ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੂੰ ਅਦਾਲਤ ''ਚ ਮਿਲਿਆ 25 ਸਾਲਾਂ ਬਾਅਦ ਇਨਸਾਫ

Sunday, Dec 22, 2019 - 10:06 AM (IST)

ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੂੰ ਅਦਾਲਤ ''ਚ ਮਿਲਿਆ 25 ਸਾਲਾਂ ਬਾਅਦ ਇਨਸਾਫ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)—ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੂੰ ਸ਼ਨੀਵਾਰ (21 ਦਸੰਬਰ) ਨੂੰ ਅਦਾਲਤ ਨੇ 25 ਸਾਲਾਂ ਬਾਅਦ ਇਨਸਾਫ ਦਿੱਤਾ ਹੈ। 25 ਸਾਲ ਪਹਿਲਾਂ ਉਸ ਸਮੇਂ ਦੇ ਡੀ.ਐਸ.ਪੀ ਮਹਿੰਦਰਪਾਲ ਸਿੰਘ ਸ਼ੋਕਰ, ਜੋ ਕਿ ਹੁਣ ਰਿਡਾਇਰਡ ਐਸ.ਪੀ. ਹਨ ਅਤੇ ਉਸਦੇ ਤਿੰਨ ਗੰਨਮੈਨਾਂ ਨੇ ਜਿਹਨਾਂ 'ਚੋਂ ਅੱਜ ਦੋ ਏ.ਐਸ.ਆਈ ਰੈਂਕ ਦੇ ਅਧਿਕਾਰੀ ਹਨ, ਉਹਨਾਂ ਨੇ ਭੋਲਾ ਸਿੰਘ ਵਿਰਕ ਨਾਲ ਥਰਡ ਡਿਗਰੀ ਵਰਤਕੇ ਕੁੱਟਮਾਰ ਕੀਤੀ ਸੀ। ਇਸ ਮਾਮਲੇ 'ਚ ਅਦਾਲਤ ਨੇ ਉਕਤ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ 'ਚ ਸਾਢੇ 4-4 ਸਾਲ ਦੀ ਸਜ਼ਾ ਸੁਣਾਈ।

ਮਾਮਲੇ ਸਬੰਧੀ ਜਾਣਕਾਰੀ ਦਿਦਿਆਂ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ 9-10 ਫਰਵਰੀ 1995 ਦੀ ਰਾਤ ਨੂੰ 1 ਵਜੇ ਡੀ.ਐਸ.ਪੀ ਤਪਾ ਮਹਿੰਦਰਪਾਲ ਸ਼ੋਕਰ ਅਤੇ ਤਿੰਨ ਗੰਨਮੈਨ ਭਜਨ ਸਿੰਘ, ਦਲੇਰ ਸਿੰਘ ਅਤੇ ਗੁਰਚਰਨ ਸਿੰਘ ਸਾਡੇ ਘਰ ਆਏ ਅਤੇ ਘੰਟੀ ਵਜਾਈ। ਘੰਟੀ ਦੀ ਅਵਾਜ ਸੁਣਕੇ ਮੇਰੇ ਪਿਤਾ ਜਾਗ ਪਏ ਅਤੇ ਗੇਟ ਕੋਲ ਚਲੇ ਗਏ ਅਤੇ ਗੇਟ ਖੋਲ ਦਿੱਤਾ। ਮੈਂ ਵੀ ਘੰਟੀ ਦੀ ਆਵਾਜ ਸੁਣਕੇ ਵਿਹੜੇ 'ਚ ਆ ਗਿਆ। ਡੀ.ਐਸ.ਪੀ ਨੇ ਕਿਹਾ ਕਿ ਭੋਲਾ ਸਿੰਘ ਵਿਰਕ ਕਿੱਥੇ ਹੈ। ਜਦੋਂ ਮੇਰੇ ਪਿਤਾ ਨੇ ਕਿਹਾ ਕਿ ਡੀ.ਐਸ.ਪੀ ਸਾਹਿਬ ਦੱਸੋ ਕੀ ਗੱਲ ਹੈ ਤਾਂ ਉਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਬਰਦਸਤੀ ਵਰਾਂਡੇ 'ਚ ਆ ਕੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਜਬਰਦਸਤੀ ਖਿੱਚ-ਧੂਹ ਕੇ ਮੈਨੂੰ ਆਪਣੀ ਗੱਡੀ 'ਚ ਸੁੱਟ ਲਿਆ। ਉਹ ਮੈਨੂੰ ਭਦੌੜ ਸਾਈਡ ਵੱਲ ਲੈ ਗਏ। ਰਸਤੇ 'ਚ ਗੱਡੀ ਰੋਕ ਕੇ ਮੈਨੂੰ ਥਰਡ ਡਿਗਰੀ ਢੰਗ ਨਾਲ ਕੁੱਟਿਆ ਗਿਆ ਅਤੇ ਮੈਨੂੰ ਆਪਣਾ ਰਿਵਾਲਵਰ ਕੱਢਕੇ ਜਾਨੋਂ ਮਾਰਨ ਦੀ ਵੀ ਧਮਕੀ ਵੀ ਦਿੱਤੀ ਅਤੇ ਬੁਰੀ ਤਰਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੈਂ ਬੇਹੋਸ਼ ਹੋ ਗਿਆ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਬੀ.ਐਂਡ.ਆਰ ਦੇ ਦਫ਼ਤਰ ਕੋਲ ਪਿਆ ਸੀ ਅਤੇ ਮੇਰੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਮੈਂ ਆਪਣੇ ਦੋਸਤ ਜਤਿੰਦਰ ਕੁਮਾਰ ਦੇ ਘਰ ਚਲਾ ਗਿਆ। ਜਤਿੰਦਰ ਕੁਮਾਰ ਅਤੇ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ। ਹਸਪਤਾਲ 'ਚ ਹੀ ਪੁਲਸ ਨੇ ਮੇਰੇ ਬਿਆਨ ਦਰਜ ਕੀਤੇ। ਮੇਰੇ ਬਿਆਨਾਂ ਤੇ ਡੀ.ਐਸ.ਪੀ. ਮਹਿੰਦਰਪਾਲ ਸਿੰਘ ਸ਼ੋਕਰ, ਭਜਨ ਸਿੰਘ, ਦਲੇਰ ਸਿੰਘ ਅਤੇ ਗੁਰਚਰਨ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਪਰ ਵਾਰ-ਵਾਰ ਆਪਣੀ ਪਹੁੰਚ ਦੇ ਜੋਰ ਤੇ ਉਹ ਵਾਰ-ਵਾਰ ਬਰਨਾਲਾ 'ਚ ਹੀ ਆਪਣੀ ਬਦਲੀ ਕਰਵਾਉਂਦਾ ਰਿਹਾ ਤਾਂ ਕਿ ਕੇਸ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਕੇਸ ਦੇ ਕੈਂਸਲੇਸ਼ਨ ਦੇ ਚਲਾਨ ਵੀ ਅਦਾਲਤ 'ਚ ਪੇਸ਼ ਕੀਤੇ ਗਏ, ਜਿਸ ਕਾਰਨ ਮੈਨੂੰ ਇਨਸਾਫ ਮਿਲਣ 'ਚ ਦੇਰੀ ਹੋਈ।

ਅੱਜ ਮੇਰੇ ਵਕੀਲ ਰਾਣੂ ਦੀਆਂ ਦਲੀਲਾਂ ਤੋਂ ਸਹਿਮਤ ਹੋ ਕੇ ਅਦਾਲਤ ਨੇ ਰਿਟਾਇਰਡ ਐਸ.ਪੀ. ਮਹਿੰਦਰਪਾਲ ਸਿੰਘ ਸ਼ੋਕਰ ਭਜਨ ਸਿੰਘ ਅਤੇ ਦਲੇਰ ਸਿੰਘ ਸਾਢੇ ਚਾਰ-ਚਾਰ ਸਾਲ ਦੀ ਸਜਾ ਸੁਣਾਈ। ਜਦੋਂ ਕਿ ਗੁਰਚਰਨ ਸਿੰਘ ਨੂੰ ਕੁਝ ਸਮਾਂ ਪਹਿਲਾਂ ਅਦਾਲਤ ਨੇ ਤਿੰਨ ਸਾਲ ਦੀ ਸਜਾ ਸੁਣਾਈ ਹੈ। ਭੋਲਾ ਸਿੰਘ ਵਿਰਕ ਨੇ ਕਿਹਾ ਕਿ ਮੈਨੂੰ ਅਦਾਲਤ ਦੇ ਫੈਸਲੇ ਤੇ ਬਹੁਤ ਹੀ ਖੁਸ਼ੀ ਹੈ ਪਰ ਜਿਹਨਾਂ ਅਫਸਰਾਂ ਨੇ ਮੈਨੂੰ ਇਨਸਾਫ ਮਿਲਣ 'ਚ ਰੁਕਾਵਟ ਪਾਈ ਮੈਂ ਉਹਨਾਂ ਅਫਸਰਾਂ ਵਿਰੁੱਧ ਉਚ ਅਦਾਲਤ 'ਚ ਚਾਰਾਜੋਈ ਕਰਾਂਗਾ।


author

Iqbalkaur

Content Editor

Related News