ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੇ ਜਤਾਇਆ ਰੋਸ, ਕਿਹਾ- ‘ਬਚ ਸਕਦੀ ਸੀ ਕੁਲਦੀਪ ਦੀ ਜਾਨ, ਜੇ...’

Tuesday, Jan 10, 2023 - 12:46 AM (IST)

ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੇ ਜਤਾਇਆ ਰੋਸ, ਕਿਹਾ- ‘ਬਚ ਸਕਦੀ ਸੀ ਕੁਲਦੀਪ ਦੀ ਜਾਨ, ਜੇ...’

ਫਿਲੌਰ (ਭਾਖੜੀ)- ਸਿਵਲ ਹਸਪਤਾਲ ਫਿਲੌਰ ਵਿਖੇ ਮੌਜੂਦ ਮ੍ਰਿਤਕ ਸਿਪਾਹੀ ਕੁਲਦੀਪ ਸਿੰਘ ਦੇ ਪਰਿਵਾਰਕ ਤੇ ਕਰੀਬੀ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਰਿਵਾਰ ਦਾ ਇਕਲੌਤਾ ਲੜਕਾ ਸੀ, ਉਸ ਤੋਂ ਛੋਟੀ ਇਕ ਭੈਣ ਹੈ, ਜਿਸ ਦਾ ਪਹਿਲਾਂ ਵਿਆਹ ਕਰ ਦਿੱਤਾ ਗਿਆ। ਉਸ ਦੇ ਪਿਤਾ ਵੀ ਪੁਲਸ ਵਿਚ ਸਨ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ, ਜਿਸ ਕਾਰਨ ਸਾਲ 2017 ਵਿਚ ਸ਼ਹੀਦ ਸਿਪਾਹੀ ਕੁਲਦੀਪ ਨੂੰ ਆਪਣੇ ਪਿਤਾ ਦੀ ਜਗ੍ਹਾ ਪੰਜਾਬ ਪੁਲਸ ’ਚ ਨੌਕਰੀ ਮਿਲੀ ਸੀ। ਉਸ ਦੇ ਦਾਦਾ ਵੀ ਫੌਜ ’ਚ ਸੇਵਾਵਾਂ ਨਿਭਾਅ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਦੀ ਲੁਟੇਰਿਆਂ ਵੱਲੋਂ ਮਾਰੀ ਗਈ ਗੋਲੀ ਲੱਤ ’ਚ ਲੱਗੀ ਸੀ। ਉਹ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਗਿਆ। ਉਸ ਦੇ ਸਾਥੀ ਪੁਲਸ ਮੁਲਾਜ਼ਮ ਜੇਕਰ ਸਮੇਂ-ਸਿਰ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੰਦੇ ਤਾਂ ਉਸ ਦੀ ਜਾਨ ਬਚ ਸਕਦੀ ਸੀ। ਉਹ ਆਪਣੇ ਸਾਥੀ ਨੂੰ ਬਚਾਉਣ ਦੀ ਜਗ੍ਹਾ ਪੂਰਾ ਸਮਾਂ ਲੁਟੇਰਿਆਂ ਨੂੰ ਫੜਨ ’ਚ ਲੱਗੇ ਰਹੇ। ਉਨ੍ਹਾਂ ਦੇ ਬੱਚੇ ਦਾ ਖੂਨ ਜ਼ਿਆਦਾ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਗ਼ਮਗੀਨ ਮਾਹੌਲ ’ਚ ਹੋਇਆ ਸ਼ਹੀਦ ਕਾਂਸਟੇਬਲ ਦਾ ਸਸਕਾਰ, ਬੁਢਾਪੇ ’ਚ ਇਕੱਲੇ ਰਹਿ ਗਏ ਦਾਦਾ ਤੇ ਮਾਂ

ਇੰਸਟਾਗ੍ਰਾਮ ਦਾ ਸਟਾਰ ਸੀ ਮ੍ਰਿਤਕ ਸਿਪਾਹੀ ਕੁਲਦੀਪ ਸਿੰਘ

ਸਿਪਾਹੀ ਕੁਲਦੀਪ ਸਿੰਘ ਇੰਸਟਾਗ੍ਰਾਮ ’ਤੇ ਸਟਾਰ ਸੀ, ਜੋ ਆਏ ਦਿਨ ਆਪਣੀ ਕਦੇ ਪੁਲਸ ਵਰਦੀ ਵਿਚ ਤਾਂ ਕਦੇ ਸਿਵਲ ਡ੍ਰੈੱਸ ਵਿਚ ਵੀਡੀਓ ਬਣਾ ਕੇ ਇੰਸਟਾਗ੍ਰਾਮ ’ਤੇ ਪਾਉਂਦਾ ਸੀ, ਜਿਸ ਦੇ ਵੱਡੀ ਗਿਣਤੀ ਵਿਚ ਫਾਲੋਵਰ ਸਨ। ਉਸ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਦੇ ਹੀ ਉਸ ਦੇ ਚਾਹੁਣ ਵਾਲਿਆਂ ਵਿਚ ਮਾਯੂਸੀ ਦੀ ਲਹਿਰ ਦੌੜ ਗਈ।

ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰ ਵਸੂਲੇ 2 ਲੱਖ ਰੁਪਏ, ਵਿਜੀਲੈਂਸ ਨੇ ਪੱਤਰਕਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ

ਫਰਾਰ ਕਾਤਲਾਂ ਨੂੰ ਫੜਨ ਲਈ ਪੁਲਸ ਨੇ ਚਲਾਇਆ ਸਰਚ ਅਪ੍ਰੇਸ਼ਨ

ਫਿਲੌਰ ਪੁਲਸ ਨੇ ਜਲੰਧਰ ਦਿਹਾਤੀ ਪੁਲਸ ਨਾਲ ਮਿਲ ਕੇ ਫਿਲੌਰ ਸਬ-ਡਵੀਜ਼ਨ ਦੇ ਸਾਰੇ ਪਿੰਡਾਂ ਨੂੰ ਚਾਰੇ ਪਾਸਿਓਂ ਘੇਰ ਕੇ ਕਾਤਲ ਲੁਟੇਰਿਆਂ ਯੁਵਰਾਜ ਸਿੰਘ ਨੂੰ ਫੜਨ ਲਈ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ। ਥਾਣਾ ਮੁਖੀ ਇੰਸ. ਸੁਰਿੰਦਰ ਕੁਮਾਰ ਨੇ ਮੁਲਜ਼ਮ ਦੀ ਤਸਵੀਰ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਕਤ ਕਾਤਲ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਕੇ ਪੁਲਸ ਨੂੰ ਧੋਖਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਉਹ ਨੇੜਲੇ ਕਿਸੇ ਪਿੰਡ ਵਿਚ ਹੀ ਪਨਾਹ ਲੈ ਕੇ ਲੁਕਿਆ ਹੋਇਆ ਹੈ। ਜੇਕਰ ਕਿਸੇ ਨੂੰ ਵੀ ਉਸ ਦੀ ਸੂਚਨਾ ਮਿਲੇ ਤਾਂ ਉਹ ਤੁਰੰਤ ਫਿਲੌਰ ਪੁਲਸ ਨੂੰ ਫੋਨ ਕਰ ਕੇ ਜਾਣਕਾਰੀ ਦੇਣ। ਮੁਲਜ਼ਮ ਯੁਵਰਾਜ ਸਿੰਘ ਵਾਸੀ ਪਿੰਡ ਫਰਵਾਲਾ, ਥਾਣਾ ਬਿਲਗਾ ਕੋਲ ਰਿਵਾਲਵਰ ਜਾਂ ਪਿਸਤੌਲ ਹੈ। ਉਸ ਨੂੰ ਖੁਦ ਫੜਨ ਦਾ ਯਤਨ ਨਾ ਕਰਨ, ਪੁਲਸ ਨੂੰ ਸੂਚਨਾ ਦੇ ਕੇ ਉਸ ਨੂੰ ਫੜਵਾਉਣ ’ਚ ਮਦਦ ਕਰਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News