਣਗਿਣਤ ਅਪਰਾਧ ਸਿਆਸੀ ਹਨ, ਜਿਨ੍ਹਾਂ ਨੇ ਅਕਾਲੀ ਦਲ ਨੂੰ ਖ਼ਤਮ ਕਰਕੇ, ਪੰਥਕ ਪਰੰਪਰਾਵਾਂ ਦਾ ਘਾਣ ਕਰਕੇ ਸਿੱਖ ਪੰਥ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਦਿਤਾ। 

ਸਿੱਖ ਪੰਥ ਬਾਦਲ ਪਰਿਵਾਰ ਦੇ ਸਿੱਖ ਪੰਥ ਵਿਰੋਧੀ ਕਰਾਈਮ ਕਾਰਨ ਉਸ ਸਮੇਂ ਤੋ ਹੁਣ ਤੱਕ ਮਾਨਸਿਕ ਪੀੜਾ ਵਿੱਚੋਂ ਨਿਕਲ ਰਿਹਾ ਹੈ, ਜਿਸ ਕੌਮ ਦੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਗੁਨਾਹਗਾਰ ਸੱਤਾ ਦੇ ਲਾਲਚੀ ਲੀਡਰਾਂ ਕਾਰਨ ਖ਼ਤਮ ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੀ ਸਿਰਜਣਾ ਅਕਾਲ ਤਖ਼ਤ ਸਾਹਿਬ ਤੋਂ ਹੋਈ ਸੀ, ਹੁਣ ਵੀ ਪੰਥਕ ਪਰੰਪਰਾਵਾਂ ਅਨੁਸਾਰ ਅਕਾਲੀ ਦਲ ਦੀ ਪੁਨਰ ਸਿਰਜਣਾ ਪੰਥਕ ਸੋਚ ਅਤੇ 1920 ਦੇ ਵਿਧਾਨ ਅਨੁਸਾਰ ਹੋਣੀ ਚਾਹੀਦੀ ਹੈ, ਜਿਸ ਦੀ ਮੁਹਿੰਮ ਦਾ ਖ਼ਰਚਾ ਸੁਖਬੀਰ ਬਾਦਲ ਸਮੇਤ ਸਾਰੇ ਦੋਸ਼ੀ ਅਕਾਲੀ ਲੀਡਰਾਂ ਤੋਂ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ  ਇਨ੍ਹਾਂ ਬਚੇਖਾਣੀ ਸਿਆਸਤ ਕਰਨ ਵਾਲੇ ਗੁਨਾਹਗਾਰਾਂ ਨੂੰ ਸਿੱਖ ਸਿਆਸਤ ਅਤੇ ਧਾਰਮਿਕ ਸੰਸਥਾਵਾਂ ਤੋਂ ਬੇਦਖਲ ਕਰਨਾ ਚਾਹੀਦਾ ਹੈ। ਸਿਆਸੀ ਧਾਰਮਿਕ ਸਰਗਰਮੀਆਂ ਉਪਰ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਪੰਥ ਦਾ ਹੋਰ ਨੁਕਸਾਨ ਨਾ ਕਰ ਸਕਣ।

ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ 'ਤਾ ਪਰਿਵਾਰ, ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਪੰਥ ਖਿਤਾਬ ਫਖਰੇ ਕੌਮ ਵਾਪਸ ਲੈਣਾ ਚਾਹੀਦਾ ਹੈ। ਇਹ ਖਿਤਾਬ ਦੇਣ ਨਾਲ ਅਕਾਲ ਤਖ਼ਤ ਸਾਹਿਬ ਅਤੇ ਮੀਰੀ ਪੀਰੀ ਪਾਵਨ ਸਿਧਾਂਤ 'ਤੇ ਦਾਗ ਲੱਗਾ ਹੈ। ਉਨ੍ਹਾਂ ਕਿਹਾ ਕਿ ਸਤਾ ਖਾਤਰ ਕੇਂਦਰੀ ਪਾਰਟੀਆਂ ਨਾਲ ਗੈਰ-ਸਿਧਾਂਤਕ ਸਮਝੋਤੇ ਕਰਨ ਵਾਲੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਟੋਲੇ ਨੇ ਅਕਾਲੀ ਦਲ ਨੂੰ ਉਸੇ ਤਰ੍ਹਾਂ ਬੰਦ ਬੰਦ ਕਟਕੇ ਮਾਰਿਆ ਜਿਵੇਂ ਭਾਈ ਮਨੀ ਸਿੰਘ ਨੂੰ ਮੁਗਲਾਂ ਨੇ ਸ਼ਹੀਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਕਾਲੀ ਦਲ ਦਾ ਪੁਰਾਤਨ ਸੰਵਿਧਾਨ ਖ਼ਤਮ ਕੀਤਾ, ਜ਼ਿਲ੍ਹਾ ਜਥੇਦਾਰ ਖ਼ਤਮ ਕੀਤੇ, ਪੰਥਕ ਮੰਗਾਂ ਖ਼ਤਮ ਕੀਤੀਆਂ, ਅਨੰਦਪੁਰ ਦਾ ਮਤਾ ਖ਼ਤਮ ਕਰਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਸਿਰਜ ਕੇ ਇਸ ਨੂੰ ਦਿਸ਼ਾਹੀਣ ਕੀਤਾ।

ਉਨ੍ਹਾਂ ਇਹ ਵੀ ਕਿਹਾ ਕਿ ਸਿੰਘ ਸਾਹਿਬਾਨਾਂ ਵਲੋਂ ਬਾਦਲ ਧੜੇ ਉਪਰ ਅਕਾਲੀ ਰਾਜਨੀਤੀ ਚਲਾਉਣ ਉਪਰ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ ਸਮੇਤ ਇਹ ਸਾਰਾ ਟੋਲਾ ਗੁਨਾਹਗਾਰ ਹੈ। ਅਜਿਹੇ ਲੋਕ ਸਿੱਖ ਪੰਥ ਦੀ ਉਹ ਵਾਹਿਦ ਜਮਾਤ ਦਾ ਪ੍ਰਬੰਧ ਨਹੀਂ ਚਲਾ ਸਕਦੇ, ਜਿਸ ਜਮਾਤ ਅਕਾਲੀ ਦਲ ਉਪਰ ਸਿੱਖ ਪੰਥ ਦੀ ਆਸਥਾ ਹੈ। ਉਨ੍ਹਾਂ ਜਥੇਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਨੂੰ ਬਚਾਉਣ ਅਤੇ ਇਸ ਦਾ ਪੁਨਰ ਇਤਿਹਾਸ ਸਿਰਜਣ ਦੇ ਯਤਨ ਹੋਣੇ ਚਾਹੀਦੇ ਹਨ। ਉਨ੍ਹਾਂ ਸਿੰਘ ਸਾਹਿਬਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਕਾਲੀ ਦਲ ਉਪਰ ਸੰਤ ਫਤਿਹ ਸਿੰਘ ਦੀ ਮੌਤ ਤੋ ਬਾਅਦ ਉਸ ਦੀਆਂ ਬਦਰੂਹਾਂ ਦਾ ਕਬਜਾ ਹੈ, ਜਿਸ ਨੇ ਸੱਤਾ ਦੀ ਲਾਲਸਾ, ਵੰਸ਼ਵਾਦ ਦੇ ਮੋਹ ਕਾਰਨ ਲਗਾਤਾਰ ਪੰਥਕ ਸੰਸਥਾਵਾਂ ਦਾ ਘਾਣ ਕੀਤਾ ਅਤੇ ਪੰਥਕ ਹਿਤਾਂ ਨੂੰ ਆਪਣੀ ਸੱਤਾ ਦੇ ਲਾਲਚ ਵਿਚ ਰੋਲਿਆ ਹੈ। 

ਇਹ ਵੀ ਪੜ੍ਹੋ- ਤਨਖ਼ਾਹੀਆ ਕਰਾਰ ਦੇਣ ਮਗਰੋਂ ਬਾਗੀ ਧੜੇ ਨੇ ਸੁਖਬੀਰ ਬਾਦਲ ਤੋਂ ਫਿਰ ਮੰਗਿਆ ਅਸਤੀਫ਼ਾ

ਉਨ੍ਹਾਂ ਕਿਹਾ ਕਿ ਰਾਜੀਵ-ਲੌਗੋਵਾਲ ਸਮਝੌਤਾ ਸਿਖ ਪੰਥ ਨਾਲ ਕੀਤੇ ਫਰਾਡ ਅਤੇ ਅਪਰਾਧ ਦਾ ਨਤੀਜਾ ਸੀ, ਜਿਸ ਦੀ ਇਹ ਅਪਰਾਧੀ ਅਕਾਲੀ ਲੀਡਰ ਬਰਸੀਆਂ ਮਨਾ ਕੇ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਗੁਨਾਹਾਂ 'ਤੇ ਮਿੱਟੀ ਪਾ ਕੇ ਉਸ ਨੂੰ ਸਿੱਖ ਪੰਥ ਦਾ ਨਾਇਕ ਸਿਰਜਣਾ ਚਾਹੁੰਦੇ ਹਨ ਅਤੇ ਆਪ ਇਸ ਦੇ ਵਾਰਿਸ ਬਣ ਕੇ ਆਪਣੇ ਪਾਪ ਲੁਕਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਇਤਿਹਾਸਕ ਲੜੀ ਸਿੱਖ ਪੰਥ ਨਾਲ ਕੀਤੇ ਅਪਰਾਧਾਂ ਨਾਲ ਜੁੜਦੀ ਹੈ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਅਤੇ ਉਸ ਦਾ ਧੜਾ ਕਰ ਰਿਹਾ ਹੈ।

ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ 'ਤੇ ਕੀ ਬੋਲੇ ਡਾ. ਦਲਜੀਤ ਸਿੰਘ ਚੀਮਾ

ਉਨ੍ਹਾਂ ਕਿਹਾ ਕਿ ਜੋ ਸੁਖਬੀਰ ਬਾਦਲ ਅਤੇ ਉਸ ਦੇ ਟੋਲੇ 'ਤੇ ਸਿੱਖ ਪੰਥ ਨਾਲ ਕਮਾਏ ਧ੍ਰੋਹ ਅਤੇ ਅਪਰਾਧ ਕਰਨ ਦੇ ਦੋਸ਼ ਹਨ। ਉਹ ਅਕਾਲ ਤਖ਼ਤ ਸਾਹਿਬ ਵੱਲੋਂ ਦੋਸ਼ ਪੱਤਰ ਦੇ ਰੂਪ ਵਿਚ ਸਾਹਮਣੇ ਲਿਆਉਣੇ ਚਾਹੀਦੇ ਹਨ। ਇਸ ਸਬੰਧ ਵਿਚ ਸਾਬਕਾ ਸਿੱਖ ਜੱਜਾਂ, ਵਕੀਲਾਂ ਅਤੇ ਵਿਦਵਾਨਾਂ ਦੀ ਕਮੇਟੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਉਣੀ ਚਾਹੀਦੀ ਹੈ। ਇਸ ਦੇ ਘੇਰੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਇਨ੍ਹਾਂ ਦੇ ਜੋਟੀਦਾਰ, ਗਿਆਨੀ ਗੁਰਬਚਨ ਸਿੰਘ ਸਮੇਤ ਸਾਬਕਾ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਲਿਆਉਣੇ ਚਾਹੀਦੇ ਹਨ, ਜਿਨ੍ਹਾਂ ਸੌਦਾ ਸਾਧ ਦੀ ਮੁਆਫ਼ੀ ਦੇ ਹਕ ਵਿਚ ਇਸ਼ਤਿਹਾਰ ਦੇ ਕੇ ਗੁਰੂ ਦੀ ਗੋਲਕ ਉਜਾੜੀ। ਇਸ ਤੋਂ ਬਾਅਦ ਸੰਸਾਰ ਭਰ ਦੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਫ਼ੈਸਲਾ ਹੋਣਾ ਚਾਹੀਦਾ ਹੈ, ਜੋ ਸਾਰੇ ਸੰਸਾਰ ਵਿਚ ਆਨਲਾਈਨ ਹੋਵੇ ਅਤੇ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਅਤੇ ਪ੍ਰਕਾਸ਼ ਵਧ ਸਕੇ, ਜੋ ਬਾਦਲ ਪਰਿਵਾਰ ਨੇ ਢਹਿ-ਢੇਰੀ ਕੀਤਾ। ਇਸ ਤੋਂ ਬਾਅਦ ਕੋਈ ਵੀ ਸਿੱਖ ਆਗੂ ਸਿੱਖ ਪੰਥ ਦੀ ਪਿੱਠ 'ਤੇ ਡੋਗਰਾਸ਼ਾਹੀ ਵਾਂਗ ਛੁਰਾ ਨਾ ਮਾਰ ਸਕੇ।

ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ 'ਤੇ ਕੀ ਬੋਲੇ ਡਾ. ਦਲਜੀਤ ਸਿੰਘ ਚੀਮਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News