550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਨਿਤੀਸ਼ ਸਰਕਾਰ ਨੇ ਸ਼ੀਤਲਕੁੰਜ ਵਿਖੇ ਰੱਖਿਆ ਨੀਂਹ ਪੱਥਰ

01/12/2019 10:10:20 AM

ਪਟਨਾ— ਸ਼ੁੱਕਰਵਾਰ ਨੂੰ ਪਟਨਾ ਤੋਂ 100 ਕਿਲੋਮੀਟਰ ਦੂਰ ਰਾਜਗਿਰੀ ਵਿਖੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸ਼ੀਤਲਕੁੰਜ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਨਾਲੰਦਾ ਜ਼ਿਲੇ 'ਚ ਪੈਂਦੇ ਗੁਰਦੁਆਰਾ ਸ਼ੀਤਲਕੁੰਜ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੈ। ਕਹਿੰਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ (1500-1506) ਵੇਲੇ ਇੱਥੇ ਆਏ ਤਾਂ ਨੇੜੇ-ਤੇੜੇ ਗਰਮ ਪਾਣੀ ਦੇ ਕੁਦਰਤੀ ਚਸ਼ਮੇ ਸਨ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਇੱਥੇ ਚਸ਼ਮੇ ਵਿਚੋਂ ਪਾਣੀ ਪੀਣ ਲੱਗੇ ਤਾਂ ਪਾਣੀ ਠੰਡਾ ਹੋ ਗਿਆ। ਉਨ੍ਹਾਂ ਦੀ ਯਾਦ 'ਚ ਇੱਥੇ ਗੁਰਦੁਆਰਾ ਸ਼ੀਤਲਕੁੰਜ ਸਾਹਿਬ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਾਲ 550 ਸਾਲਾਂ ਨੂੰ ਸਮਰਪਿਤ ਬਿਹਾਰ ਸਰਕਾਰ ਉਨ੍ਹਾਂ ਨਾਲ ਸਬੰਧਤ ਥਾਵਾਂ ਲਈ ਵਿਸ਼ੇਸ਼ ਕਾਰਜ ਕਰ ਰਹੀ ਹੈ। ਇਸੇ ਸਿਲਸਿਲੇ ਤਹਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਤਖ਼ਤ ਪਟਨਾ ਸਾਹਿਬ ਤੋਂ ਸੁਮੀਤ ਸਿੰਘ ਕਲਸੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਲੋੜ ਸੀ, ਜਿਸ ਲਈ ਬਿਹਾਰ ਸਰਕਾਰ ਨੇ ਬਕਾਇਦਾ ਜ਼ਮੀਨ ਮੁਹੱਈਆ ਕਰਵਾਈ ਹੈ ਅਤੇ ਇਮਾਰਤ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਨਿਸ਼ਕਾਮ ਸੇਵਾ ਯੂ.ਕੇ. ਵਾਲੇ ਬਾਬਾ ਮਹਿੰਦਰ ਸਿੰਘ ਨੇ ਸਾਂਭੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਪਟਨਾ ਸਾਹਿਬ ਦੇ  ਜਥੇਦਾਰ ਗਿਆਨੀ ਗੁਰਇਕਬਾਲ ਸਿੰਘ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵੀ ਸ਼ਾਮਲ ਹੋਏ।ਇਸ ਮੌਕੇ ਭਾਈ ਲੌਂਗੋਵਾਲ ਨੇ  12 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਮੁੱਖ ਮੰਤਰੀ ਬਿਹਾਰ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਦਿੱਤਾ ਹੈ ਅਤੇ ਨਿਤੀਸ਼ ਕੁਮਾਰ ਨੇ ਵੀ ਗੁਰਪੁਰਬ ਮੌਕੇ ਆਉਣ ਦਾ ਭਰੋਸਾ ਦਿੱਤਾ ਹੈ।
ਸ਼ੀਤਲਕੁੰਜ ਸਾਹਿਬ ਐਲਾਨ ਕਰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਬਿਹਾਰ ਸਰਕਾਰ ਪਟਨਾ ਸਾਹਿਬ ਸਿੱਖ ਸੰਗਤਾਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਆਰਜ਼ੀ ਟੈਂਟ ਸਿਟੀ ਦੀ ਤਰਜ਼ ਵਾਲਾ ਪੱਕਾ ਰਿਹਾਇਸ਼ ਭਵਨ ਬਣਾਵੇਗੀ। ਇਸ ਭਵਨ ਅੰਦਰ ਟੈਂਟ ਸਿਟੀ ਵਾਲੀਆਂ ਹੀ ਹਰ ਸਹੂਲਤਾਂ ਹੋਣਗੀਆਂ ਤਾਂ ਕਿ ਸੰਗਤਾਂ ਨੂੰ ਪਟਨਾ ਸਾਹਿਬ ਦਰਸ਼ਨਾਂ ਨੂੰ ਆਉਣ ਲੱਗਿਆ ਕਿਸੇ ਵੀ ਤਰ੍ਹਾਂ ਦੀ ਔਕੜ ਨਾ ਆਵੇ। ਫਿਲਹਾਲ ਟੈਂਟ ਸਿਟੀ ਦੀ ਤਰਜ਼ 'ਤੇ ਉਸਾਰੇ ਜਾ ਰਹੇ ਭਵਨ ਲਈ ਥਾਂ ਅਜੇ ਪੱਕੀ ਨਹੀਂ ਕੀਤੀ ਪਰ ਇਸ ਲਈ ਛੇਤੀ ਹੀ ਵਿਉਂਤਬੰਦੀ ਕੀਤੀ ਜਾਵੇਗੀ।
ਤਖ਼ਤ ਸ੍ਰੀ ਪਟਨਾ ਸਾਹਿਬ ਵੀ ਪ੍ਰਬੰਧਕੀ ਕਮੇਟੀ ਵੱਲੋਂ ਪੱਕਾ ਦਰਬਾਰ ਹਾਲ ਅਤੇ ਹੋਰ ਰਿਹਾਇਸ਼ਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪਟਨਾ ਸਾਹਿਬ ਦੇ ਇਸ ਨਿਰਮਾਣ 'ਚ ਪਾਰਕਿੰਗ, ਰਿਹਾਇਸ਼ੀ ਕਮਰਿਆਂ ਤੋਂ ਲੈ ਕੇ ਸੰਗਤਾਂ ਲਈ ਹਰ ਸਹੂਲਤ ਹੋਵੇਗੀ।


DIsha

Content Editor

Related News