ਸ੍ਰੀ ਮੁਕਤਸਰ ਸਾਹਿਬ ਤੋਂ ਚਾਰ ਬੱਚੇ ਭੇਦਭਰੀ ਹਾਲਤ ''ਚ ਲਾਪਤਾ
Monday, Jul 09, 2018 - 07:09 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ)— ਚੱਕਬੀੜ ਸਰਕਾਰੀ ਸਕੂਲ 'ਚ ਪੜ੍ਹਦੇ ਚਾਰ ਬੱਚੇ ਭੇਦਭਰੀ ਹਾਲਤ 'ਚ ਲਾਪਤਾ ਹੋ ਗਏ ਹਨ। ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੂੰ ਲਿਖਤੀ ਸੂਚਨਾ ਦੇ ਕੇ ਜਾਣੂ ਕਰਵਾਇਆ ਹੈ। ਥਾਣਾ ਸਿਟੀ ਪੁਲਸ ਨੇ ਇਸ ਸਬੰਧੀ ਬਕਾਇਦਾ ਕੇਸ ਦਰਜ਼ ਕਰਕੇ ਬੱਚਿਆਂ ਦੀ ਪੂਰੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਦੂਜੇ ਪਾਸੇ ਮਾਪੇ ਵੀ ਬੱਚਿਆਂ ਦੀ ਤਲਾਸ ਕਰ ਰਹੇ ਹਨ ਪਰ ਅਜੇ ਤੱਕ ਕੋਈ ਵੀ ਸਫ਼ਲਤਾ ਹੱਥ ਨਹੀਂ ਲੱਗੀ।
ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਅਮਿਤ ਕੁਮਾਰ ਪੁੱਤਰ ਸਰੂਪ ਚੰਦ ਨਿਵਾਸੀ ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਭਾਰਤ ਕੁਮਾਰ ਅਤੇ ਤਰੁਨ ਕੁਮਾਰ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿਖੇ ਸਤਵੀਂ ਜਮਾਤ 'ਚ ਪੜ੍ਹਦੇ ਹਨ, ਉਨ੍ਹਾਂ ਦੇ ਨਾਲ ਇਸੇ ਹੀ ਸਕੂਲ 'ਚ ਸਤਵੀਂ ਜਮਾਤ ਦਾ ਇਕ ਹੋਰ ਵਿਦਿਆਰਥੀ ਅਭਿਸ਼ੇਕ ਕੁਮਾਰ ਪੁੱਤਰ ਬਨਾਰਸੀ ਦਾਸ ਵੀ ਪੜ੍ਹਦਾ ਹੈ। ਇਹ ਬੱਚੇ ਜਦੋਂ ਸਕੂਲ ਤੋਂ ਵਾਪਸ ਘਰ ਨਾ ਪਰਤੇ ਤਾਂ ਮਾਪਿਆਂ ਵਲੋਂ ਬੱਚਿਆਂ ਦੀ ਭਾਲ ਕਰਨ ਉਪਰੰਤ ਵੀ ਨਾ ਮਿਲਣ 'ਤੇ ਸਥਾਨਕ ਥਾਣਾ ਸਿਟੀ ਪੁਲਸ ਨੂੰ ਇਸ ਬਾਰੇ ਲਿਖਤੀ ਇਤਲਾਹ ਦੇ ਕੇ ਜਾਣੂ ਕਰਵਾਇਆ। ਉਕਤ ਸਕੂਲ 'ਚੋਂ ਪੜ੍ਹਨੋਂ ਹਟ ਚੁੱਕੇ ਵਿਦਿਆਰਥੀ ਰਾਜੀਵ ਕੁਮਾਰ ਪੁੱਤਰ ਛੋਟੂ ਦਾਸ ਵੀ ਇਨ੍ਹਾਂ ਬੱਚਿਆਂ ਨਾਲ ਹੀ ਲਾਪਤਾ ਹੈ। ਬੱਚਿਆਂ ਦੇ ਲਾਪਤਾ ਹੋਣ 'ਤੇ ਮਾਪੇ ਬੇਹੱਦ ਚਿੰਤਤ ਹਨ ਜਦਕਿ ਪੁਲਸ ਵਲੋਂ ਕਈ ਪੱਖਾਂ ਨੂੰ ਸਾਹਮਣੇ ਰੱਖ ਕੇ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਸਿਟੀ ਦੇ ਮੁੱਖ ਅਫਸਰ ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਐਫ. ਆਈ. ਆਰ ਦਰਜ ਕਰ ਲਈ ਗਈ ਹੈ ਅਤੇ ਬੱਚਿਆਂ ਦੀ ਪੂਰੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਅਜੇ ਤੱਕ ਪੱਕੇ ਤੌਰ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਮੀਦ ਹੈ ਕਿ ਅਸੀਂ ਜਲਦ ਹੀ ਇਹ ਮਾਮਲਾ ਸੁਲਝਾ ਲਵਾਂਗੇ। ਦੂਜੇ ਪਾਸੇ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਲੋਕਾਂ ਨੇ ਇਨ੍ਹਾਂ ਬੱਚਿਆਂ ਨੂੰ 7 ਜੁਲਾਈ ਨੂੰ ਤਕਰੀਬਨ 11:30 ਵਜੇ ਰੇਲਵੇ ਸਟੇਸਨ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਦੇਖਿਆ ਸੀ।