ਕਿਸਾਨਾਂ ਲਈ ਵਰਦਾਨ ਹੈ ਸ੍ਰੀ ਮੁਕਤਸਰ ਸਾਹਿਬ ਦੀ ਚੰਦ ਭਾਨ ਡਰੇਨ ਪਰ ਖ਼ਤਰੇ 'ਚ ਵਜੂਦ

Saturday, Jun 24, 2023 - 04:21 PM (IST)

ਕਿਸਾਨਾਂ ਲਈ ਵਰਦਾਨ ਹੈ ਸ੍ਰੀ ਮੁਕਤਸਰ ਸਾਹਿਬ ਦੀ ਚੰਦ ਭਾਨ ਡਰੇਨ ਪਰ ਖ਼ਤਰੇ 'ਚ ਵਜੂਦ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਪਵਨ)- ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਬੀਤ ਚੁੱਕੇ ਹਨ ਪਰ ਸਮੇਂ ਦੀਆਂ ਸਰਕਾਰਾਂ ਕੋਲੋਂ ਖੇਤੀ ਲਈ ਨਹਿਰੀ ਪਾਣੀ ਪੂਰਾ ਨਹੀਂ ਹੋਇਆ, ਜਿਸ ਕਰ ਕੇ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਨਹਿਰੀ ਪਾਣੀ ਤੋਂ ਬਿਨਾਂ ਖਾਲੀ ਰਹਿ ਜਾਂਦੀਆਂ ਹਨ ਜਾਂ ਪਾਣੀ ਦੀ ਘਾਟ ਕਾਰਨ ਫ਼ਸਲਾਂ ਚੰਗੀ ਤਰ੍ਹਾਂ ਨਹੀਂ ਹੁੰਦੀਆਂ ਤੇ ਝਾੜ ਘੱਟ ਜਾਂਦਾ ਹੈ। ਪਾਣੀ ਦੀ ਘਾਟ ਕਾਰਨ ਜ਼ਮੀਨਾਂ ਬੰਜਰ ਵੀ ਬਣ ਰਹੀਆਂ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡ ਅਜਿਹੇ ਹਨ ਜਿਥੇ ਖੇਤੀ ਲਈ ਨਹਿਰੀ ਪਾਣੀ ਦੀ ਘਾਟ ਹੈ। ਕੁਝ ਪਿੰਡ ਟੇਲਾਂ ’ਤੇ ਵੀ ਪੈਂਦੇ ਹਨ। ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਲਈ ਤਾਂ ਹੋਰ ਵੀ ਔਖਾ ਹੈ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਨਹਿਰੀ ਪਾਣੀ ਦੀ ਘਾਟ ਦਾ ਸੰਤਾਪ ਹੰਡਾ ਰਹੇ ਹਨ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿਚ ਦੀ ਲੰਘਣ ਵਾਲੀ ਵੱਡੀ ਚੰਦ ਭਾਨ ਡਰੇਨ ਅਨੇਕਾਂ ਕਿਸਾਨਾਂ ਲਈ ਇਸ ਵੇਲੇ ਵਰਦਾਨ ਸਾਬਿਤ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਉਕਤ ਡਰੇਨ ’ਚੋਂ ਪੱਖਿਆਂ ਨਾਲ ਪਾਣੀ ਚੁੱਕ ਕੇ ਆਪਣੇ ਦੂਰ-ਦੁਰਾਡੇ ਦੇ ਖੇਤਾਂ ਨੂੰ ਵੀ ਲਗਾ ਰਹੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਦੀ ਹੌਟਲਾਈਨ ਠੱਪ, ਗਰਮੀ ਤੋਂ ਪ੍ਰੇਸ਼ਾਨ ਯਾਤਰੀ

ਵਰਨਣਯੋਗ ਹੈ ਕਿ ਇਸ ਡਰੇਨ ਦੀਆਂ ਦੋਵਾਂ ਪਟੜੀਆਂ ’ਤੇ ਕਿਸਾਨਾਂ ਨੇ ਲਗਭਗ 400 ਪੱਖੇ ਰੱਖੇ ਹੋਏ ਹਨ ਤੇ ਇਨ੍ਹਾਂ ਨੂੰ ਡੀਜ਼ਲ ਇੰਜਣਾਂ, ਟਰੈਕਟਰਾਂ ਅਤੇ ਜਰਨੇਟਰਾ ਆਦਿ ਨਾਲ ਚਲਾ ਕੇ ਪਾਣੀ ਚੁੱਕਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਡੀਜ਼ਲ ਤਾਂ ਮੱਚਦਾ ਹੈ ਪਰ ਫ਼ਿਰ ਵੀ ਉਨ੍ਹਾਂ ਨੂੰ ਪਾਣੀ ਤਾਂ ਮਿਲ ਰਿਹਾ ਹੈ ਤੇ ਵੇਲਾ ਪੂਰਾ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਖੇਤਰ ਦੇ ਉਹ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਲਈ ਨਹਿਰੀ ਪਾਣੀ ਦੀ ਘਾਟ ਹੈ ਉਹ ਚੰਦ ਭਾਨ ਡਰੇਨ ਦੇ ਪਾਣੀ ਨਾਲ ਹੀ ਆਪਣੀਆਂ ਫ਼ਸਲਾਂ ਨੂੰ ਪਾਲਦੇ ਹਨ।

ਕਿਸਾਨਾਂ ਨੇ ਆਪਣੇ ਖੇਤਾਂ ਤੱਕ ਚੰਦ ਭਾਨ ਡਰੇਨ ਦੀਆਂ ਪਟੜੀਆਂ ਤੋਂ ਲੈ ਕੇ ਜ਼ਮੀਨਦੋਜ਼ ਪਾਈਪਾਂ ਪਾਈਆਂ ਹੋਈਆਂ ਹਨ ਤੇ ਇਨ੍ਹਾਂ ਪਾਈਪਾਂ ’ਤੇ ਵੀ ਲੱਖਾਂ ਰੁਪਏ ਖਰਚ ਆਇਆ ਹੈ। ਕਿਸਾਨ ਆਪਣੇ ਬਲਬੂਤੇ ਹੀ ਸਭ ਕੁੱਝ ਕਰ ਰਹੇ ਹਨ।‌ ਕਿਸਾਨਾਂ ਨੇ ਦੱਸਿਆ ਕਿ ਅਕਸਰ ਹੀ ਚੰਦ ਭਾਨ ਡਰੇਨ ਵਿਚ ਨਹਿਰਾਂ ਦਾ ਵਾਧੂ ਪਾਣੀ ਛੱਡ ਦਿੱਤਾ ਜਾਂਦਾ ਹੈ ਜੋ ਲੋੜਵੰਦ ਕਿਸਾਨਾਂ ਦੇ ਕੰਮ ਆ ਰਿਹਾ ਹੈ। ਇਸ ਖੇਤਰ ਦੇ ਪਿੰਡਾਂ ਭਾਗਸਰ, ਬਲਮਗੜ੍ਹ, ਰਹੂੜਿਆਂ ਵਾਲੀ,ਮਹਾਂਬੱਧਰ , ਰੁਪਾਣਾ , ਰਾਮਗੜ੍ਹ ਚੂੰਘਾਂ , ਕੌੜਿਆਂਵਾਲੀ, ਮਦਰੱਸਾ ਅਤੇ ਹੋਰਨਾਂ ਪਿੰਡਾਂ ਦੇ ਕਿਸਾਨ ਆਪਣੀਆਂ ਜ਼ਮੀਨਾਂ ਲਈ ਤੇ ਫਸਲਾਂ ਨੂੰ ਪਕਾਉਣ ਲਈ ਇਸ ਡਰੇਨ ਦੇ ਪਾਣੀ ਦਾ ਪੂਰਾ ਲਾਭ ਲੈ ਰਹੇ ਹਨ।

ਇਹ ਵੀ ਪੜ੍ਹੋ- ਤੇਜ਼ ਗਰਮੀ ’ਚ ਬਿਜਲੀ ਕੱਟਾਂ ਕਾਰਨ ਲੋਕਾਂ ’ਚ ਹਾਹਾਕਾਰ, ਅੱਜ ਮੀਂਹ ਪੈਣ ਦੀ ਸੰਭਾਵਨਾ

1962 ਵਿਚ ਬਣਾਈ ਗਈ ਸੀ ਚੰਦ ਭਾਨ ਡਰੇਨ

ਉੱਘੇ ਸਮਾਜ ਸੇਵਕ ਤੇ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਭਾਗਸਰ ਨੇ ਦੱਸਿਆ ਕਿ ਚੰਦ ਭਾਨ ਡਰੇਨ ਸਾਲ 1962 ਵੇਲੇ ਦੀ ਬਣੀ ਹੋਈ ਹੈ। ਇਸ ਖੇਤਰ ਦੇ ਪਿੰਡਾਂ ਨੇੜਿਓਂ ਲੰਘਦੀ ਇਹ ਡਰੇਨ ਅੱਗੇ ਪਾਕਿਸਤਾਨ ਦੀ ਹੱਦ ਤਕ ਜਾਂਦੀ ਹੈ ।

ਵਜੂਦ ਖਤਰੇ ਵਿਚ ਹੈ

ਇਸ ਵੇਲੇ ਇਸ ਡਰੇਨ ਦਾ ਵਜੂਦ ਖਤਰੇ ਵਿਚ ਹੈ ਕਿਉਂਕਿ ਜੋ ਦਿੱਖ ਇਸ ਡਰੇਨ ਦੀ ਪਹਿਲਾਂ ਸੀ, ਉਹ ਨਹੀਂ ਰਹੀ ਅਤੇ ਇਸ ਦੀਆਂ ਦੋਵੇਂ ਪਟੜੀਆਂ ਸਿਮਟਦੀਆਂ ਜਾ ਰਹੀਆਂ ਹਨ। ਇਸ ਖੇਤਰ ਦੀ ਸਭ ਤੋਂ ਵੱਡੀ ਇਹ ਡਰੇਨ ਲਗਭਗ 200 ਫੁੱਟ ਚੌੜੀ ਹੈ ਅਤੇ ਇਸ ਉੱਪਰ ਮੁੱਖ ਅਤੇ ਲਿੰਕ ਸੜਕਾਂ ਦੇ ਅਨੇਕਾਂ ਵੱਡੇ ਪੁਲ ਆਉਂਦੇ ਹਨ। ਭਾਵੇਂ ਉਕਤ ਡਰੇਨ ਦੀਆਂ ਪਟੜੀਆਂ ਤੋਂ ਮਿੱਟੀ ਚੁਕਣਾ ਬਿਲਕੁਲ ਗੈਰ-ਕਾਨੂੰਨੀ ਹੈ ਪਰ ਲੋਕਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਪੁਲਾਂ ਅਤੇ ਹੋਰ ਰਸਤਿਆਂ ਦੇ ਨੇੜਿਓਂ ਚੰਦ ਭਾਨ ਡਰੇਨ ਦੀਆਂ ਪਟੜੀਆਂ ਦੀ ਮਿੱਟੀ ਲੋਕਾਂ ਨੇ ਟਰੈਕਟਰ-ਟਰਾਲੀਆਂ ਰਾਹੀਂ ਭਾਰੀ ਮਾਤਰਾ ਵਿਚ ਚੁੱਕ ਲਈ ਹੈ ਅਤੇ ਪਟੜੀਆਂ ਨੂੰ ਖਾਲੀ ਕਰ ਦਿੱਤਾ ਹੈ। ਪਹਿਲਾਂ ਇਸ ਡਰੇਨ ਦੇ ਦੋਵੇਂ ਪਾਸੇ ਬਹੁਤ ਉੱਚੀਆਂ-ਉੱਚੀਆਂ ਪੱਟੜੀਆਂ ਸਨ ਪਰ ਹੁਣ ਦੂਰ-ਦੂਰ ਤੱਕ ਪਟੜੀਆਂ ਘੋਨੀਆਂ ਦਿਖਾਈ ਦੇ ਰਹੀਆਂ ਹਨ ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਛੱਡਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੀ ਟਿੱਪਣੀ 'ਤੇ ਦਿੱਤਾ ਵੱਡਾ ਬਿਆਨ

ਨਹਿਰਾਂ ਦਾ ਛੱਡਿਆ ਜਾਂਦਾ ਹੈ ਪਾਣੀ

ਜਦ ਬਾਰਿਸ਼ਾਂ ਆਉਂਦੀਆਂ ਹਨ ਜਾਂ ਕੋਈ ਨਹਿਰ, ਰਜਬਾਹੇ ਵਿਚ ਪਾੜ ਪੈ ਜਾਂਦਾ ਹੈ ਤਾਂ ਜ਼ਿਲ੍ਹੇ ’ਚੋਂ ਲੰਘਦੀਆਂ ਵੱਡੀਆ ਨਹਿਰਾਂ ਦਾ ਪਾਣੀ ਉਕਤ ਚੰਦ ਭਾਨ ਡਰੇਨ ਵਿਚ ਛੱਡਿਆ ਜਾਂਦਾ ਹੈ ਅਤੇ ਇਸ ਡਰੇਨ ਨੂੰ ਵੱਡੀਆਂ ਨਹਿਰਾਂ ਦੇ ਹੇਠਾਂ ਦੀ ਲੰਘਾਇਆ ਗਿਆ ਹੈ। ਉਂਝ ਵੀ ਨਹਿਰਾਂ ਦਾ ਵਾਧੂ ਪਾਣੀ ਇਸ ਡਰੇਨ ਵਿਚ ਛੱਡ ਦਿੱਤਾ ਜਾਂਦਾ ਹੈ।

ਲੋੜ ਹੈ ਡਰੇਨ ਨੂੰ ਸੰਭਾਲਣ ਦੀ

ਡਰੇਨਜ਼ ਵਿਭਾਗ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਇਸ ਚੰਦ ਭਾਨ ਡਰੇਨ ਵੱਲ ਧਿਆਨ ਦੇਣ ’ਤੇ ਸੰਭਾਲਣ ਦੀ ਲੋੜ ਹੈ ਕਿਉਂਕਿ ਇਸ ਦਾ ਵਜੂਦ ਖਤਰੇ ਵਿਚ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤੇ ਚੀਨ ਨਾਲ ਹੋਈਆਂ ਲੜਾਈਆਂ ਦੌਰਾਨ ਭਾਰਤੀ ਫੌਜਾਂ ਉਕਤ ਡਰੇਨ ’ਤੇ ਮੋਰਚੇ ਬਣਾ ਕੇ ਕਈ-ਕਈ ਹਫ਼ਤੇ ਡਟੀਆਂ ਰਹੀਆਂ ਸਨ ਅਤੇ ਹਾਲਾਤ ’ਤੇ ਨਜ਼ਰ ਰੱਖੀ ਗਈ ਸੀ।

ਇਹ ਵੀ ਪੜ੍ਹੋ-  ਗੁਰਦਾਸਪੁਰ 'ਚ ਸ਼ਰੇਆਮ ਗੁੰਡਾਗਰਦੀ, ਪਿੰਡ ਦੇ ਹੀ ਵਿਅਕਤੀਆਂ ਨੇ ਨੌਜਵਾਨ 'ਤੇ ਹਮਲਾ ਕਰ ਕੀਤਾ ਜ਼ਖ਼ਮੀ

ਕੀ ਕਹਿਣਾ ਹੈ ਕਿਸਾਨਾਂ ਦਾ

ਕਿਸਾਨ ਬੱਬਲਜੀਤ ਸਿੰਘ ਬਰਾੜ, ਪਰਮਿੰਦਰ ਸਿੰਘ ਬਿੱਟੂ ਬਰਾੜ, ਰਾਜਵੀਰ ਸਿੰਘ ਸਾਬਕਾ ਮੈਂਬਰ, ਮਨਿੰਦਰ ਸਿੰਘ ਬਰਾੜ , ਸਰਬਨ ਸਿੰਘ ਬਰਾੜ , ਪਰਮਿੰਦਰ ਸਿੰਘ ਕੌੜਿਆਂਵਾਲੀ, ਸਰਬਜੀਤ ਸਿੰਘ ਬਰਾੜ ਅਤੇ ਮਹਿਲ ਸਿੰਘ ਮਦਰੱਸਾ ਨੇ ਕਿਹਾ ਹੈ ਕਿ ਚੰਦ ਭਾਨ ਡਰੇਨ ਵਿਚ ਲਗਾਏ ਗਏ ਟਿਊਬਵੈੱਲਾਂ ਦਾ ਕਿਸਾਨਾਂ ਨੂੰ ਬਹੁਤ ਲਾਭ ਹੈ ਕਿਉਂਕਿ ਜੇਕਰ ਇਹ ਟਿਊਬਵੈੱਲ ਵੀ ਡਰੇਨ ਦੀਆਂ ਪਟੜੀਆਂ ’ਤੇ ਨਾ ਲੱਗਦੇ ਤਾਂ ਪਹਿਲਾਂ ਹੀ ਨਹਿਰੀ ਪਾਣੀ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਚੰਦ ਭਾਨ ਡਰੇਨ ਵਿਚ ਸਮੇਂ-ਸਮੇਂ ਸਿਰ ਪਾਣੀ ਛੱਡਦੇ ਰਹਿਣਾ ਚਾਹੀਦਾ ਹੈ ਤਾਂ ਕਿ ਕਿਸਾਨ ਇਥੋਂ ਪਾਣੀ ਚੁੱਕ ਕੇ ਆਪਣੀਆਂ ਫ਼ਸਲਾਂ ਨੂੰ ਲਗਾ ਸਕਣ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News