ਮਾਈਨਰ ''ਚੋਂ ਦੋ ਅਣਪਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ, ਇਕ ਦੀ ਹੋਈ ਪਛਾਣ
Monday, Jul 15, 2019 - 04:57 PM (IST)
ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ) - ਬੀਤੀ ਦੇਰ ਰਾਤ ਦੋਦਾ ਪੁਲਸ ਚੌਂਕੀ ਅਧੀਨ ਪੈਂਦੇ ਸ੍ਰੀ ਮੁਕਤਸਰ ਸਹਿਬ-ਬਠਿੰਡਾ ਰੋਡ 'ਤੇ ਚੰਦਭਾਨ ਡ੍ਰੇਨ ਨਾਲ ਲੰਘਦੇ ਹਰੀਨੌ ਮਾਇਨਰ 'ਚੋਂ ਦੋ ਅਣਪਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਦੋਦਾ ਪੁਲਸ ਚੌਂਕੀ ਇੰਚਾਰਜ ਐੱਸ.ਆਈ. ਵੀਰਾ ਸਿੰਘ ਵਿਰਕ ਨੇ ਦੱਸਿਆ ਕਿ ਜਦੋਂ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਮਾਈਨਰ ਦੇ ਅਖੀਰ ਦੀਆਂ ਟੇਲਾਂ ਕੋਲ ਦੋ ਅਣਪਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ, ਜਿਨ੍ਹਾਂ ਦੀ ਉਮਰ 25 ਤੋਂ 35 ਸਾਲ ਦੇ ਕਰੀਬ ਸੀ। ਲਾਸ਼ਾਂ ਗਲੀਆਂ ਹੋਣ ਕਰਕੇ ਉਨ੍ਹਾਂ ਦੇ ਚਿਹਰਿਆਂ ਤੋਂ ਪਛਾਣ ਕਰਨਾ ਮੁਸ਼ਕਲ ਸੀ। ਉਨ੍ਹਾਂ ਨੂੰ ਵੇਖਣ ਤੋਂ ਲੱਗਦਾ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ 'ਚ ਸਨ।
ਪੁਲਸ ਨੇ ਦੱਸਿਆ ਕਿ ਦੋਵਾਂ ਲਾਸ਼ਾਂ 'ਚੋਂ ਇਕ ਨੌਜਵਾਨ ਦੀ ਖੱਬੀ ਬਾਂਹ ਦੇ ਡੋਲੇ 'ਤੇ ਖੰਡੇ ਦਾ ਟੈਟੂ ਬਣਿਆ ਹੋਇਆ ਸੀ ਅਤੇ ਦੂਜੇ ਨੇ ਡੱਬੀਦਾਰ ਕੈਪਰੀ ਪਾਈ ਹੋਈ ਸੀ। ਇਸ ਦੌਰਾਨ ਪੁਲਸ ਥਾਣਾ ਕੋਟਭਾਈ ਦੇ ਐੈੱਸ.ਐੱਚ.ਓ. ਅੰਗਰੇਜ ਸਿੰਘ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਪਿੰਡ ਦੇ ਕੁਝ ਨੌਜਵਾਨਾਂ ਦੀ ਮਦਦ ਨਾਲ ਲਾਸ਼ਾਂ ਨੂੰ ਚੁੱਕ ਕੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਗਿੱਦੜਬਾਹਾ ਰੱਖਵਾ ਦਿੱਤਾ। ਪੁਲਸ ਵਲੋਂ ਸ਼ਨਾਖਤ ਕਰਨ 'ਤੇ ਇਕ ਨੌਜਵਾਨ ਦੀ ਪਛਾਣ ਸ਼ੰਕਰ ਪੁੱਤਰ ਓਮ ਪ੍ਰਕਾਸ਼ ਵਾਸੀ ਦੁਆਰੇਆਣਾ ਰੋਡ ਕੋਟਕਪੂਰਾ ਵਜੋਂ ਹੋਈ ਹੈ, ਜੋ ਪਿਛਲੇ ਦਿਨੀਂ ਨਹਾਉਂਦੇ ਸਮੇਂ ਸਰਹੰਦ ਨਹਿਰ 'ਚ ਡੁੱਬ ਗਿਆ ਸੀ, ਜਦਕਿ ਦੂਜੇ ਦੀ ਪਛਾਣ ਹੋਣੀ ਅਜੇ ਬਾਕੀ ਹੈ।