ਦਿਲਜੀਤ ਦੀ ਪ੍ਰਾਪਤੀ ਤੋਂ ਬਾਅਦ ਪਰਿਵਾਰ 'ਚ ਖੁਸ਼ੀਆਂ ਦੀ ਲਹਿਰ (ਤਸਵੀਰਾਂ)
Friday, Sep 13, 2019 - 09:57 AM (IST)
ਸ੍ਰੀ ਮੁਕਤਸਰ ਸਾਹਿਬ (ਬਿਊਰੋ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚਿੜੀ ਦੇ ਜੰਮਪਲ ਦਿਲਜੀਤ ਪਾਲ ਬਰਾੜ ਨੇ ਵਿਦੇਸ਼ ਦੀ ਧਰਤੀ 'ਤੇ ਭਾਰਤ ਅਤੇ ਪੰਜਾਬ ਸੂਬੇ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਦਿਲਜੀਤ ਪਾਲ ਕੈਨੇਡਾ ਦੇ ਮਨੀਟੋਬਾ ਸੂਬੇ 'ਚ ਪੈਂਦੇ ਸ਼ਹਿਰ ਵਿਨੀਪੈਗ ਤੋਂ ਨਿਊ ਡੇਮੋਕਰੇਟ ਪਾਰਟੀ ਦੇ ਮੰਚ ਤੋਂ ਵਿਧਾਇਕ ਬਣ ਗਏ ਹਨ। ਵਿਦੇਸ਼ 'ਚ ਵਿਧਾਇਕ ਬਣਨ 'ਤੇ ਉਨ੍ਹਾਂ ਦੇ ਪਿੰਡ 'ਚ ਅਤੇ ਲੋਕਾਂ ਦੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਦਾ ਪਰਿਵਾਰ ਵੀ ਫੁੱਲੇ ਨਹੀਂ ਸਮਾ ਰਿਹਾ।
ਦਿਲਜੀਤ ਮੰਗਲ ਸਿੰਘ ਬਰਾੜ ਦੇ ਸਪੁੱਤਰ ਹਨ, ਜੋ ਕਿ ਸਰਕਾਰੀ ਸਕੂਲ 'ਚ ਅਧਿਆਪਕ ਰਹੇ ਹਨ। ਬਰਾੜ ਦੇ ਵਿਧਾਇਕ ਬਣਨ 'ਤੇ ਸ਼ੇਰਜੰਗ ਸਿੰਘ ਹੁੰਦਲ, ਅਰੁਣਜੋਤ ਸਿੰਘ ਸੋਢੀ, ਅਵਨੀਤ ਸਿੰਘ ਤੇਜਾ ਨੇ ਵਧਾਈ ਦਿੱਤੀ। ਮੈਨੀਟੋਬਾ ਤੋਂ ਪਹਿਲੀ ਵਾਰ ਡਾ. ਗੁਲਜਾਰ ਸਿੰਘ ਚੀਮਾ ਵਿਧਾਇਕ ਬਣੇ ਸਨ। ਉਨ੍ਹਾਂ ਤੋਂ ਬਾਅਦ ਮਹਿੰਦਰ ਸਰਾਂ ਵਿਧਾਇਕ ਬਣੇ। ਮੈਨੀਟੋਬਾ 'ਚ ਪਾਲਿਸਟਰ ਮੁੜ ਕੰਜ਼ਰਵੇਟਿਵ ਸਰਕਾਰ ਬਣਾਉਣ 'ਚ ਕਾਮਯਾਬ ਰਹੇ ਹਨ ਜਦਕਿ ਐੱਨ. ਡੀ. ਪੀ. ਆਫੀਸ਼ੀਅਲ ਵਿਰੋਧੀ ਧਿਰ ਹੈ।
ਇਸ ਖਾਸ ਮੌਕੇ 'ਤੇ 'ਜਗਬਾਣੀ' ਟੀ.ਵੀ. ਦਿਲਜੀਤ ਪਾਲ ਦੇ ਘਰ ਪੁੱਜਾ, ਜਿਥੇ ਉਨ੍ਹਾਂ ਨੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਖੁਸ਼ੀ ਸਾਂਝੀ ਕੀਤੀ। ਦੱਸ ਦੇਈਏ ਕਿ ਦਿਲਜੀਤ ਪਾਲ ਸਿੰਘ ਪੰਜਾਬੀ ਨੌਜਵਾਨਾਂ ਲਈ ਇਕ ਮਿਸਾਲ ਬਣ ਗਿਆ ਹੈ, ਜਿਸ ਵੱਲ ਦੇਖ ਬਹੁਤ ਸਾਰੇ ਨੌਜਵਾਨਾਂ ਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਤਾਂ ਜੋ ਉਹ ਵੀ ਨਵੀਆਂ ਬੁਲੰਦੀਆਂ ਹਾਸਲ ਕਰ ਸਕਣ।