5 ਤਾਰਾ ਹੋਟਲ ਬਣਿਆ ਰਿਹਾ ਪੰਜਾਬ ਕਾਂਗਰਸ ਦਾ ਸਿਆਸੀ ਗੜ੍ਹ

09/20/2021 3:54:54 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੀ ਸਿਆਸਤ ਦੇ ਐਤਵਾਰ ਨੂੰ ਪਲ-ਪਲ ਬਦਲਦੇ ਘਟਨਾਕ੍ਰਮ ’ਚ ਚੰਡੀਗੜ੍ਹ ਦਾ ਇੱਕ 5 ਤਾਰਾ ਹੋਟਲ ਗਵਾਹ ਬਣਿਆ ਰਿਹਾ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ 5 ਤਾਰਾ ਹੋਟਲ ਪੰਜਾਬ ਕਾਂਗਰਸ ਦਾ ਸਿਆਸੀ ਗੜ੍ਹ ਬਣਿਆ ਰਿਹਾ। ਉਹ ਵੀ ਤੱਦ ਜਦੋਂਕਿ ਇਸ ਹੋਟਲ ਵਿਚ ਵਿਰਾਜਮਾਨ ਕਈ ਨੇਤਾ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ. ਆਈ. ਪੀ. ਕਲਚਰ ਦਾ ਦੋਸ਼ ਲਾਉਂਦੇ ਰਹੇ ਹਨ। ਕੈਪਟਨ ’ਤੇ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਹ ਸਰਕਾਰੀ ਭਵਨਾਂ ਨੂੰ ਛੱਡ ਕੇ ਪੰਜ ਤਾਰਾ ਹੋਟਲ ਜਾਂ ਆਪਣੇ ਫ਼ਾਰਮ ਹਾਊਸ ’ਤੇ ਹੀ ਮੀਟਿੰਗ ਕਰਦੇ ਰਹੇ ਹਨ। ਇਸਦੇ ਉਲਟ, ਪੰਜਾਬ ਕਾਂਗਰਸ ਦਾ ਸਭ ਤੋਂ ਮਹੱਤਵਪੂਰਣ ਘਟਨਾਕ੍ਰਮ ਇੱਕ 5 ਤਾਰਾ ਹੋਟਲ ਵਿਚ ਚੱਲਦਾ ਰਿਹਾ। ਇਸ ਦੌਰਾਨ ਕਈ ਉਤਾਰ-ਚੜਾਅ ਆਏ। ਕਈ ਨਾਮ ਚਰਚਾ ਵਿਚ ਆਏ ਪਰ ਨਵਜੋਤ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਸੀਨੀਅਰ ਨੇਤਾ ਵੇਣੂਗੋਪਾਲ ਅਤੇ ਹੋਰ ਪਾਰਟੀ ਨੇਤਾਵਾਂ ਦੀ ਬੈਠਕ ਵਿਚ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ’ਤੇ ਸਹਿਮਤੀ ਬਣ ਗਈ। ਹਾਲਾਂਕਿ ਸਵੇਰੇ ਸ਼ੁਰੂ ਹੋਈ ਮੀਟਿੰਗ ਵਿਚ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਪ੍ਰਮੁੱਖਤਾ ਨਾਲ ਮੁੱਖ ਮੰਤਰੀ ਲਈ ਲਿਆ ਜਾ ਰਿਹਾ ਸੀ ਅਤੇ ਮੀਟਿੰਗ ਵਿਚ ਮੌਜੂਦ ਜ਼ਿਆਦਾਤਰ ਨੇਤਾ ਰੰਧਾਵਾ ਨੂੰ ਮੁੱਖ ਮੰਤਰੀ ਬਣਾਏ ਜਾਣ ’ਤੇ ਸਹਿਮਤ ਵੀ ਹੋ ਗਏ ਸਨ ਪਰ ਬਾਅਦ ਵਿਚ ਸਿੱਧੂ ਸਮਰਥਕਾਂ ਕਾਰਨ ਮਾਮਲਾ ਖਟਾਈ ਵਿਚ ਪੈ ਗਿਆ। ਕਿਹਾ ਗਿਆ ਕਿ ਸਿੱਧੂ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਸ ’ਤੇ ਮਾਮਲਾ ਉਲਝਿਆ ਤਾਂ ਚਰਨਜੀਤ ਚੰਨੀ ਦਾ ਨਾਮ ਅੱਗੇ ਆਇਆ। ਹਾਈਕਮਾਨ ਨੇ ਵੀ ਦਲਿਤ ਚਿਹਰੇ ਨੂੰ ਤਰਜੀਹ ਦਿੱਤੀ।

ਇਹ ਵੀ ਪੜ੍ਹੋ : ਜਾਨਾਂ ਗੁਆਉਣ 150 ਕਿਸਾਨਾਂ ਦੇ ਵਾਰਿਸਾਂ ਨੂੰ ਨਿਯੁਕਤੀ ਪੱਤਰ ਨਾ ਸੌਂਪੇ ਜਾ ਸਕਣ ਦਾ ਦੁੱਖ : ਕੈਪਟਨ

ਰੰਧਾਵਾ ਦੀ ਕਿਸ਼ਤੀ ਉੱਥੇ ਡੁੱਬੀ, ਜਿੱਥੇ ਪਾਣੀ ਘੱਟ ਸੀ
ਕਿਹਾ ਜਾ ਰਿਹਾ ਹੈ ਕਿ ਸੁਖਜਿੰਦਰ ਰੰਧਾਵਾ ਇਤਰਾਜ਼ ਜਤਾਉਣ ਤੋਂ ਖਾਸੇ ਨਾਰਾਜ਼ ਹਨ। ਉਨ੍ਹਾਂ ਦੇ ਕੁਝ ਸਮਰਥਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਰੰਧਾਵਾ ਦੀ ਕਿਸ਼ਤੀ ਉੱਥੇ ਡੁੱਬੀ, ਜਿੱਥੇ ਪਾਣੀ ਘੱਟ ਸੀ। ਹਾਲਾਂਕਿ ਖੁਦ ਰੰਧਾਵਾ ਨੇ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਰੰਧਾਵਾ ਦੇ ਕਰੀਬੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸੋਸ਼ਲ ਮੀਡੀਆ ’ਤੇ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਦਾ ਪੋਸਟਰ ਤੱਕ ਰਿਲੀਜ਼ ਕਰ ਦਿੱਤਾ। ਰੰਧਾਵਾ ਸਮਰਥਕਾਂ ਨੂੰ ਇਸ ਗੱਲ ਦਾ ਵੀ ਮਲਾਲ ਹੈ ਕਿ ਮਾਝਾ ਇਲਾਕੇ ਵਿਚ ਉਨ੍ਹਾਂ ਨੂੰ ਪ੍ਰਤਾਪ ਬਾਜਵਾ ਪਰਿਵਾਰ ਤੋਂ ਮਿਲ ਰਹੀ ਚੁਣੌਤੀ ਹੁਣ ਸਖ਼ਤ ਹੋ ਜਾਵੇਗੀ। ਉੱਧਰ, ਚੰਨੀ ਲਈ ਰਾਹਤ ਦੀ ਖ਼ਬਰ ਇਹ ਰਹੀ ਹੈ ਕਿ ਕੈਪਟਨ ਖਿਲਾਫ ਸਿੱਧਾ ਮੋਰਚਾ ਖੋਲ੍ਹਣ ਦਾ ਲਾਭ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮਿਲਿਆ ਹੈ। ਚਰਨਜੀਤ ਸਿੰਘ ਚੰਨੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਨਾਲ ਹਾਈਕਮਾਨ ਦੇ ਸਾਹਮਣੇ ਕੈਪਟਨ ਨੂੰ ਬਦਲਣ ਦੀ ਮੰਗ ਜ਼ੋਰਦਾਰ ਢੰਗ ਨਾਲ ਚੁੱਕੀ ਸੀ। ਚੰਨੀ ਨੇ ਸਿੱਧੂ ਗੁਟ ਦੇ ਨੇਤਾਵਾਂ ਨਾਲ ਮਿਲਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੂੰ ਬੇਦਅਬੀ, ਡਰੱਗ ਮਾਫੀਆ, ਸ਼ਰਾਬ ਮਾਫੀਆ, ਸੈਂਡ ਮਾਫੀਆ, ਬੇਰੋਜ਼ਗਾਰੀ ਆਦਿ ਮੁੱਦਿਆਂ ਨੂੰ ਲੈ ਕੇ ਘੇਰਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਰਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਚੋਣਾਵੀ ਵਾਅਦੇ ਪੂਰੇ ਨਹੀਂ ਕੀਤੇ ਹਨ। ਬੇਦਅਬੀ ਮਾਮਲੇ ਵਿਚ ਸਰਕਾਰ ਦੀ ਲਗਾਤਾਰ ਕਿਰਕਰੀ ਹੋ ਰਹੀ ਹੈ, ਚਾਰ ਸਾਲ ਬੀਤਣ ਦੇ ਬਾਵਜੂਦ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ। ਇਸ ਮਾਮਲੇ ਅਤੇ ਹੋਰ ਮੁੱਦਿਆਂ ’ਤੇ ਸਰਕਾਰ ਦੀ ਨਾਕਾਮੀ ਕਾਰਨ ਕਾਂਗਰਸ ਨੇਤਾਵਾਂ ਦਾ ਲੋਕਾਂ ਵਿਚਕਾਰ ਜਾਣਾ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਜਨਤਾ ਜਵਾਬ ਮੰਗੀ ਦੀ ਹੈ ਪਰ ਸਾਡੇ ਕੋਲ ਇਨ੍ਹਾਂ ਮਾਮਲਿਆਂ ਵਿਚ ਕਹਿਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਹੈ।       

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਦਿੱਤੇ ਰਾਵਤ ਦੇ ਬਿਆਨ ਤੋਂ ਭੜਕੇ ਸੁਨੀਲ ਜਾਖੜ, ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News