ਅਟਾਰੀ ਬਾਜ਼ਾਰ ’ਚ ਤਾਰਾਂ ਤੋਂ ਦਿੱਸਿਆ ਆਤਿਸ਼ਬਾਜ਼ੀ ਦਾ ਨਜ਼ਾਰਾ, ਕਰੋੜਾਂ ਦੇ ਨੁਕਸਾਨ ਮਗਰੋਂ ਵੀ ਹਾਲਾਤ ਬੇਕਾਬੂ

07/28/2023 12:25:41 PM

ਜਲੰਧਰ (ਪੁਨੀਤ)–ਅਟਾਰੀ ਬਾਜ਼ਾਰ ਵਿਚ ਕੁਝ ਸਾਲ ਪਹਿਲਾਂ ਭਿਆਨਕ ਅੱਗ ਲੱਗੀ ਸੀ ਅਤੇ ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਅੱਗ ’ਤੇ ਕਾਬੂ ਪਾਉਣ ਲਈ ਫੌਜ ਬੁਲਾਉਣੀ ਪਈ ਸੀ। ਅੱਗ ਲੱਗਣ ਦੇ ਉਸ ਹਾਦਸੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਕਿਉਂਕਿ ਅੱਗ ’ਤੇ ਕਾਬੂ ਪਾਉਣ ਵਿਚ ਪ੍ਰਸ਼ਾਸਨ ਬੇਵੱਸ ਨਜ਼ਰ ਆਇਆ ਸੀ। ਫੌਜ ਨੇ ਅੱਗ ’ਤੇ ਕਾਬੂ ਪਾ ਲਿਆ, ਨਹੀਂ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸਨ। ਇਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ ਸੀ। ਇਸ ਹਾਦਸੇ ਦੇ ਬਾਵਜੂਦ ਅੰਦਰੂਨੀ ਬਾਜ਼ਾਰਾਂ ਦੇ ਬਿਜਲੀ ਸਿਸਟਮ ਨੂੰ ਜ਼ਰੂਰਤ ਦੇ ਮੁਤਾਬਕ ਅਪਡੇਟ ਨਹੀਂ ਕੀਤਾ ਜਾ ਸਕਿਆ। ਇਸ ਤਹਿਤ ਟਰਾਂਸਫਾਰਮਰਾਂ ਅਤੇ ਤਾਰਾਂ ਦੇ ਜੋੜਾਂ ਵਿਚੋਂ ਚੰਗਿਆੜੀਆਂ ਨਿਕਲਦੀਆਂ ਆਮ ਤੌਰ ’ਤੇ ਦੇਖੀਆਂ ਜਾ ਸਕਦੀਆਂ ਹਨ।

ਅਟਾਰੀ ਬਾਜ਼ਾਰ ਵਿਚ ਵੀਰਵਾਰ ਤਾਰਾਂ ਤੋਂ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਉਥੇ ਹੀ ਨੇੜੇ ਖੜ੍ਹੇ ਵਿਅਕਤੀ ਵੱਲੋਂ ਇਸ ਦੀ ਵੀਡੀਓ ਬਣਾਈ ਗਈ। ਅੱਧੇ ਮਿੰਟ ਤੋਂ ਵੀ ਘੱਟ ਸਮੇਂ ਦੀ ਇਸ ਵੀਡੀਓ ਵਿਚ ਪਟਾਕੇ ਵੱਜਣ ਅਤੇ ਆਤਿਸ਼ਬਾਜ਼ੀ ਹੋਣੀ ਪੂਰੀ ਤਰ੍ਹਾਂ ਸੁਣਾਈ ਦਿੰਦੀ ਹੈ। ਅਟਾਰੀ ਬਾਜ਼ਾਰ ਦੀ ਤੰਗ ਗਲੀ ਦਾ ਇਹ ਮਾਮਲਾ ਹੈ। ਇਸ ਗਲੀ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਦਾਖ਼ਲ ਨਹੀਂ ਹੋ ਸਕੀ। ਦੁਕਾਨਦਾਰਾਂ ਦਾ ਸਵਾਲ ਹੈ ਕਿ ਇਸ ਤਰ੍ਹਾਂ ਦੀ ਘਟਨਾ ਨਾਲ ਜੇ ਕਿਤੇ ਅੱਗ ਲੱਗਣ ਦੀ ਸਥਿਤੀ ਬਣ ਜਾਂਦੀ ਹੈ ਤਾਂ ਇਸ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਖ਼ਰਾਬੀ ਤੋਂ ਲੈ ਕੇ ਅਸਤ-ਵਿਅਸਤ ਤਾਰਾਂ ਦੀ ਸਮੱਸਿਆ ਨੂੰ ਸੁਲਝਾਉਣ ਪ੍ਰਤੀ ਜ਼ਰੂਰੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਹੜੇ ਹਾਲਾਤ ਬਣੇ ਹੋਏ ਹਨ, ਉਸ ਨਾਲ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਪਾਵਰਕਾਮ ਵੱਲੋਂ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਪਾਵਰਕਾਮ ਰਿਪੇਅਰ ਦੀ ਖ਼ਾਨਾਪੂਰਤੀ ਕਰਕੇ ਕੰਮ ਨਿਪਟਾ ਦਿੰਦਾ ਹੈ ਪਰ ਪੱਕਾ ਹੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਆ ਕੇ ਮੌਕਾ ਵੇਖਣਾ ਚਾਹੀਦਾ ਹੈ ਅਤੇ ਬਾਜ਼ਾਰਾਂ ਦਾ ਅਸਤ-ਵਿਅਸਤ ਸਿਸਟਮ ਆਪਣੀ ਖ਼ਸਤਾ ਹਾਲਤ ਖ਼ੁਦ ਹੀ ਬਿਆਨ ਕਰ ਦੇਵੇਗਾ।

ਇਹ ਵੀ ਪੜ੍ਹੋ-  ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

PunjabKesari

ਦੁਕਾਨਦਾਰਾਂ ਨੇ ਦੱਸਿਆ ਕਿ ਰੋਜ਼ਾਨਾ ਵੇਖਣ ਵਿਚ ਆਉਂਦਾ ਹੈ ਕਿ ਅਟਾਰੀ ਬਾਜ਼ਾਰ ਸਮੇਤ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਟਰਾਂਸਫਾਰਮਰਾਂ ਆਦਿ ਵਿਚੋਂ ਚੰਗਿਆੜੀਆਂ ਨਿਕਲਦੀਆਂ ਰਹਿੰਦੀਆਂ ਹਨ ਜੋਕਿ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਇਸ ਪਾਸੇ ਧਿਆਨ ਨਾ ਦੇਣਾ ਪਾਵਰਕਾਮ ਦਾ ਹਾਦਸਿਆਂ ਨੂੰ ਸੱਦਾ ਹੈ। ਲੰਮੇ ਅਰਸੇ ਤੋਂ ਦੁਕਾਨਾਂ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਅਟਾਰੀ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ ਸਮੇਤ ਅੰਦਰੂਨੀ ਬਾਜ਼ਾਰਾਂ ਵਿਚ ਸਿਸਟਮ ਨੂੰ ਅਪਡੇਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਕੀਤੇ ਗਏ ਕੰਮ ਨਾਕਾਫ਼ੀ ਹਨ, ਹਾਲਾਤ ਕਦੀ ਵੀ ਬੇਕਾਬੂ ਹੋ ਸਕਦੇ ਹਨ।

ਪੀਰ ਬੋਦਲਾਂ ਬਾਜ਼ਾਰ ’ਚ ਕਰੰਟ ਲੱਗਣ ਨਾਲ ਹੋਈ ਬਾਪ-ਬੇਟੇ ਦੀ ਮੌਤ
ਅੰਦਰੂਨੀ ਬਾਜ਼ਾਰਾਂ ਵਿਚ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਸ਼ੁਰੂ ਕੀਤੀ ਜਾਵੇ ਤਾਂ ਲੰਮਾ-ਚੌੜਾ ਚਿੱਠਾ ਨਿਕਲ ਆਵੇਗਾ। ਬੀਤੇ ਸਾਲ ਪੀਰ ਬੋਦਲਾਂ ਬਾਜ਼ਾਰ ਵਿਚ ਕਰੰਟ ਲੱਗਣ ਨਾਲ ਪੱਕਾ ਬਾਗ ਦੇ ਰਹਿਣ ਵਾਲੇ ਬਾਪ-ਬੇਟੇ ਦੀ ਮੌਤ ਹੋ ਚੁੱਕੀ ਹੈ। ਇਸਦੇ ਲਈ ਦੁਕਾਨਦਾਰਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਸੂਰਵਾਰ ਦੱਸਿਆ ਗਿਆ ਸੀ। ਬਾਰਿਸ਼ ਦੇ ਦਿਨਾਂ ਵਿਚ ਇਹ ਹਾਦਸਾ ਹੋਇਆ ਹੈ ਅਤੇ ਹੇਠਾਂ ਡਿੱਗੀ ਤਾਰ ਦੀ ਲਪੇਟ ਵਿਚ ਬਾਪ-ਬੇਟਾ ਆ ਗਏ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਕਾਹਲੀ-ਕਾਹਲੀ ਵਿਚ ਰਿਪੇਅਰ ਕਰਵਾਈ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਕਾਰਨ ਹਰ ਸਾਲ ਲੋਕਾਂ ਨੂੰ ਕਾਲ ਦਾ ਨਿਵਾਲਾ ਬਣਨਾ ਪੈਂਦਾ ਹੈ।

ਇਹ ਵੀ ਪੜ੍ਹੋ-  ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ 23 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਡਰਾਈਵਰ ਨਿਕਲਿਆ ਮਾਸਟਰ ਮਾਈਂਡ

ਓਲਡ ਰੇਲਵੇ ਰੋਡ ’ਤੇ ਹੋਈ ਸੀ 16 ਸਾਲਾ ਨਾਬਾਲਗ ਮੁੰਡੇ ਦੀ ਮੌਤ
ਬੀਤੇ ਸਾਲ ਓਲਡ ਰੇਲਵੇ ਰੋਡ ’ਤੇ ਪੀ. ਐੱਨ. ਬੀ. ਦੇ ਸਾਹਮਣੇ ਸੜਕ ’ਤੇ ਪਏ ਟਰਾਂਸਫਾਰਮਰ ਦੀ ਲਪੇਟ ਵਿਚ ਆਉਣ ਨਾਲ 16 ਸਾਲਾ ਨਾਬਾਲਗ ਮੁੰਡੇ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸੜਕਾਂ ’ਤੇ ਟਰਾਂਸਫਾਰਮਰ ਪਏ ਹਨ, ਜੋਕਿ ਕਿਸੇ ਵੀ ਸਮੇਂ ਕਾਲ ਦਾ ਰੂਪ ਧਾਰਨ ਕਰ ਸਕਦੇ ਹਨ। ਮੌਕਾ ਮੁਆਇਨਾ ਕਰਨ ’ਤੇ ਪਤਾ ਲੱਗਦਾ ਹੈ ਕਿ ਵੱਖ-ਵੱਖ ਥਾਵਾਂ ’ਤੇ ਪਏ ਟਰਾਂਸਫਾਰਮਰਾਂ ਤੋਂ ਲੋਕਾਂ ਨੂੰ ਕਈ ਵਾਰ ਕਰੰਟ ਲੱਗ ਚੁੱਕਾ ਹੈ। ਸਬੰਧਤ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਕੋਲ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆਵਾਂ ਹੱਲ ਨਹੀਂ ਹੋ ਪਾਉਂਦੀਆਂ। ਇਸੇ ਤਰ੍ਹਾਂ ਨਾਲ ਇਕ ਟਰਾਂਸਫਾਰਮਰ ਮਾਡਲ ਹਾਊਸ ਨਜ਼ਦੀਕ ਲੱਗਾ ਹੋਇਆ ਹੈ। ਰੋਜ਼ਾਨਾ ਸੈਂਕੜੇ ਸਕੂਲੀ ਬੱਚੇ ਉਸਦੇ ਨੇੜਿਓਂ ਲੰਘਦੇ ਹਨ।

ਕਈ ਲਾਈਨਾਂ ਦੀ ਕਰਵਾਈ ਗਈ ਮੇਨਟੀਨੈਂਸ: ਅਧਿਕਾਰੀ
ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਦਰੂਨੀ ਬਾਜ਼ਾਰਾਂ ਵਿਚ ਸਮੇਂ-ਸਮੇਂ ’ਤੇ ਮੇਨਟੀਨੈਂਸ ਕਰਵਾਈ ਜਾ ਚੁੱਕੀ ਹੈ ਤਾਂ ਕਿ ਖਰਾਬੀ ਦੀ ਸੰਭਾਵਨਾ ਘੱਟ ਸਕੇ। ਗਰਮੀਆਂ ਆਉਣ ਤੋਂ ਪਹਿਲਾਂ ਵੱਡੇ ਪੱਧਰ ’ਤੇ ਰਿਪੇਅਰ ਕਰਵਾਈ ਗਈ ਸੀ, ਜਿਹੜੀ ਕਿ ਅੱਗੇ ਵੀ ਜਾਰੀ ਹੈ। ਜਿਸ ਸਥਾਨ ’ਤੇ ਲਾਈਨਾਂ ਵਿਚ ਖਰਾਬੀ ਆਉਣ ਦਾ ਖਦਸ਼ਾ ਹੁੰਦਾ ਹੈ, ਉਥੇ ਪੁਖਤਾ ਪ੍ਰਬੰਧ ਕਰ ਲਏ ਜਾਂਦੇ ਹਨ।

ਇਹ ਵੀ ਪੜ੍ਹੋ-  16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News