ਸ੍ਰੀ ਹਰਿਮੰਦਰ ਸਾਹਿਬ ’ਚ ਵਾਪਰੀ ਘਟਨਾ ਨੂੰ ਲੈ ਕੇ ਵੱਡਾ ਖ਼ੁਲਾਸਾ, 15 ਦਸੰਬਰ ਤੋਂ ਅੰਮ੍ਰਿਤਸਰ ’ਚ ਸੀ ਮੁਲਜ਼ਮ
Friday, Dec 24, 2021 - 03:38 PM (IST)
ਅੰਮ੍ਰਿਤਸਰ : ਕੁੱਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ’ਚ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਵਿਚ ਇਕ ਵੱਡਾ ਖ਼ੁਲਾਸਾ ਹੋਇਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬੇਅਦਬੀ ਦੀ ਕੋਸ਼ਿਸ਼ ਲਈ ਆਇਆ ਅਣਪਛਾਤਾ ਵਿਅਕਤੀ 15 ਦਸੰਬਰ ਤੋਂ ਅੰਮ੍ਰਿਤਸਰ ਵਿਚ ਸੀ ਅਤੇ ਉਹ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਅੰਦਰ ਮੱਥਾ ਟੇਕਣ ਗਿਆ ਸੀ। ਇਹ ਖੁਲਾਸਾ ਪੁਲਸ ਵੱਲੋਂ ਇਸ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਹੋਇਆ ਹੈ। ਪੁਲਸ ਵੱਲੋਂ ਇਸ ਮਾਮਲੇ ਵਿਚ ਲਗਾਤਾਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਨਾਲ ਕੰਬਿਆ ਪੰਜਾਬ, ਤਿੰਨ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਪੁਲਸ
ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਦੇ ਮੁਖੀ ਅੰਮ੍ਰਿਤਸਰ ਪੁਲਸ ਦੇ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਅਣਪਛਾਤਾ ਵਿਅਕਤੀ 15 ਦਸੰਬਰ ਤੋਂ ਅੰਮ੍ਰਿਤਸਰ ਵਿਚ ਸੀ। ਉਹ 16, 17 ਅਤੇ 18 ਦਸੰਬਰ ਨੂੰ ਕਈ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ। 17 ਦਸੰਬਰ ਨੂੰ ਉਸ ਨੇ ਲਗਪਗ 8 ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ 18 ਦਸੰਬਰ ਨੂੰ ਲਗਭਗ ਚਾਰ ਵਾਰ ਮੱਥਾ ਟੇਕਿਆ। ਇਸ ਦੌਰਾਨ ਇਕ ਰਾਤ ਉਹ ਧਰਮ ਸਿੰਘ ਮਾਰਕੀਟ ਵਿਖੇ ਮਾਰਕੀਟ ਦੇ ਬਾਹਰ ਬਣੇ ਵਰਾਂਡਿਆਂ ਵਿਚ ਸੁੱਤਾ ਰਿਹਾ। ਉਸ ਰਾਤ ਉਸ ਨੇ ਉੱਥੇ ਕੁੱਤਿਆਂ ਲਈ ਵਿਛਾਇਆ ਇਕ ਕੰਬਲ ਆਪਣੇ ਉੱਪਰ ਲੈ ਲਿਆ ਸੀ। ਸਵੇਰ ਵੇਲੇ ਉੱਥੇ ਚੌਕੀਦਾਰ ਨੇ ਉਸ ਨੂੰ ਦੁਕਾਨਾਂ ਅੱਗੋਂ ਉਠਾਇਆ।
ਇਹ ਵੀ ਪੜ੍ਹੋ : ਲੁਧਿਆਣਾ ਅਦਾਲਤ ਧਮਾਕਾ : ਫਿਦਾਈਨ ਹਮਲੇ ਦਾ ਖ਼ਦਸ਼ਾ, ਬਾਥਰੂਮ ’ਚ ਮਿਲੀ ਬੁਰੀ ਤਰ੍ਹਾਂ ਨੁਕਸਾਨੀ ਲਾਸ਼
ਇਨ੍ਹਾਂ ਦਿਨਾਂ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਆਲੇ ਦੁਆਲੇ ਘੁੰਮਦਾ ਰਿਹਾ। ਪੁਲਸ ਵੱਲੋਂ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਘੋਖੇ ਜਾ ਰਹੇ ਹਨ। ਹੁਣ ਤਾਂ ਕਿਸੇ ਅਣਪਛਾਤੇ ਵਿਅਕਤੀ ਦੀ ਕੋਈ ਸ਼ਨਾਖ਼ਤ ਜਾਂ ਅਤਾ-ਪਤਾ ਨਹੀਂ ਮਿਲਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਵੇਂ ਉਕਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਪਰ ਬੀਤੇ ਦਿਨੀਂ ਪੁਲਸ ਦਾ ਪੋਸਟਮਾਰਟਮ ਕਰਵਾ ਕੇ ਅੰਤਿਤ ਸੰਸਕਾਰ ਵੀ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਮ੍ਰਿਤਕ ਦੀਆਂ ਤਸਵੀਰਾਂ ਅਤੇ ਡੀ. ਐੱਨ. ਏ. ਜਾਂਚ ਲਈ ਵਿਸ਼ੇਸ਼ ਅੰਗ ਰੱਖੇ ਗਏ ਹਨ। ਮ੍ਰਿਤਕ ਦਾ ਵਿਸਰਾ ਕੱਢ ਕੇ ਸਰਕਾਰੀ ਲੈਬਾਰਟਰੀ ਖਰੜ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਿੱਖੀਵਿੰਡ ਨੇੜੇ ਵਾਪਰਿਆ ਵੱਡਾ ਹਾਦਸਾ, ਬੈਂਕ ਮੈਨੇਜਰ ਸਮੇਤ ਦੋ ਕੁੜੀਆਂ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?