SSP ਮਾਨਸਾ ਵੱਲੋਂ ਵੱਖ-ਵੱਖ ਥਾਣਾ ਮੁਖੀਆਂ ਦੇ ਤਬਾਦਲੇ
Sunday, Jun 15, 2025 - 10:26 AM (IST)

ਮਾਨਸਾ (ਸੰਦੀਪ ਮਿੱਤਲ) : ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਵੱਲੋਂ ਪਿਛਲੇ ਦਿਨੀਂ ਥਾਣਾ ਮੁਖੀਆਂ ਦੇ ਤਬਾਦਲੇ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਥਾਣਾ ਸਿਟੀ-1 ਮਾਨਸਾ ਦੇ ਮੁਖੀ ਬੇਅੰਤ ਕੌਰ ਨੂੰ ਬਦਲ ਕੇ ਥਾਣਾ ਸਦਰ ਮਾਨਸਾ, ਬਰੇਟਾ ਦੇ ਥਾਣਾ ਮੁਖੀ ਭੁਪਿੰਦਰਜੀਤ ਸਿੰਘ ਨੂੰ ਸਿਟੀ-1 ਮਾਨਸਾ ਅਤੇ ਮਾਨਸਾ ਨਾਰਗੋ ਸੈੱਲ ਦੇ ਸਹਾਇਕ ਇੰਚਾਰਜ ਬਲਦੇਵ ਸਿੰਘ ਐੱਸ. ਆਈ. ਨੂੰ ਥਾਣਾ ਬਰੇਟਾ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਥਾਣਾ ਸਿਟੀ-1 ਮਾਨਸਾ ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਅਹੁਦਾ ਸੰਭਾਲਦਿਆਂ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨਾਲ ਪੁਲਸ ਸਖ਼ਤੀ ਨਾਲ ਪੇਸ਼ ਆਵੇਗੀ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਅੱਗੇ ਤੋਰਿਆ ਜਾਵੇਗਾ, ਤਾਂ ਜੋ ਨਸ਼ੇ ਦਾ ਨਾਮੋ ਨਿਸ਼ਾਨ ਮਿਟ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਆ ਕੇ ਖ਼ੁਫ਼ੀਆ ਤੌਰ ’ਤੇ ਇਤਲਾਹ ਦੇ ਸਕਦਾ ਹੈ ਪਰ ਇਤਲਾਹ ਸੱਚੀ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਮੋਹਤਬਰ ਵਿਅਕਤੀਆਂ ਅਤੇ ਸ਼ਹਿਰ ਵਾਸੀਆਂ ਨੂੰ ਪੁਲਸ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਰਾਤ ਸਮੇਂ ਪੁਲਸ ਵੱਲੋਂ ਗਸ਼ਤਾਂ ਵੀ ਕੀਤੀਆਂ ਜਾਣਗੀਆਂ ਤਾਂ ਜੋ ਮਾੜੇ ਅਨਸਰ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਇਸ ਨਿਯੁਕਤੀ ਤੇ ਕਰਿਆਨਾ ਯੂਨੀਅਨ ਮਾਨਸਾ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜ੍ਹੀਆ ਅਤੇ ਉੱਘੇ ਸਮਾਜ ਸੇਵੀ ਅਤੇ ਵਪਾਰ ਮੰਡਲ ਮਾਨਸਾ ਦੇ ਆਗੂ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਾਨਸਾ ਪੁਲਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।