ਪੰਜਾਬ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ 'ਤੇ ਮੰਤਰੀ ਜੌੜਾਮਾਜਰਾ ਦਾ ਬਿਆਨ

Thursday, Oct 05, 2023 - 12:22 PM (IST)

ਜਲੰਧਰ (ਰਮਨਦੀਪ ਸੋਢੀ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਸਿਆਸਤ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੈ ਤੇ ਉਹ ਮੰਨਦੇ ਵੀ ਨੇ ਕਿ ਮੈਂ ਸਿਆਸਤ 'ਚ ਆਉਣ ਦਾ ਕਦੇ ਸੋਚਿਆ ਵੀ ਨਹੀਂ ਸੀ। ਪਰ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਉਨਾਂ ਨੂੰ ਪ੍ਰਭਾਵਿਤ ਕੀਤੇ ਤੇ ਉਹ ਵਲੰਟੀਅਰ ਦੇ ਤੌਰ 'ਤੇ ਪਾਰਟੀ ਚ ਸ਼ਾਮਲ ਹੋਏ ਸਨ। 'ਜਗਬਾਣੀ' ਨਾਲ ਉਨ੍ਹਾਂ ਆਪਣੇ ਨਿੱਜੀ ਅਤੇ ਸਿਆਸੀ ਜੀਵਨ ਬਾਰੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਵਿੱਚ ਖੁੱਲ ਕੇ ਗਲਬਾਤ ਕੀਤੀ, ਪੇਸ਼ ਹਨ ਵਿਸ਼ੇਸ਼ ਅੰਸ਼-

ਤੁਹਾਡੀ ਸਿੱਖਿਆ ਕਿੱਥੋਂ ਦੀ ਹੈ ?
ਮੈਂ 5ਵੀਂ ਪਿੰਡ ਦੇ ਸਕੂਲ 'ਚੋਂ ਕੀਤੀ ਸੀ। ਸਰਕਾਰੀ ਸਕੂਲ ਧਲੇਠਾ ਤੋਂ 10ਵੀਂ ਅਤੇ ਫਿਰ 12ਵੀਂ ਪ੍ਰਾਈਵੇਟ ਕੀਤੀ। ਮੈਂ 4 ਸਾਲ ਦਾ ਸੀ ਜਦੋਂ ਪਿਤਾ ਜੀ ਗੁਜ਼ਰ ਗਏ ਸਨ। ਵੱਡਾ ਭਾਈ 8ਵੀਂ ਚੋਂ ਹਟ ਕੇ ਖੇਤੀਬਾੜੀ ਕਰਨ ਲੱਗ ਪਿਆ ਸੀ। ਮੇਰੀ ਮਾਂ ਕਾਮਿਆਂ ਨੂੰ ਖੇਤ ਲਿਜਾ ਕੇ ਉਨ੍ਹਾਂ ਦੇ ਨਾਲ ਗੋਡੀ ਕਰਦੀ ਹੁੰਦੀ ਸੀ। ਉਦੋਂ ਕਰੀਬ 20 ਕਿੱਲਿਆਂ ਦੀ ਖੇਤੀ ਸੀ। ਘਰ ਦੇ ਹਾਲਾਤ ਹੀ ਅਜਿਹੇ ਸਨ ਕਿ ਉਚੇਰੀ ਪੜਾਈ ਦਾ ਮੌਕਾ ਹੀ ਨਹੀਂ ਬਣ ਸਕਿਆ।

ਛੋਟੇ ਹੁੰਦਿਆਂ ਸੀ ਕੰਮਚੋਰ, ਵੱਡੇ ਭਰਾ ਤੋਂ ਖਾਧੀ ਕੁੱਟ 
ਛੋਟੇ ਹੁੰਦਿਆਂ ਮੈਂ ਕੰਮਚੋਰ ਸੀ। ਸਵੇਰੇ ਤੜਕੇ ਖੇਤ ਚਲੇ ਜਾਣਾ ਤੇ 10 ਵੱਜਦਿਆਂ ਨੂੰ ਬੱਸ ਚੜ੍ਹ ਜਾਣਾ। ਮੈਂ ਹਰ ਵਕਤ ਕੰਮ ਤੋਂ ਖਹਿੜਾ ਛੁਡਾਉਣ ਦੇ ਮੂਡ ਚ ਰਹਿੰਦਾ ਸੀ। ਇਸੇ ਕਰਕੇ ਕਈ ਵਾਰ ਵੱਡੇ ਭਰਾ ਤੋਂ ਕੁੱਟ ਵੀ ਖਾਧੀ ਸੀ ਤੇ ਹੁਣ ਤੱਕ ਵੀ ਉਹ ਮੈਨੂੰ ਝਿੜਕ ਦਿੰਦੇ ਹਨ। ਅਸੀਂ ਇਕ ਵਾਰ ਤਿੰਨਾਂ ਭਰਾਵਾਂ ਤੇ ਨੌਕਰ ਨੇ ਸਵੇਰੇ ਚਾਹ ਪੀ ਕੇ ਮਿੱਥ ਲਿਆ ਵੀ ਅੱਜ ਕਿੱਲਾ ਵੱਢਣਾ। ਅਸੀਂ ਚਾਰਾਂ ਨੇ ਜਗ੍ਹਾ ਵੰਡ ਲਈ। ਮੈਂ ਪਾਣੀ ਵਾਲਾ ਤੌੜਾ ਵੀ ਨਾਲ ਰੱਖ ਲਿਆ। ਦੋਵਾਂ ਭਰਾਵਾਂ ਨੇ ਅੱਧਾ ਕਿੱਲਾ ਵੱਢ ਦਿੱਤਾ ਤੇ ਨੌਕਰ ਨੀ ਵੀ ਵਾਵਾ ਵੱਢ ਲਿਆ। ਮੈਂ ਅੱਧ ਵਿਚਾਲੇ ਹੀ ਲਟਕਦਾ ਰਿਹਾ।

ਇਹ ਵੀ ਪੜ੍ਹੋ : ਅਕਾਲੀ ਹਾਸ਼ੀਏ 'ਤੇ, ਕਾਂਗਰਸ ਭਾਜਪਾ 'ਚ ਚਲੀ ਗਈ, ਹੁਣ 20 ਸਾਲ ਤੱਕ ਰਹੇਗੀ 'ਆਪ' ਦੀ ਸਰਕਾਰ: ਜੌੜਾਮਾਜਰਾ

ਤੁਹਾਡਾ ਮਹਿਕਮਾ ਬਦਲ ਦਿੱਤਾ ਗਿਆ? ਕੀ ਮੁੱਖ ਮੰਤਰੀ ਤੁਹਾਡੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਸਨ?
ਸਿਹਤ ਮਹਿਕਮਾ ਸਾਂਭਣ ਲਈ ਬਹੁਤ ਜਾਣਕਾਰੀ ਹੋਣੀ ਚਾਹੀਦੀ ਹੈ। ਡਾ. ਬਲਬੀਰ ਸਿੰਘ ਡਾਕਟਰ ਹਨ ਤੇ ਉਨ੍ਹਾਂ ਨੂੰ ਇਸ ਖੇਤਰ ਬਾਰੇ ਬਹੁਤ ਜਾਣਕਾਰੀ ਹੈ। ਇਸ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਰਹੀ ਗੱਲ ਮੇਰੀ ਤਾਂ ਮੁੱਖ ਮੰਤਰੀ ਮਾਨ ਸਾਬ੍ਹ ਨੂੰ ਲੱਗਦਾ ਹੈ ਕਿ ਜਿਹੜਾ ਮਹਿਕਮਾ ਮੈਂ ਵਧੀਆ ਸਾਂਭ ਸਕਦਾ ਹਾਂ ਉਨ੍ਹਾਂ ਨੇ ਮੈਨੂੰ ਉਹੀ ਮਹਿਕਮਾ ਸੌਂਪਿਆ।

ਤੁਹਾਡੇ ਮੁਤਾਬਕ ਜੋ ਮਹਿਕਮਾ ਤੁਹਾਡੇ ਕੋਲ ਹੈ ਉਸਦੀ ਕੀ ਮਹੱਤਤਾ ਹੈ?
ਮਹਿਕਮਾ ਕੋਈ ਮਾੜਾ ਨਹੀਂ ਤੇ ਮਹਿਕਮੇ ਦੀ ਵੈਲਿਊ ਬੰਦੇ ਨੇ ਪੁਆਉਣੀ ਹੁੰਦੀ ਹੈ। ਮੇਰੀ ਕੋਸ਼ਿਸ਼ ਸੀ ਕਿ ਫੂਡ ਨਾਲ ਸਬੰਧਿਤ ਪਲਾਂਟ ਲਗਾਏ ਜਾਣ। ਪਿਛਲੇ ਦਿਨੀਂ ਹੌਰਟੀਕਲਚਰ ਵਾਲਿਆਂ ਨੂੰ ਸਮੱਸਿਆਵਾਂ ਆ ਰਹੀਆਂ ਸਨ ਤਾਂ ਉਨ੍ਹਾਂ ਨੂੰ ਬੁਲਾ ਕੇ ਮਸਲਾ ਹੱਲ ਕੀਤਾ। ਫੁੱਲਾਂ ਦੀ ਖੇਤੀ ਕਰਨ ਵਾਲੇ ਕਾਸ਼ਤਕਾਰਾਂ ਨੂੰ ਪੈਸੇ ਦਿਵਾਏ। ਇਸ ਤੋਂ ਇਲਾਵਾ ਸਬਜ਼ੀਆਂ 'ਤੇ ਅਸੀਂ ਘੱਟੋ-ਘੱਟ ਸਮਰਥਨ ਮੁੱਲ ਦੇਣ ਜਾ ਰਹੇ ਹਾਂ।

ਸਮਾਣਾ ਹਲਕੇ ਨੂੰ ਤੁਹਾਡੀ ਸਭ ਤੋਂ ਵੱਡੀ ਦੇਣ ਕੀ ਹੈ ?
ਇੱਥੇ ਸੀਵਰੇਜ ਦੀ ਵੱਡੀ ਸਮੱਸਿਆ ਸੀ। ਸੀਵਰੇਜ ਦਾ ਪ੍ਰਾਜੈਕਟ ਲੈ ਕੇ ਆਏ ਹਾਂ ਜੋ ਕਰੀਬ 100 ਕਰੋੜ ਰੁਪਏ 'ਚ ਪੂਰਾ ਹੋਵੇਗਾ। ਕੁਝ ਪਾਈਪ ਲਾਇਨ ਪੈ ਗਈ ਹੈ ਤੇ ਆਉਣ ਵਾਲੇ ਸਮੇਂ ਚ ਰਹਿੰਦੀ ਵੀ ਪਾ ਦਿੱਤੀ ਜਾਵੇਗੀ। ਇਸ ਨਾਲ ਸਮਾਣਾ ਸ਼ਹਿਰ ਦੀ ਇਹ ਸਮੱਸਿਆ ਹੱਲ ਹੋ ਜਾਵੇਗੀ। ਇਸ ਤੋਂ ਇਲਾਵਾ ਮਿੰਨੀ ਸਕੱਤਰੇਤ ਲਈ 7 ਕਰੋੜ ਅਤੇ ਬੱਸ ਅੱਡੇ ਲਈ ਵੀ ਪੈਸੇ ਆ ਚੁੱਕੇ ਹਨ। ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਕੁਝ ਪੰਚਾਇਤਾਂ ਸਾਨੂੰ ਸਾਥ ਨਹੀਂ ਦੇ ਰਹੀਆਂ ਇਸ ਕਰਕੇ ਵਿਕਾਸ ਦੇ ਕਾਰਜ ਉਥੇ ਕਰਨੇ ਥੋੜ੍ਹੇ ਔਖੇ ਹਨ। ਕਈ ਪਿੰਡਾਂ ਵਿੱਚ ਕਰੋੜ-ਕਰੋੜ ਦੇ ਪ੍ਰਾਜੈਕਟ ਵੀ ਸ਼ੁਰੂ ਹਨ।

ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ

ਸਮਾਣਾ ਤੇ ਪਟਿਆਲਾ ਹਸਪਤਾਲ ਦੀ ਤਸਵੀਰ ਤੋਂ ਲੋਕ ਨਾਖੁਸ਼ ਹਨ?
ਦਰਅਸਲ ਪਿਛਲੀਆਂ ਸਰਕਾਰਾਂ ਨੇ ਡਾਕਟਰ ਨਹੀਂ ਰੱਖੇ। ਜਦੋਂ ਮੈਂ ਸਿਹਤ ਮਹਿਕਮਾ ਸੰਭਾਲਿਆ ਸੀ ਤੇ ਹੁਣ ਵੀ ਅਸੀਂ ਡਾਕਟਰਾਂ ਦੀ ਭਰਤੀ ਕੀਤੀ ਹੈ। ਸਰਕਾਰ ਵੀ ਚਾਹੁੰਦੀ ਹੈ ਕਿ ਤਨਖਾਹ ਵਧਾ ਕੇ ਡਾਕਟਰ ਰੱਖੇ ਜਾਣ। ਪੰਜਾਬ ਸਰਕਾਰ ਹਸਪਤਾਲਾਂ ਦਾ ਕਾਇਆਕਲਪ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਿਛਲੇ ਦਿਨੀਂ ਸਮਾਣਾ ਹਸਪਤਾਲ 'ਚ 50 ਲੱਖ ਦਾ ਸਾਜ਼ੋ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ।

ਸੜਕਾਂ ਦੇ ਹਾਲ ਬਹੁਤ ਮਾੜੇ ਹਨ?
ਜੇਕਰ ਕੇਂਦਰ ਸਰਕਾਰ ਆਰ. ਡੀ. ਐਫ. ਦੇ ਪੈਸੇ ਦੇ ਦਵੇ ਤਾਂ ਪੰਜਾਬ ਦੀ ਕੋਈ ਸੜਕ ਟੁੱਟੀ ਨਹੀਂ ਰਹੇਗੀ। 6100 ਕਿਲੋਮੀਟਰ ਸੜਕਾਂ ਬਣ ਜਾਣਗੀਆਂ। ਅਸੀਂ ਸਾਰਾ ਰੋਡਮੈਪ ਬਣਾਈ ਬੈਠੇ ਹਾਂ ਪਰ ਕੇਂਦਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ।

ਸਿੱਖਿਆ ਦੇ ਪੱਖ ਤੋਂ ਤੁਹਾਡੇ ਹਲਕੇ ਚ ਕੀ ਕੰਮ ਹੋ ਰਿਹਾ ਹੈ?
ਸਰਕਾਰੀ ਸਕੂਲ ਨੂੰ 2 ਕਰੋੜ ਦੀ ਲਾਗਤ ਨਾਲ ਐਮੀਨੈਂਸ ਸਕੂਲ ਚ ਬਦਲ ਰਹੇ ਹਾਂ। 5 ਹੋਰ ਸਕੂਲਾਂ ਨੂੰ 50-50 ਲੱਖ ਰੁਪਏ ਦਿੱਤੇ ਹਨ। ਹੋਰ ਵੀ ਜਿੰਨੇ ਸਕੂਲ ਹਨ ਜਿੱਥੇ ਜਿੱਥੇ ਜੋ ਲੋੜ ਹੋਵੇਗੀ ਸਾਰਾ ਕੁਝ ਮੁਹੱਈਆ ਕਰਵਾਇਆ ਜਾਵੇਗਾ। ਇਹਦੇ ਵਿੱਚ ਪੰਚਾਇਤਾਂ ਨੂੰ ਮੋਹਰੀ ਰੋਲ ਨਿਭਾਉਣਾ ਪਵੇਗਾ।

ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ

ਸਮਾਣਾ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਹੈ?
ਮੈਂ ਚਾਹੁੰਦਾ ਹਾਂ ਕਿ ਅਗਲੀ ਵਾਰ ਜਿਹੜਾ ਮਰਜੀ ਵਿਧਾਇਕ ਬਣੇ, ਪਿੰਡਾਂ ਦੇ ਲੋਕ ਉਸ ਅੱਗ ਹੱਥ ਨਾ ਅੱਡਣ ਕਿ ਪਿੰਡ ਦੇ ਵਿਕਾਸ ਲਈ ਗ੍ਰਾਂਟ ਦੀ ਲੋੜ ਹੈ। ਅਸੀਂ ਐਨਾ ਕੰਮ ਕਰਵਾਉਣਾ ਚਾਹੁੰਦੇ ਹਾਂ। ਜੇਕਰ ਪੰਚਾਇਤਾਂ ਸਾਥ ਦੇਣ ਤਾਂ ਇਹ ਸਭ ਕੁਝ ਸੰਭਵ ਹੈ।

ਐਕਸਪ੍ਰੈੱਸ ਵੇਅ ਨੂੰ ਲੈ ਕੇ ਵੀ ਲੋਕਾਂ 'ਚ ਤੌਖਲਾ ਹੈ ?
ਹਾਸੀ-ਬੁਟਾਣਾ ਨਹਿਰ ਦਾ ਸਾਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਅਸੀਂ 40 ਲੱਖ ਲਾ ਕੇ ਪਾਇਪ ਲਾਇਨ ਪਵਾਈ ਸੀ ਕਿ ਜਿਨ੍ਹਾਂ ਪਿੰਡਾਂ ਵਿੱਚ ਮੀਂਹ ਦੇ ਪਾਣੀ ਦੀ ਮਾਰ ਪੈਂਦੀ ਹੈ ਉਹ ਇਸ ਸਮੱਸਿਆ ਤੋਂ ਮੁਕਤ ਹੋ ਸਕਣ ਪਰ ਸਾਨੂੰ ਹਰਿਆਣਾ ਵਾਲੇ ਪਾਸਿਓਂ ਮਾਰ ਪੈਂਦੀ ਹੈ। ਪਿਛਲੀ ਵਾਰੀ ਕੋਈ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵਾਰ ਮੀਂਹ ਬਹੁਤ ਜ਼ਿਆਦਾ ਪੈਣ ਕਾਰਨ ਨੁਕਸਾਨ ਹੋਇਆ ਹੈ। ਬਾਕੀ ਅਸੀਂ ਇਸ ਉੱਤੇ ਕੰਮ ਕਰ ਰਹੇ ਹਾਂ।

ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨ ਰਾਹਤ ਉਡੀਕ ਰਹੇ ਹਨ?
ਜਿੰਨਾ ਚਿਰ ਹੜ੍ਹਾਂ ਦਾ ਪਾਣੀ ਸੀ ਮੈਂ ਪਿੰਡਾਂ 'ਚੋਂ ਬਾਹਰ ਨਹੀਂ ਗਿਆ। ਜਿਨ੍ਹਾਂ ਦੇ ਪਸ਼ੂ ਵੀ ਮਰੇ ਉਨ੍ਹਾਂ ਨੂੰ ਵੀ ਰਾਹਤ ਫੰਡ ਪਹੁੰਚਾਇਆ ਗਿਆ ਸੀ। ਸੁੱਕਾ ਰਾਸ਼ਨ ਵੀ ਦਿੱਤਾ ਗਿਆ। ਜਿਨ੍ਹਾਂ ਦੀ ਗਿਰਦਾਵਰੀ ਹੋ ਚੁੱਕੀ ਹੈ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਜਾ ਚੁੱਕੇ ਹਨ। ਜੇ ਕਿਤੇ ਗਿਰਦਾਵਰੀ ਬਾਕੀ ਹੈ ਤਾਂ ਹੋ ਸਕਦਾ ਹੈ ਕਿ ਪੈਸੇ ਨਾ ਪਹੁੰਚੇ ਹੋਣ ਪਰ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਹੈ।

ਵਿਜੀਲੈਂਸ ਦੀ ਕਾਰਵਾਈ 'ਤੇ ਬਦਲਾਖੋਰੀ ਦੀ ਸਿਆਸਤ ਦਾ ਇਲਜ਼ਾਮ ਲੱਗ ਰਿਹਾ ਹੈ?
ਜਿਸਨੇ ਕੁਝ ਮਾੜਾ ਨਹੀਂ ਕੀਤਾ ਉਸ ਨੂੰ ਡਰਨ ਦੀ ਲੋੜ ਨਹੀਂ। ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਿਸ ਕੋਲੋਂ ਨੋਟ ਗਿਣਨ ਵਾਲੀ ਮਸ਼ੀਨ ਫੜੀ ਗਈ ਹੋਵੇ ਹੁਣ ਸਾਰੇ ਜਾਣਦੇ ਹਨ ਕਿ ਉਸ ਕੋਲ ਐਨਾ ਪੈਸਾ ਕਿੱਥੋਂ ਆਉਂਦਾ ਹੋਵੇਗਾ। ਸਾਡੇ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਦੀ ਨਿਗਰਾਨੀ ਹੇਠ ਹਨ ਕਿ ਕਿਤੇ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ। ਸਾਡੇ ਮੰਤਰੀ ਜਾਂ ਵਿਧਾਇਕਾਂ ਨੇ ਕੋਈ ਵੱਡਾ ਵਪਾਰ ਨਹੀਂ ਖੋਲ੍ਹਿਆ ਸਗੋਂ ਘਟ ਜ਼ਰੂਰ ਗਏ ਹੋਣਗੇ। ਸਾਡਾ ਵਿਜ਼ਨ ਤਾਂ ਪੰਜਾਬ ਦਾ ਵਿਕਾਸ ਹੈ। ਦੁਨੀਆ ਤਾਂ ਪੁੱਠੇ ਸਿੱਧੇ ਕੰਮ ਕਰਵਾਉਣ ਲਈ ਤੁਰੀ ਰਹਿੰਦੀ ਹੈ । ਇਸੇ ਕਰਕੇ ਫੰਡ ਵਾਲੇ ਅਪਰੋਚ ਕਰਦੇ ਹਨ ਤੇ ਆਪਾਂ ਫੰਡ ਨਹੀਂ ਲਿਆ ਕਿਸੇ ਕੋਲੋਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News