ਬਾਹਰੀ ਸੂਬਿਆਂ ਤੋਂ ਆ ਕੇ ਜ਼ਿੰਮੇਵਾਰੀ ਨਾਲ ਆਪਣੇ ਆਪ ਨੂੰ ਕੁਆਰੰਟਾਈਨ ਕਰਨ ਲੋਕ : ਨਿਮਿਸ਼ਾ ਮਹਿਤਾ
Tuesday, Apr 28, 2020 - 04:32 PM (IST)
ਗੜ੍ਹਸ਼ੰਕਰ : ਪੰਜਾਬ ਸਰਕਾਰ ਦੀ ਮਨਜ਼ੂਰੀ ਮਗਰੋਂ ਸ੍ਰੀ ਨੰਦੇੜ ਸਾਹਿਬ ਤੋਂ ਪਰਤੀ ਸੰਗਤ ਅਤੇ ਹੋਰ ਬਾਹਰੀ ਸੂਬਿਆਂ ਤੋਂ ਘਰ ਵਾਪਸ ਪਹੁੰਚ ਰਹੇ ਲੋਕਾਂ ਨੂੰ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਨਾਲ 14 ਦਿਨਾਂ ਲਈ ਘਰ ਵਿਚ ਹੀ ਕੁਆਰੰਟਾਈਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਮੋਰਾਂਵਾਲੀ ਦੇ 16 ਮੈਂਬਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਤੋਂ ਆਪਣੇ ਪਿੰਡ ਪਰਤੇ ਹਨ। ਇਸੇ ਤਰ੍ਹਾਂ ਪਿੰਡ ਟਿੱਬੀਆਂ, ਪਿੱਪਲੀਵਾਲ, ਹਾਜੀਪੁਰ ਅਤੇ ਭਵਾਨੀਪੁਰ ਦੇ ਮੈਂਬਰ ਵੀ ਸ੍ਰੀ ਨੰਦੇੜ ਸਾਹਿਬ ਤੋਂ ਘਰ ਪਹੁੰਚ ਰਹੇ ਹਨ। ਇਸ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਤੋਂ ਵੀ ਕੁਝ ਲੋਕ ਗੜ੍ਹਸ਼ੰਕਰ ਘਰ ਵਾਪਸ ਪਰਤੇ ਹਨ ਅਤੇ ਇਨ੍ਹਾਂ ਨੂੰ ਘਰ ਵਾਪਸ ਲਿਆਉਣ ਵਿਚ ਉਨ੍ਹਾਂ ਆਪ ਇਨ੍ਹਾਂ ਦੀ ਸਹਾਇਤਾ ਕੀਤੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਂਦਿਆਂ ਇਹ ਲੋਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਆਪ ਨੂੰ 14 ਦਿਨ ਲਈ ਸੈਲਫ ਕੁਆਰੰਟਾਈਨ ਵਿਚ ਰੱਖਣ।
ਕਾਂਗਰਸੀ ਆਗੂ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨੂੰ ਘਰ ਲਿਆਉਣਾ ਅਤਿਅੰਤ ਜ਼ਰੂਰੀ ਸੀ ਕਿਉਂਕਿ ਉਹ ਇਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਉਥੇ ਫਸੇ ਹੋਏ ਸਨ ਅਤੇ ਹੁਣ ਘਰ ਵਾਪਸ ਪਰਤਣ ਮਗਰੋਂ ਉਨ੍ਹਾਂ ਨੂੰ 14 ਦਿਨ ਇਕਾਂਤਵਾਸ ਅਨੁਸ਼ਾਸਤ ਹੋ ਨਿਭਾਅ ਲੈਣਾ ਚਾਹੀਦਾ ਹੈ।