ਸ੍ਰੀ ਮੁਕਤਸਰ ਸਾਹਿਬ ਦਾ ਬੱਸ ਸਟੈਂਡ ਸਵੱਛ ਭਾਰਤ ਮੁਹਿੰਮ ਨੂੰ ਕਰ ਰਿਹਾ ਹੈ ਬਦਨਾਮ (ਤਸਵੀਰਾਂ)
Monday, Sep 18, 2017 - 04:11 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜ) - 40 ਮੁਕਤਿਆਂ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਵੇਂ ਪੰਜਾਬ ਸਰਕਾਰ ਨੇ ਸਵਾ ਪੰਜ ਕਰੋੜ ਰੁਪਇਆ ਖਰਚ ਕੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਦੇਣ ਲਈ ਸ਼ਾਨਦਾਰ ਬੱਸ ਸਟੈਂਡ ਬਣਾਇਆ ਸੀ। ਇਸ ਬੱਸ ਸਟੈਂਡ ਤੋਂ 100 ਮਿੰਨੀ ਬੱਸਾਂ ਦੇ ਟਾਈਮਾਂ ਸਮੇਤ ਕੁਲ 500 ਬੱਸਾਂ ਨਿਕਲਦੀਆਂ ਹਨ। ਹਰ ਰੋਜ ਸਵੇਰੇ ਤੋਂ ਲੈ ਕੇ ਦੇਰ ਸ਼ਾਮ ਤੱਕ ਸੈਂਕੜੇ ਮਰਦ, ਔਰਤਾਂ, ਬੱਚੇ ਤੇ ਬਜ਼ੁਰਗ ਬੱਸ ਸਟੈਂਡ ਤੇ ਆ ਕੇ ਬੱਸਾਂ 'ਤੇ ਚੜਦੇ ਉਤਰਦੇ ਹਨ ਪਰ ਜੋ ਸੁੱਖ ਸਹੂਲਤਾਂ ਸਵਾਰੀਆਂ ਨੂੰ ਮਿਲਣੀਆ ਚਾਹੀਦੀਆਂ ਹਨ, ਉਹ ਨਹੀਂ ਮਿਲ ਰਹੀਆਂ।
ਸਫ਼ਾਈ ਪੱਖ ਤੋਂ ਬੁਰਾ ਹਾਲ
ਬੱਸ ਸਟੈਂਡ 'ਤੇ ਸਭ ਤੋਂ ਮਾੜਾ ਹਾਲ ਸਫ਼ਾਈ ਦਾ ਹੈ। ਇਕ ਪਾਸੇ ਸਰਕਾਰ ਸਵੱਛ ਭਾਰਤ ਮੁਹਿੰਮ ਅਧੀਨ ਸਫ਼ਾਈ ਮੁਹਿੰਮ ਚਲਾ ਰਹੀ ਹੈ ਪਰ ਦੂਜੇ ਪਾਸੇ ਬੱਸ ਸਟੈਡ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਮਿੰਨੀ ਬੱਸ ਸਟੈਂਡ ਵਾਲੇ ਪਾਸੇ ਜਿੱਥੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਕਾਊਟਰਾਂ ਤੇ ਲੱਗਦੀਆਂ ਹਨ, ਕੂੜਾ ਇਕੱਠਾ ਕਰਕੇ ਸੁੱਟਿਆ ਹੋਇਆ ਹੈ, ਜਿਸ ਤੋਂ ਬਿਮਾਰੀਆ ਲੱਗਣ ਦਾ ਖਤਰਾ ਹੈ। ਵੱਡੇ ਬੱਸ ਸਟੈਡ ਵਾਲੇ ਪਾਸੇ ਅਤੇ ਮਿੰਨੀ ਬੱਸ ਸਟੈਂਡ ਵਾਲੇ ਪਾਸੇ ਜੋ ਬਾਥਰੂਮ ਬਣਾਏ ਗਏ ਹਨ, ਸਫਾਈ ਨਹੀਂ ਹੈ। ਬਾਥਰੂਮਾਂ ਦੇ ਅੰਦਰ ਟੁੱਟ ਭੱਜ ਹੋਈ ਪਈ ਹੈ ਤੇ ਅੰਦਰ ਹੱਥ ਧੋਣ ਨੂੰ ਪਾਣੀ ਦਾ ਕੋਈ ਪ੍ਰਬੰਧ ਨਹੀਂ।

ਬੇਸਹਾਰਾ ਪਸ਼ੂ ਦਾ ਸਹਾਰਾ ਬਣਿਆ ਬੱਸ ਸਟੈਂਡ
ਸ੍ਰੀ ਮੁਕਤਸਰ ਸਾਹਿਬ ਦਾ ਬੱਸ ਸਟੈਂਡ ਬੇਸਹਾਰਾ ਘੁੰਮ ਰਹੇ ਪਸ਼ੂਆਂ ਦਾ ਸਹਾਰਾ ਬਣਿਆ ਹੋਇਆ ਹੈ, ਬੇਸਹਾਰਾ ਪਸ਼ੂ ਗਰਮੀ ਤੋਂ ਬਚਣ ਲਈ ਬੱਸ ਸਟੈਂਡ 'ਚ ਲੱਗੇ ਦਰੱਖਤਾਂ ਹੇਠਾਂ ਆ ਕੇ ਅਰਾਮ ਕਰਦੇ ਵੇਖੇ ਜਾ ਸਕਦੇ ਹਨ। ਕਈ ਵਾਰ ਇਹ ਪਸ਼ੂ ਸਵਾਰੀਆਂ ਲਈ ਮੁਸੀਬਤ ਦਾ ਕਾਰਨ ਬਣਦੇ ਹਨ।

ਪੀਣ ਵਾਲੇ ਪਾਣੀ ਦੀ ਘਾਟ
ਗਰਮੀਂ ਦੇ ਭਾਵੇਂ ਕਈ ਮਹੀਨੇ ਲੰਘ ਚੁੱਕੇ ਹਨ ਪਰ ਬੱਸ ਸਟੈਂਡ 'ਤੇ ਅਜੇ ਤੱਕ ਠੰਡਾ ਪਾਣੀ ਸਵਾਰੀਆਂ ਨੂੰ ਪੀਣ ਲਈ ਨਸੀਬ ਨਹੀਂ ਹੋਇਆ, ਸਿਰਫ ਖਾਨਾ ਪੂਰਤੀ ਲਈ 3 ਵਾਟਰ ਕੂਲਰ ਲਾਏ ਹੋਏ ਹਨ। ਮਿੰਨੀ ਬੱਸ ਸਟੈਂਡ ਵਾਲੇ ਪਾਸੇ ਵਾਟਰ ਕੂਲਰ ਖਰਾਬ ਹੈ। ਅੱਡੇ 'ਤੇ ਆਉਣ ਵਾਲੀਆਂ ਸਵਾਰੀਆਂ ਨੂੰ ਟੂਟੀਆਂ ਦਾ ਤੱਤਾ ਪਾਣੀ ਹੀ ਪੀਣਾ ਪੈਂਦਾ ਹੈ ਜਾਂ ਦੁਕਾਨਾਂ ਤੋਂ ਬੰਦ ਬੋਤਲਾਂ ਵਾਲਾ ਪਾਣੀ ਖਰੀਦਣਾ ਪੈਂਦਾ ਹੈ।

ਪੱਖੇ ਬਣੇ ਹਨ ਸਿਰਫ਼ ਖਾਨਾਪੂਰਤੀ ਲਈ
ਸਵਾਰੀਆਂ ਦੇ ਬੈਠਣ ਲਈ ਕਾਊਟਰਾਂ 'ਤੇ ਲੱਗੇ ਛੱਤ ਵਾਲੇ ਪੱਖੇ ਬੰਦ ਹਨ ਅਤੇ ਕਿਸੇ ਦੇ ਫਰ ਟੁੱਟੇ ਹੋਏ ਹਨ। ਗਰਮੀਂ ਦੇ ਦਿਨਾਂ 'ਚ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਹਨ। ਪੱਖੇ ਲੱਗੇ ਜਰੂਰ ਹਨ ਪਰ ਚੱਲਦੇ ਨਹੀਂ। ਇਹੀ ਹਾਲ ਬੱਸ ਸਟੈਂਡ ਅੰਦਰ ਲੱਗੀਆਂ ਸਟਰੀਟ ਲਾਇਟਾਂ ਹੈ।
ਸਾਰ ਲਵੇ ਪ੍ਰਸ਼ਾਸਨ
ਪੰਜਾਬ ਸਰਕਾਰ ਨੇ ਇਸ ਬੱਸ ਸਟੈਂਡ ਨੂੰ ਪਿੱਛਲੇਂ ਸਾਲ ਠੇਕੇ 'ਤੇ ਦਿੱਤਾ ਸੀ ਪਰ ਇਸ ਵਾਰ ਇਸ ਨੂੰ ਕਿਸੇ ਨੇ ਠੇਕੇ 'ਤੇ ਲਿਆ ਹੀ ਨਹੀਂ। ਸਾਰਾ ਕੰਮਕਾਜ ਪਹਿਲੇ ਵਾਲੇ ਠੇਕੇਦਾਰ ਕੋਲ ਹੀ ਹੈ। ਬੱਸ ਸਟੈਂਡ ਦੇ ਗੇਟ 'ਤੇ ਬਣੀਆਂ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹੈਸ਼ ਸੜਕਾਂ ਵਿਚਕਾਰ ਦੋ-ਦੋ ਫੁੱਟ ਦੇ ਟੋਏ ਬਣੇ ਹੋਏ ਹਨ। ਮੀਂਹ ਦੇ ਦਿਨਾਂ 'ਚ ਪਾਣੀ ਭਰਨ ਨਾਲ ਸਵਾਰੀਆਂ ਦਾ ਅੱਡੇ ਅੰਦਰ ਜਾਣਾ ਅਤੇ ਬਾਹਰ ਆਉਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਜ਼ਿਲੇ ਦੇ ਉਚ ਅਧਿਕਾਰੀ ਅਜਿਹੀਆਂ ਜਨਤਕ ਥਾਵਾਂ ਦੀ ਸਾਰ ਲੈਣ ਤਾਂ ਸ਼ਾਇਦ ਕੁਝ ਸੁਧਾਰ ਹੋ ਸਕਦਾ ਹੈ ਤਾਂਕਿ ਆਮ ਜਨਤਾ ਨੂੰ ਕੁਝ ਸਹੂਲਤ ਮਿਲ ਸਕੇ। ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨੂੰ ਜਦ ਇਸ ਅੱਡੇ ਦੀ ਸਾਂਭ ਸੰਭਾਲ ਬਾਰੇ ਪੁੱਛਿਆਂ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਇਹ ਕੰਮ ਠੇਕੇ ਤੇ ਦਿੱਤਾ ਹੋਇਆ ਹੈ।

ਕੀ ਕਹਿਣਾ ਹੈ ਠੇਕੇਦਾਰ ਦਾ
ਠੇਕੇਦਾਰ ਰਾਜੇਸ਼ ਖੇੜਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਰੋਜ਼ਾਨਾ ਸਫ਼ਾਈ ਲਈ 8 ਮੁਲਾਜ਼ਮ ਲਾਏ ਹੋਏ ਹਨ। ਪੀਣ ਵਾਲੇ ਪਾਣੀ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ ਹੈ ਅਤੇ ਪੱਖਿਆਂ ਦੀ ਗੱਲ ਕਰਦੇ ਹੋ ਤਾਂ ਸਾਰੇ ਪੱਖੇ ਚੱਲ ਰਹੇ ਹਨ, ਕੋਈ ਪੱਖਾ ਬੰਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਬੱਸ ਅੱਡੇ ਦੀ ਦੇਖਰੇਖ ਕਰ ਰਹੇ ਹਨ।
