ਫਿਰੋਜ਼ਪੁਰ ਵਿਖੇ ਰਾਜ ਪੱਧਰੀ 2 ਦਿਨਾਂ ਬਸੰਤ ਮੇਲੇ ਦਾ ਸ਼ਾਨਦਾਰ ਆਗਾਜ਼

Tuesday, Jan 28, 2025 - 10:38 AM (IST)

ਫਿਰੋਜ਼ਪੁਰ ਵਿਖੇ ਰਾਜ ਪੱਧਰੀ 2 ਦਿਨਾਂ ਬਸੰਤ ਮੇਲੇ ਦਾ ਸ਼ਾਨਦਾਰ ਆਗਾਜ਼

ਫਿਰੋਜ਼ਪੁਰ (ਪਰਮਜੀਤ, ਖੁੱਲਰ, ਕੁਮਾਰ) : ਫਿਰੋਜ਼ਪੁਰ ਵਿਖੇ ਮਨਾਏ ਜਾ ਰਹੇ 2 ਰੋਜ਼ਾ ਰਾਜ ਪੱਧਰੀ ਬਸੰਤ ਮੇਲੇ ਦਾ ਸ਼ਾਨਦਾਰ ਆਗਾਜ਼ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਨਾਰੇਸ਼ ਕਟਾਰੀਆਂ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ। ਬਸੰਤ ਮੇਲੇ ਦੇ ਆਗਾਜ਼ ਦੌਰਾਨ ਵਿਧਾਇਕ ਰਜਨੀਸ਼ ਦਹੀਆ, ਰਣਬੀਰ ਭੁੱਲਰ, ਫੌਜਾ ਸਿੰਘ ਸਰਾਰੀ ਅਤੇ ਨਾਰੇਸ਼ ਕਟਾਰੀਆਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ’ਚ ਮਨਾਏ ਜਾਂਦੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਰਾਜ ਪੱਧਰ ਦਾ ਮੇਲਾ ਬਣਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਪੂਰੀ ਦੁਨੀਆਂ ’ਤੇ ਰੌਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਯਤਨਾਂ ਸਦਕਾ ਫਿਰੋਜ਼ਪੁਰ ਦੇ ਬਸੰਤ ਨੂੰ ਰਾਜ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ’ਚ ਦੂਰ-ਦੁਰਾਡੇ ਤੋਂ ਪਤੰਗਬਾਜ਼ ਆਏ ਹਨ ਜਿਨ੍ਹਾਂ ਨੇ ਆਪਣੀ ਪਤੰਗਬਾਜ਼ੀ ਦੇ ਜੌਹਰ ਦਿਖਾਏ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਹਰ ਖੇਤਰ ’ਚ ਮੋਹਰੀ ਹੋ ਰਿਹਾ ਹੈ। ਮੁੱਖ ਮੰਤਰੀ ਵੱਲੋਂ ਖਿਡਾਰੀਆਂ ਨੂੰ ਵੀ ਵਿਸ਼ੇਸ਼ ਮਾਣ ਬਖਸ਼ਿਆ ਜਾ ਰਿਹਾ ਹੈ ਅਤੇ ਖਿਡਾਰੀਆਂ ਨੂੰ ਨੌਕਰੀਆਂ ਅਤੇ ਮਿਸਾਲੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਬਸੰਤ ਮੇਲੇ ਨੂੰ ਰਾਜ ਪੱਧਰ ’ਤੇ ਮਨਾ ਕੇ ਫਿਰੋਜ਼ਪੁਰ ਦੀ ਬਸੰਤ ਨੂੰ ਪੂਰੀ ਦੁਨੀਆਂ ’ਚ ਮਸ਼ਹੂਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਫਿਰੋਜ਼ਪੁਰ ਦੇ ਨਾਲ-ਨਾਲ ਸਮੂਹ ਰਾਜ ਵਾਸੀਆਂ ਨੂੰ ਵੀ ਨਿੱਘਾ ਸੱਦਾ ਦਿੱਤਾ ਕਿ ਉਹ ਫਿਰੋਜ਼ਪੁਰ ਵਿਖੇ ਪਹੁੰਚ ਕੇ ਰਾਜ ਪੱਧਰ ਤੇ ਮਨਾਏ ਜਾ ਰਹੇ ਬਸੰਤ ਮੇਲੇ ਦਾ ਆਨੰਦ ਮਾਨਣ। ਇਸ ਦੌਰਾਨ ਪੰਜਾਬੀ ਲੋਕ ਗਾਇਕਾਂ ਵਲੋਂ ਆਪਣੇ ਗੀਤਾਂ ਨਾਲ ਮੰਨੋਰਜਨ ਕੀਤਾ ਗਿਆ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਕੋਰੀਓਗ੍ਰਾਫੀ, ਲੋਕ ਨਾਚ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਬਸੰਤ ਮੇਲੇ ’ਚ ਬਾਅਦ ਦੁਪਹਿਰ ਪ੍ਰਸਿੱਧ ਪੰਜਾਬੀ ਗਾਇਕ ਵਿਰਾਸਤ ਸੰਧੂ ਨੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ।

ਬਸੰਤ ਮੇਲੇ ਦੇ 22 ਜਨਵਰੀ ਤੋਂ ਨਾਕਆਊਟ ਮੁਕਾਬਲੇ ਚੱਲ ਰਹੇ ਹਨ ਅਤੇ ਫਾਈਨਲ ਮੁਕਾਬਲੇ ਜਿੱਤਣ ਵਾਲਿਆਂ ਨੂੰ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਸਮਾਗਮ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮਦ ਬੰਬਾਹ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਲਖਵਿੰਦਰ ਸਿੰਘ ਰੰਧਾਵਾ, ਐੱਸ. ਡੀ. ਐੱਮ. ਜ਼ੀਰਾ ਗੁਰਮੀਤ ਸਿੰਘ, ਚੇਅਰਮੈਨ ਪਲੈਨਿੰਗ ਬੋਰਡ ਚੰਦ ਸਿੰਘ ਗਿੱਲ, ਡਿਪਟੀ ਡੀ. ਈ. ਓ. ਡਾ. ਸਤਿੰਦਰ ਸਿੰਘ, ਰੈੱਡ ਕਰਾਸ ਸਕੱਤਰ ਅਸ਼ੋਕ ਬਹਿਲ ਆਦਿ ਹਾਜ਼ਰ ਸਨ।
 


author

Babita

Content Editor

Related News