ਅਜਨਾਲਾ ਕਾਂਡ : ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ SSP ਸਤਿੰਦਰ ਸਿੰਘ ਦੇ ਵੱਡੇ ਖ਼ੁਲਾਸੇ

Sunday, Apr 30, 2023 - 08:17 AM (IST)

ਅਜਨਾਲਾ ਕਾਂਡ : ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ SSP ਸਤਿੰਦਰ ਸਿੰਘ ਦੇ ਵੱਡੇ ਖ਼ੁਲਾਸੇ

ਅੰਮ੍ਰਿਤਸਰ (ਜ. ਬ.)- ਅਜਨਾਲਾ ਕਾਂਡ ਨੂੰ ਲੈ ਕੇ ਸ਼ਨੀਵਾਰ ਨੂੰ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਅਜਨਾਲਾ ਕਾਂਡ ਤੋਂ ਬਾਅਦ ਪੁਲਸ ਜਾਂਚ ਵਿਚ ਜੁਟ ਗਈ ਸੀ ਅਤੇ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਦੇ ਸਾਥੀ ਜੋ ਤਸਵੀਰਾਂ ’ਚ ਹਥਿਆਰ ਫੜੇ ਨਜ਼ਰ ਆਉਂਦੇ ਸਨ, ਉਹ ਲਾਇਸੈਂਸੀ ਹਥਿਆਰ ਹੋਰ ਵਿਅਕਤੀਆਂ ਤੋਂ ਧੱਕੇ ਨਾਲ ਲਏ ਜਾਂਦੇ ਸਨ। ਅੰਮ੍ਰਿਤਪਾਲ ਇਨ੍ਹਾਂ ਹਥਿਆਰਾਂ ਨੂੰ ਆਪਣੇ ਵਿਅਕਤੀਆਂ ਨੂੰ ਦਿੰਦਾ ਸੀ। ਜਦੋਂ ਕੋਈ ਆਪਣਾ ਹਥਿਆਰ ਵਾਪਸ ਮੰਗਦਾ ਸੀ ਤਾਂ ਉਸ ਨੂੰ ਧਮਕਾਉਂਦੇ ਸਨ ਅਤੇ ਡਰਾਇਆ ਜਾਂਦਾ ਸੀ ਤਾਂ ਕਿ ਉਹ ਆਪਣੇ ਹਥਿਆਰ ਨਾ ਲਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹਥਿਆਰਾਂ ਤੋਂ ਜ਼ਿਆਦਾ ਕਾਰਤੂਸ ਬਰਾਮਦ ਹੋਏ ਹਨ। ਅਜਨਾਲਾ ਕਾਂਡ ਤੋਂ ਬਾਅਦ ਪੁਲਸ ਨੇ ਜਾਂਚ ਤੋਂ ਬਾਅਦ ਕਈ ਮਾਮਲੇ ਦਰਜ ਕੀਤੇ।

ਅੰਮ੍ਰਿਤਪਾਲ ਨੇ ਬਣਾਈ ਸੀ ਸ਼ੂਟਿੰਗ ਰੇਂਜ

ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ 10 ਲੋਕਾਂ ’ਤੇ ਐੱਨ.ਐੱਸ.ਏ. ਲਾਇਆ ਗਿਆ। ਅੰਮ੍ਰਿਤਪਾਲ ਦਾ ਸਾਥ ਦੇਣ ਵਾਲੇ ਨੌਜਵਾਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਇਨ੍ਹਾਂ ਵਿਚੋਂ ਕੁਝ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਅਤੇ ਉਨ੍ਹਾਂ ਦੇ ਘਰ, ਪਰਿਵਾਰ ’ਚ ਜਾ ਕੇ ਸਰਪੰਚਾਂ ਦੇ ਨਾਲ ਬੈਠ ਕੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਧਰਨਾ- ਪ੍ਰਦਰਸ਼ਨ ’ਚ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਲੈਣ। ਉਨ੍ਹਾਂ ਨੇ ਇਸ ਦੌਰਾਨ ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਪ੍ਰੈਕਟਿਸ ਦਾ ਵੀ ਜ਼ਿਕਰ ਕੀਤਾ। ਅੰਮ੍ਰਿਤਪਾਲ ਨੇ ਏ.ਕੇ.ਐੱਫ. ਨਾਮ ਨਾਲ ਆਪਣਾ ਗਰੁੱਪ ਬਣਾ ਰੱਖਿਆ ਸੀ। ਸ਼ੂਟਿੰਗ ਰੇਂਜ ਬਣਾਈ ਹੋਈ ਸੀ, ਜਿੱਥੇ ਉਹ ਪ੍ਰੈਕਟਿਸ ਕਰਦੇ ਸਨ।

ਅੰਮ੍ਰਿਤਪਾਲ ਦੀ ਪਤਨੀ ਕਿਸੇ ਵੀ ਐੱਫ.ਆਈ.ਆਰ. ਦਾ ਹਿੱਸਾ ਨਹੀਂ

ਅੰਮ੍ਰਿਤਪਾਲ ਦੀ ਪਤਨੀ ਨੂੰ ਏਅਰਪੋਰਟ ਉੱਤੇ ਰੋਕਣ ਉੱਤੇ ਐੱਸ.ਐੱਸ.ਪੀ. ਨੇ ਕਿਹਾ ਕਿ ਉਹ ਕਿਸੇ ਵੀ ਐੱਫ.ਆਈ.ਆਰ. ਦਾ ਹਿੱਸਾ ਨਹੀਂ ਹੈ। ਉਸ ਨੂੰ ਸਿਰਫ਼ ਸਵਾਲ-ਜਵਾਬ ਲਈ ਰੋਕਿਆ ਗਿਆ ਸੀ, ਜੋ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਚ ਬੈਠ ਕੇ ਪੁੱਛੇ ਜਾਣੇ ਸਨ।


author

DIsha

Content Editor

Related News