'ਜਿਹੜਾ ਜੀਵ ਜਿਸ ਜੂਨ 'ਚ ਵੀ ਆਇਆ, ਉਸੇ ਜੂਨ 'ਚ ਮਾਇਆ ਦੇ ਮੋਹ 'ਚ ਫਸ ਰਿਹੈ'

Thursday, May 14, 2020 - 08:03 PM (IST)

'ਜਿਹੜਾ ਜੀਵ ਜਿਸ ਜੂਨ 'ਚ ਵੀ ਆਇਆ, ਉਸੇ ਜੂਨ 'ਚ ਮਾਇਆ ਦੇ ਮੋਹ 'ਚ ਫਸ ਰਿਹੈ'

ਅੰਮ੍ਰਿਤਸਰ (ਅਨਜਾਣ) : 'ਹੇ ਗੁਰੂ ਜਿਹੜਾ-ਜਿਹੜਾ ਜੀਵ ਜਿਸ ਜੂਨ ਵਿਚ ਆਇਆ ਹੈ, ਉਹ ਉਸ ਜੂਨ ਵਿਚ ਹੀ ਮਾਇਆ ਦੇ ਮੋਹ ਵਿਚ ਫਸ ਰਿਹਾ ਹੈ।' ਰਾਗ ਧਨਾਸਰੀ ਮਹਲਾ ਪੰਜਵਾਂ ਘਰ ਛੇਵਾਂ ਦੀ ਅਸਟਪਦੀ ਦੀ ਅੰਮ੍ਰਿਤ ਵੇਲੇ ਦੇ ਮੁਖ ਵਾਕ ਦੀ ਵਿਆਖਿਆ ਕਰਦਿਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਸਿੰਘ ਸਾਹਿਬ ਨੇ ਗੁਰ ਸ਼ਬਦ ਦੇ ਆਧਾਰ 'ਤੇ ਕਿਹਾ ਕਿ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ। 'ਹੇ ਗੁਰੂ ਮੈਂ ਤਾਂ ਤੇਰਾ ਆਸਰਾ ਤੱਕਿਆ ਹੈ।' ਉਨ੍ਹਾਂ ਗੁਰੂ ਚਰਨਾਂ ਨਾਲ ਜੋੜਦਿਆਂ ਸੰਗਤਾਂ ਨੂੰ ਪ੍ਰੇਰਦਿਆਂ ਕਿਹਾ ਕਿ ਸਾਨੂੰ ਗੁਰੂ ਅੱਗੇ ਅਰਦਾਸ ਜੋਦੜੀ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਇਸ ਮਾਇਆ ਰੂਪੀ ਮੋਹ 'ਚੋਂ ਹੱਥ ਦੇ ਕੇ ਬਚਾ ਲੈਣ। ਇਸ ਤੋਂ ਪਹਿਲਾਂ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਸੰਗਤਾਂ ਦੇ ਸਹਿਯੋਗ ਨਾਲ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਅਤੇ ਸੰਗਤਾਂ ਨੂੰ ਮੁਖ ਵਾਕ ਸਰਵਣ ਕਰਵਾਇਆ।

ਚੌਂਕੀ ਸਾਹਿਬ ਦੀਆਂ ਸੰਗਤਾਂ ਨੇ ਸਮੁੱਚੇ ਵਿਸ਼ਵ ਲਈ ਕੀਤੀ ਅਰਦਾਸ
ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੁਖਆਸਣ ਹੋਣ ਉਪਰੰਤ ਦਰਸ਼ਨੀ ਡਿਓੜੀ ਦੇ ਮੁੱਖ ਦਵਾਰ ਦੇ ਬਾਹਰ ਤਿੰਨ ਪਹਿਰੇ ਦੀਆਂ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ-ਨਾਲ ਸਤਿਨਾਮ ਵਾਹਿਗੁਰੂ ਦਾ ਜਾਪੁ ਕਰਦਿਆਂ ਸਿਮਰਨ ਦ੍ਰਿੜ ਕਰਵਾਇਆ। ਗੁਰੂ ਕੇ ਪਿਆਰਿਆਂ ਨੇ ਫਰਸ਼ ਦੀ ਧੁਆਈ ਦੇ ਨਾਲ-ਨਾਲ, ਜੂਠੇ ਬਰਤਨ ਮਾਂਜਣ, ਤਾਟ ਝਾੜਨ ਦੀ ਸੇਵਾ ਦੇ ਨਾਲ-ਨਾਲ ਜੋੜਿਆਂ ਦੀ ਸੇਵਾ ਵੀ ਕੀਤੀ ।

ਬਹੁਤ ਦਿਨਾਂ ਬਾਅਦ ਇੱਕਾ-ਦੁੱਕਾ ਸੰਗਤਾਂ ਹੋਈਆਂ ਸੱਚਖੰਡ ਨਤਮਸਤਕ  
ਕਰਫਿਊ 'ਚ ਥੋੜ੍ਹੀ ਢਿੱਲ ਹੋਣ ਦੇ ਬਾਵਜੂਦ ਭਾਰੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨਾਂ ਲਈ ਆਈਆਂ ਪਰ ਪੁਲਸ ਨਾਕਿਆਂ ਦੌਰਾਨ ਥੋੜ੍ਹੀਆਂ ਸੰਗਤਾਂ ਹੀ ਦਰਸ਼ਨਾ ਲਈ ਅੰਦਰ ਜਾ ਸਕੀਆਂ। ਜੋ ਦਰਸ਼ਨਾ ਲਈ ਗਈਆਂ, ਉਨ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰੀਆ ਅਦਾ ਕਰਦਿਆਂ ਸਮੁੱਚੇ ਵਿਸ਼ਵ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਅਤੇ ਜੋ ਨਹੀਂ ਜਾ ਪਾਈਆਂ ਉਨ੍ਹਾਂ ਗੁਰੂ ਚਰਨਾ ਨਾਲ ਵਿੱਛੜਿਆਂ ਨੂੰ ਮਿਲਾਉਣ ਦੀ ਅਰਦਾਸ ਕੀਤੀ।


author

Anuradha

Content Editor

Related News