ਬੰਦੀਛੋੜ ਦਿਵਸ ''ਤੇ ਰਾਮਦਾਸ ਸਰੋਵਰ ''ਚ ਲੱਖਾਂ ਸ਼ਰਧਾਲੂਆਂ ਨੇ ਲਗਾਈ ਆਸਥਾ ਦੀ ਡੁੱਬਕੀ
Sunday, Oct 27, 2019 - 03:47 PM (IST)
ਅੰਮ੍ਰਿਤਸਰ (ਸੁਮਿਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀਛੋੜ ਦਿਵਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ, ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਉਣਗੀਆਂ। ਇਸ ਮੌਕੇ ਆਈ ਹੋਈ ਸੰਗਤ ਵਲੋਂ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ। ਸੰਗਤ ਵਲੋਂ ਸਵੇਰ ਦੇ ਸਮੇਂ ਤੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਮੋਮਬੱਤੀਆਂ ਬਾਲ ਕੇ ਦੀਪਮਾਲਾ ਕੀਤੀ ਜਾ ਰਹੀ ਹੈ, ਜੋ ਦੇਰ ਰਾਤ ਤੱਕ ਚਲਦੀ ਰਹੇਗੀ। ਦੱਸ ਦੇਈਏ ਕਿ ਬੰਦੀਛੋੜ ਦਿਵਸ ਮੌਕੇ ਰਾਤ ਦੇ ਸਮੇਂ ਮਨਮੋਹਕ ਆਤਿਸ਼ਬਾਜ਼ੀ ਕੀਤੀ ਜਾਵੇਗੀ, ਜਿਸ ਦਾ ਅਲੌਕਿਕ ਨਜ਼ਾਰਾ ਦੇਖਣ ਵਾਲਾ ਹੋਵੇਗਾ।
ਕੀ ਹੈ ਖਾਸ
ਅੰਮ੍ਰਿਤਸਰ ਦੀ ਦੀਵਾਲੀ ਬਹੁਤ ਪ੍ਰਸਿੱਧ ਹੈ। ਦੀਵਾਲੀ ਵਾਲੇ ਦਿਨ ਸਿੱਖਾਂ ਦੇ 6ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲਿਆਏ ਸਨ। ਉਨ੍ਹਾਂ ਦੇ ਇਥੇ ਆਉਣ ਦੀ ਖੁਸ਼ੀ 'ਚ ਸਿੱਖ ਲੋਕਾਂ ਵਲੋਂ ਦੀਵਮਾਲਾ ਕੀਤੀ ਗਈ ਸੀ। ਉਸੇ ਦਿਨ ਤੋਂ ਲੋਕ ਦੀਵਾਲੀ ਵਾਲੇ ਦਿਨ ਨੂੰ ਬੰਦੀਛੋੜ ਦਿਵਸ ਵਜੋਂ ਮਨਾਉਂਦੇ ਹਨ, ਜੋ ਹਰ ਸਾਲ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਦੀ ਦਿਵਾਲੀ ਪੂਰੇ ਜੱਗ 'ਚ ਮਸ਼ਹੂਰ ਹੈ। ਇਸ ਦਾ ਇਕ ਵੱਡਾ ਪ੍ਰਮਾਣ ਸ੍ਰੀ ਦਰਬਾਰ ਸਾਹਿਬ ਵਿਖੇ ਹੋਣ ਵਾਲੀ ਖ਼ੂਬਸੂਰਤ ਦੀਪਮਾਲਾ ਤੋਂ ਮਿਲਦਾ ਹੈ। ਇਸੇ ਲਈ ਇਹ ਕਹਾਵਤ ਬਣੀ ਹੋਈ ਹੈ ਕਿ 'ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ' ।