ਕਿਸਾਨਾਂ ਨੇ ਫੂਕਿਆ ਪੰਚਾਇਤ ਮੰਤਰੀ ਦਾ ਪੁਤਲਾ

Friday, Jan 26, 2018 - 06:25 AM (IST)

ਕਿਸਾਨਾਂ ਨੇ ਫੂਕਿਆ ਪੰਚਾਇਤ ਮੰਤਰੀ ਦਾ ਪੁਤਲਾ

ਚੰਡੀਗੜ੍ਹ  (ਬਿਊਰੋ) - ਮੁਕੰਮਲ ਕਰਜ਼ਾ ਮੁਕਤੀ ਤੇ ਹੋਰ ਭਖਦੇ ਕਿਸਾਨ ਮਸਲਿਆਂ ਨੂੰ ਲੈ ਕੇ ਸਖਤ ਠੰਡ 'ਚ 4 ਦਿਨਾਂ ਤੋਂ ਥਾਂ-ਥਾਂ ਡੀ. ਸੀ. ਦਫਤਰਾਂ ਅੱਗੇ ਦਿਨ-ਰਾਤ ਦੇ ਧਰਨੇ ਮਾਰੀ ਬੈਠੇ ਕਿਸਾਨਾਂ-ਮਜ਼ਦੂਰਾਂ ਦਾ ਕੈਪਟਨ ਸਰਕਾਰ ਵਿਰੁੱਧ ਰੋਹ ਉਦੋਂ ਹੋਰ ਵੀ ਭਖ ਉਠਿਆ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਉਨ੍ਹਾਂ ਨੂੰ ਵਿਹਲੜ ਦੱਸ ਰਿਹਾ ਹੈ ਅਤੇ ਮੰਤਰੀ ਮੰਡਲ ਨੇ ਖੇਤੀ ਮੋਟਰਾਂ 'ਤੇ ਮੀਟਰ ਲਾਉਣ ਅਤੇ 1647 ਸੁਵਿਧਾ ਕੇਂਦਰ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਹੈ। ਰੋਸ ਵਜੋਂ ਥਾਂ-ਥਾਂ ਸਰਕਾਰ ਵਿਰੋਧੀ ਨਾਅਰੇ ਲਾਉਂਦਿਆਂ ਪੰਚਾਇਤ ਮੰਤਰੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪ੍ਰੈੱਸ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸੰਗਠਨ ਸਕੱਤਰ ਸ਼ਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਮਹਿੰਦਰ ਸਿੰਘ ਬੁਰਜਹਰੀ ਤੋਂ ਇਲਾਵਾ ਔਰਤ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਬਲਜੀਤ ਕੌਰ ਭੱਠਲ ਅਤੇ ਸੁਖਦੀਪ ਕੌਰ ਛਾਜਲੀ ਸ਼ਾਮਲ ਸਨ।
ਬੁਲਾਰਿਆਂ ਨੇ ਪੰਚਾਇਤ ਮੰਤਰੀ ਦੀ ਕਿਸਾਨ ਵਿਰੋਧੀ ਟਿੱਪਣੀ ਦੀ ਸਖਤ ਨਿਖੇਧੀ ਕਰਦਿਆਂ ਉਲਟਾ ਜਾਗੀਰਦਾਰ, ਸਰਮਾਏਦਾਰ ਮੰਤਰੀਆਂ-ਸੰਤਰੀਆਂ ਨੂੰ ਕਿਸਾਨਾਂ-ਮਜ਼ਦੂਰਾਂ ਦੀ ਕਿਰਤ ਲੁੱਟਣ ਵਾਲੇ ਵਿਹਲੜ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਕਰਜ਼ਾਈ ਕੀਤੇ ਕਿਸਾਨਾਂ ਨੂੰ ਤਾਂ ਮਜਬੂਰਨ ਧਰਨੇ ਲਾਉਣੇ ਪੈ ਰਹੇ ਹਨ, ਉਤੋਂ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਰਹਿੰਦੀ-ਖੂੰਹਦੀ ਰੱਤ ਨਿਚੋੜਨ ਖਾਤਰ ਮੋਟਰਾਂ 'ਤੇ ਮੀਟਰ ਲਾਉਣ ਦਾ ਫੈਸਲਾ ਕਰ ਮਾਰਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਮੋਟਰਾਂ 'ਤੇ ਮੀਟਰ ਲਾਉਣ ਦਾ ਸਖਤ ਵਿਰੋਧ ਕੀਤਾ ਜਾਵੇਗਾ। ਬੁਲਾਰਿਆਂ ਨੇ ਸਮੁੱਚੀ ਕਰਜ਼ਾ ਮੁਆਫੀ ਸਮੇਤ ਘਰ-ਘਰ ਰੁਜ਼ਗਾਰ ਵਰਗੇ ਚੋਣ ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਕਿ ਕਰਜ਼ੇ ਮੋੜਨੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਸੂਦਖੋਰਾਂ ਸਣੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ। ਕਰਜ਼ਿਆਂ ਬਦਲੇ ਦਸਤਖਤ/ ਅੰਗੂਠੇ ਵਾਲੇ ਖਾਲੀ ਚੈੱਕ, ਪ੍ਰਨੋਟ, ਅਸ਼ਟਾਮ ਵਾਪਸ ਕੀਤੇ ਜਾਣ ਅਤੇ ਕੁਰਕੀਆਂ ਨਿਲਾਮੀਆਂ ਬੰਦ ਕੀਤੀਆਂ ਜਾਣ। ਸੂਦਖੋਰੀ ਕਰਜ਼ਾ ਕਾਨੂੰਨ ਸਹੀ ਅਰਥਾਂ 'ਚ ਕਿਸਾਨ-ਮਜ਼ਦੂਰ ਪੱਖੀ ਬਣਾਇਆ ਜਾਵੇ। ਖ਼ੁਦਕੁਸ਼ੀ ਪੀੜਤ ਕਿਸਾਨ-ਮਜ਼ਦੂਰ ਪਰਿਵਾਰਾਂ ਨੂੰ 10-10 ਲੱਖ ਰੁਪਏ, 1-1 ਸਰਕਾਰੀ ਨੌਕਰੀ ਤੇ ਸਮੁੱਚੀ ਕਰਜ਼ਾ-ਮੁਆਫ਼ੀ ਦੀ ਰਾਹਤ ਦਿੱਤੀ ਜਾਵੇ।


Related News