ਸਿੱਧੂ ਦੀਆਂ ਗੱਪਾਂ ਹਰ ਪਾਸੇ ਨਹੀਂ ਚੱਲਣਗੀਆਂ : ਹਰਸਿਮਰਤ

Wednesday, May 15, 2019 - 01:17 PM (IST)

ਸਿੱਧੂ ਦੀਆਂ ਗੱਪਾਂ ਹਰ ਪਾਸੇ ਨਹੀਂ ਚੱਲਣਗੀਆਂ : ਹਰਸਿਮਰਤ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਲੰਬੀ ਵਿਖੇ ਚੋਣ ਪ੍ਰਚਾਰ ਕਰਦਿਆਂ ਪ੍ਰਿਯੰਕਾ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਮਝਦੇ ਹਨ ਕਿ ਉਨ੍ਹਾਂ ਦੇ ਗੋਲ ਗੱਪੇ ਸਾਰੇ ਪਾਸੇ ਚੱਲ ਜਾਣਗੇ ਪਰ ਉਹ ਇਹ ਨਹੀਂ ਜਾਣਦੇ ਕਿ ਗਪੋੜੀ, ਬੇਬੁਨਿਆਦੀ ਤੁੱਕਾਂ, ਝੂਠ ਆਦਿ ਤੋਂ ਲੋਕ ਤੰਗ ਆ ਚੁੱਕੇ ਹਨ। ਪਿਛਲੇ ਢਾਈ ਸਾਲਾਂ ਤੋਂ ਅਜਿਹੀਆਂ ਗੱਲਾਂ ਸੁਣ-ਸੁਣ ਕੇ ਲੋਕਾਂ ਦੇ ਕੰਨ ਪੱਕ ਚੁੱਕੇ ਹਨ। ਹੁਣ ਲੋਕ ਕੰਮ ਚਾਹੁੰਦੇ ਹਨ, ਖੋਖਲੀਆਂ ਗੱਲਾਂ ਨਹੀਂ।

ਪ੍ਰਿਯੰਕਾ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ ਕਰਨ ਦੇ ਦੋਸ਼ ਲਗਾਏ ਜਾਣ 'ਤੇ ਸਜ਼ਾ ਦਿਵਾਉਣ ਦੀ ਗੱਲ ਕਹੇ ਜਾਣ 'ਤੇ ਹਰਸਿਮਰਤ ਨੇ ਕਿਹਾ ਕਿ ਬੇਅਦਬੀ ਦੇ ਨਾਂ ਦੀ ਦੁਕਾਨ ਖੋਲ੍ਹ ਕੇ ਰੱਖਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਗਾਂਧੀ ਪਰਿਵਾਰ ਨੇ ਸਮੁੱਚੀ ਮਨੁੱਖਤਾ ਦੇ ਸਾਂਝੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਤੋਪਾਂ ਨਾਲ ਹਮਲਾ ਕਰਵਾ ਕੇ ਅਤੇ ਹਜ਼ਾਰਾਂ ਬੇਕਸੂਰ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ। 
ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਸਦਾ ਪੰਜਾਬ ਨਾਲ ਨੇੜੇ ਤੇੜੇ ਦਾ ਕੋਈ ਨਾਤਾ ਨਹੀਂ ਅਤੇ ਆਪਣੇ ਆਪ ਨੂੰ ਪੰਜਾਬ ਦੀ ਝੂਠੀ ਨੂੰਹ ਕਹਿੰਦੀ ਹੈ। ਪ੍ਰਿਯੰਕਾ ਗਾਂਧੀ ਅਸਲ 'ਚ ਉਸ ਦੀ ਧੀ ਹੈ, ਜਿਸ ਧੀ ਦੇ ਪਿਓ ਨੇ ਸਾਡੇ ਹਜ਼ਾਰਾਂ ਭਰਾਵਾਂ ਦੇ ਕਤਲ ਕਰਵਾਏ ਅਤੇ ਜਿਸ ਦੀ ਦਾਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਵਾਇਆ ਸੀ।

ਰਾਹੁਲ ਗਾਂਧੀ ਦਾ ਪਰਿਵਾਰ ਸਿੱਖ ਕੌਮ ਦਾ ਸਭ ਤੋਂ ਵੱਡਾ ਦੋਸ਼ੀ ਹੈ, ਜਿਸ ਦੇ ਧਾਰਮਿਕ ਬੇਅਦਬੀਆਂ ਕੀਤੀਆਂ ਹਨ। ਰਾਹੁਲ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਨੱਕ ਰਗੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਦਾ ਅਤੇ ਉਨ੍ਹਾਂ 'ਤੇ ਸਿਆਸੀਕਰਨ ਕਰਨ ਵਾਲਿਆਂ ਦਾ ਕੱਖ ਨਾ ਰਹੇ। ਗੁਰੂ ਸਾਹਿਬ ਜੀ ਇਨ੍ਹਾਂ ਸਾਰਿਆਂ ਦੀ ਨਸਲ ਖਤਮ ਕਰ ਦੇਣ। ਉਨ੍ਹਾਂ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਮਾਮਲੇ ਦੇ ਦੋਸ਼ੀਆਂ ਦੀ ਭਾਲ ਕਰਨ ਨਾ ਕਿ ਇਸ 'ਤੇ ਸਿਆਸਤੀ ਰੋਟੀਆਂ ਸੇਕਣ।


author

rajwinder kaur

Content Editor

Related News