ਮਾਨਸਾ ਧਰਨੇ 'ਚ ਪਹੁੰਚੇ ਪ੍ਰਤਾਪ ਸਿੰਘ ਬਾਜਵਾ, ਝੋਟੇ ਦੇ ਪਿਤਾ ਨੂੰ ਮਿਲ ਕੇ ਕੀਤਾ ਵੱਡਾ ਐਲਾਨ
Wednesday, Oct 21, 2026 - 04:25 PM (IST)
ਮਾਨਸਾ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਅੱਜ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਮਾਨਸਾ ਵਿਖੇ ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਮੋਰਚੇ 'ਚ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮਾਨਸਾ ਧਰਨੇ 'ਚ ਪਰਵਿੰਦਰ ਝੋਟਾ ਦੇ ਪਰਿਵਾਰ ਦੀਆਂ ਅੱਖਾਂ 'ਚ ਜੋ ਬੇਬੱਸੀ ਦੇਖੀ, ਉਸ ਨੇ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁਸ਼ਕਲ ਘੜੀ 'ਚ ਪਰਿਵਾਰ ਨਾਲ ਖੜ੍ਹਦਿਆਂ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦੁਆਇਆ। ਉਨ੍ਹਾਂ ਕਿਹਾ ਕਿ ਸਮੂਹ ਕਾਂਗਰਸ ਪਾਰਟੀ ਇਸ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਖ਼ਿਲਾਫ਼ ਵਿਧਾਨ ਸਭਾ 'ਚ ਡੱਟ ਕੇ ਆਵਾਜ਼ ਚੁੱਕੇਗੀ ਅਤੇ ਮੁੱਖ ਮੰਤਰੀ ਮਾਨ ਤੋਂ ਅਸਤੀਫ਼ੇ ਦੀ ਮੰਗ ਕਰੇਗੀ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਪਰਿਵਾਰ ਦੀ ਆਵਾਜ਼ ਵਿਧਾਨ ਸਭਾ 'ਚ ਬੁਲੰਦ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਦਾ ਪਤਾ ਲੱਗਾ ਤਾਂ ਹੀ ਪੰਜਾਬ ਸਰਕਾਰ ਨੇ ਝੋਟੇ ਦੇ ਕਤਲ ਦੀ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ ਮੰਨੀ ਹੈ। ਉਨ੍ਹਾਂ ਨੇ ਇਸ ਬਾਰੇ ਅਰਵਿੰਦ ਕੇਜਰੀਵਾਲ ਨੂੰ ਵੀ ਬੋਲਣ ਲਈ ਕਿਹਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਰਵਿੰਦਰ ਝੋਟੇ ਨੇ ਇਕ ਵੱਡੀ ਲੜਾਈ ਲੜੀ ਅਤੇ ਜੇਕਰ ਸਿਸਟਮ ਠੀਕ ਹੁੰਦਾ ਤਾਂ ਉਸ ਨੂੰ ਆਪਣੀ ਜਾਨ ਗੁਆਉਣ ਦੀ ਲੋੜ ਨਾ ਪੈਂਦੀ। ਝੋਟੇ ਦੇ ਕਾਤਲ ਅਸ਼ਵਨੀ ਕੁਮਾਰ ਨੂੰ ਲਾਇਸੈਂਸ ਕਿਸ ਨੇ ਜਾਰੀ ਕੀਤਾ ਅਤੇ ਕਿਸ ਵਿਅਕਤੀ ਨੂੰ ਉਸ ਨੇ ਫੋਨ ਕੀਤਾ, ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਜ਼ਰੂਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸੜ ਰਿਹਾ ਹੈ, ਸਾਡਾ ਨੌਜਵਾਨ ਬੱਚਾ ਜਾ ਚੁੱਕਿਆ ਹੈ ਅਤੇ ਸਾਰੇ ਪੰਜਾਬ ਦੇ ਲੋਕ ਸੜਕਾਂ 'ਤੇ ਆ ਚੁੱਕੇ ਹਨ ਪਰ ਮੁੱਖ ਮੰਤਰੀ ਪੈਰਿਸ ਜਾ ਕੇ ਆਪਣਾ ਜਨਮਦਿਨ ਮਨਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਅਸੀਂ ਸਾਰਿਆਂ ਨੇ ਤਗੜੇ ਹੋ ਕੇ ਲੜਾਈ ਲੜਨੀ ਹੈ।
