ਇਤਿਹਾਸਕ ਕਸਬੇ ਸ੍ਰੀ ਹਰਗੋਬਿੰਦਪੁਰ ''ਚ ਮੂਰਤੀ ਨੂੰ ਲੈ ਕੇ ਵਿਵਾਦ

Thursday, Nov 16, 2017 - 01:38 PM (IST)

ਇਤਿਹਾਸਕ ਕਸਬੇ ਸ੍ਰੀ ਹਰਗੋਬਿੰਦਪੁਰ ''ਚ ਮੂਰਤੀ ਨੂੰ ਲੈ ਕੇ ਵਿਵਾਦ

ਬਟਾਲਾ (ਸੈਂਡੀ) - ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹਲਕਾ ਸ੍ਰੀ ਹਰਗੋਬਿੰਦਪੁਰ ਵਿਕਾਸ ਪੱਖੋਂ ਤਾਂ ਮੂਧੇ ਮੂੰਹ ਡਿੱਗਿਆ ਪਿਆ ਹੈ ਪਰ ਆਏ ਦਿਨ ਇਥੋਂ ਦੀਆਂ ਸਿਆਸੀ ਧਿਰਾਂ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਆਪਸ 'ਚ ਉਲਝਦੀਆਂ ਰਹਿੰਦੀਆਂ ਹਨ ਪਰ ਐਤਕੀ ਜਿਸ ਵਿਵਾਦ ਨੂੰ ਜਨਮ ਦਿੱਤਾ ਜਾ ਰਿਹਾ ਹੈ, ਉਹ ਨਾ ਸਿਰਫ਼ ਮੰਦਭਾਗਾ ਹੈ ਬਲਕਿ ਪੂਰੇ ਹਲਕੇ ਵਿਚ ਹੀ ਨਹੀਂ ਸਗੋਂ ਜ਼ਿਲੇ ਵਿਚ ਵੀ ਭਾਈਚਾਰਕ ਸਾਂਝ 'ਤੇ ਵੱਡਾ ਅਸਰ ਪਾ ਸਕਦਾ ਹੈ। 
ਦੱਸਣਯੋਗ ਹੈ ਕਿ ਗੁਰੂ ਸਾਹਿਬ ਦੇ ਨਾਂ 'ਤੇ ਉਕਤ ਹਲਕਾ ਸਥਾਪਤ ਹੋਇਆ ਸੀ। ਇਤਿਹਾਸ 'ਚ ਦਰਜ ਹੈ ਕਿ ਇਥੇ ਸ੍ਰੀ ਗੁਰੂ ਹਰਗੋਬਿੰਦਪੁਰ ਸਾਹਿਬ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਇਕ ਗੁਰਦੁਆਰਾ ਸਾਹਿਬ ਬਣਾਉਣ ਦੇ ਨਾਲ-ਨਾਲ ਕਸਬੇ ਵਿਚ ਮੰਦਰ ਅਤੇ ਮਸੀਤ ਹੱਥੀ ਸਥਾਪਤ ਕਰਵਾਈਆਂ ਸਨ। ਉਕਤ ਤਿੰਨਾਂ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਲੈ ਕੇ ਲੋਕਾਂ ਦੀ ਆਸਥਾ ਹਮੇਸ਼ਾ ਬੱਝੀ ਰਹੀ ਹੈ ਪਰ ਹੁਣ ਕੁਝ ਲੋਕਾਂ ਵੱਲੋਂ ਕਸਬੇ ਵਿਚ ਭਗਵਾਨ ਹਨੂਮਾਨ ਜੀ ਦੀ ਇਕ ਮੂਰਤੀ ਸਥਾਪਤ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤੋਂ ਬਾਅਦ ਹਲਕੇ ਦੇ ਹੀ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਰਕ ਦਿੱਤਾ ਕਿ ਜਾਣ-ਬੁੱਝ ਕੇ ਕੁਝ ਲੋਕ ਇਤਿਹਾਸ ਨਾਲ ਖਿਲਵਾੜ ਕਰ ਰਹੇ ਹਨ। 
ਦੋਵਾਂ ਧਿਰਾਂ ਦਾ ਵਿਵਾਦ ਮੰਦਭਾਗਾ : ਹਲਕਾ ਵਾਸੀ  
ਜੇਕਰ ਪ੍ਰਸ਼ਾਸਨ ਨੇ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਾ ਨਿਪਟਾਇਆ, ਤਾਂ ਆਉਂਦੇ ਦਿਨਾਂ 'ਚ ਇਹ ਭਿਆਨਕ ਰੂਪ ਅਖਤਿਆਰ ਕਰ ਸਕਦਾ ਹੈ ਪਰ ਇਸ ਸਭ ਦੇ ਬਾਵਜੂਦ ਹਲਕੇ ਦੇ ਬਹੁਤ ਸਾਰੇ ਲੋਕਾਂ ਨੇ 'ਜਗ ਬਾਣੀ' ਰਾਹੀਂ ਕਿਹਾ ਕਿ ਦੋਵੇਂ ਧਿਰਾਂ, ਜਿਸ ਵਿਵਾਦ 'ਚ ਪੈਣ ਜਾ ਰਹੀਆਂ ਹਨ, ਉਹ ਬਹੁਤ ਹੀ ਮੰਦਭਾਗਾ ਹੈ ਅਤੇ ਇਸ ਨਾਲ ਸਾਰੇ ਫਿਰਕਿਆਂ ਦੀ ਆਪਸੀ ਭਾਈਚਾਰਕ ਸਾਂਝ 'ਚ ਵੱਡੀ ਦਰਾੜ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਸਿਆਸੀ ਧਿਰ ਨੂੰ ਘੱਟੋ-ਘੱਟ ਰੱਬ ਨੂੰ ਬਖਸ਼ ਦੇਣਾ ਚਾਹੀਦਾ ਹੈ ਅਤੇ ਰੱਬ ਦੇ ਨਾਂ 'ਤੇ ਕਦੇ ਵੀ ਸਿਆਸਤ ਨਹੀਂ ਕਰਨੀ ਚਾਹੀਦੀ। ਆਵਾਮ ਦਾ ਕਹਿਣਾ ਸੀ ਕਿ ਜੇਕਰ ਦੋਵੇਂ ਧਿਰਾਂ ਹਲਕੇ ਲਈ ਐਨੀਆਂ ਹੀ ਸੰਜੀਦਾ ਹਨ, ਤਾਂ ਇਥੇ ਧਾਰਮਿਕ ਮੂਰਤੀ ਨੂੰ ਮੁੱਦਾ ਬਣਾਉਣ ਦੀ ਬਜਾਏ, ਵਿਕਾਸ ਨੂੰ ਮੁੱਦਾ ਬਣਾਉਣ।
ਅਕਾਲੀ ਦਲ ਨੇ ਡੀ. ਸੀ. ਨੂੰ ਦਿੱਤਾ ਮੈਮੋਰੰਡਮ 
ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਕਤ ਮਾਮਲੇ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਮੰਗ ਪੱਤਰ ਦੇਣ ਲਈ ਸਮਾਂ ਮੰਗਿਆ, ਪਰ ਡੀ. ਸੀ. ਵੱਲੋਂ ਸਬੰਧਤ ਨਾਇਬ ਤਹਿਸੀਲਦਾਰ ਦੀ ਡਿਊਟੀ ਲਾਈ ਗਈ, ਜਿਸ ਤੋਂ ਬਾਅਦ ਅਕਾਲੀਆਂ ਦੇ ਵਫਦ ਨੇ ਉਨ੍ਹਾਂ ਦੇ ਦਫ਼ਤਰ ਜਾ ਕੇ ਮੰਗ ਪੱਤਰ ਦਿੱਤਾ।
ਮਾਮਲਾ ਸ਼੍ਰੋਮਣੀ ਕਮੇਟੀ ਕੋਲ ਪੁੱਜਾ
ਇਥੇ ਹੀ ਬਸ ਨਹੀਂ ਅਕਾਲੀ ਦਲ ਉਕਤ ਮਸਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਾ ਪੁੱਜਾ ਹੈ ਅਤੇ ਅਹਿਮ ਸੂਤਰਾਂ ਤੋਂ ਪੱਤਾ ਲੱਗਾ ਹੈ ਕਿ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਉਕਤ ਮਾਮਲੇ ਦੀ ਤਹਿ ਤੱਕ ਜਾਣ ਲਈ ਭਾਈ ਰਜਿੰਦਰ ਸਿੰਘ ਮਹਿਤਾ ਦੀ ਡਿਊਟੀ ਲਾਈ ਹੈ। ਇਹ ਵੀ ਪਤਾ ਲੱਗਾ ਹੈ ਕਿ ਹੋ ਸਕਦਾ ਹੈ ਕਿ ਪ੍ਰੋ. ਬਡੂੰਗਰ ਅੱਜ ਅੰਮ੍ਰਿਤਸਰ 'ਚ ਆ ਰਹੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੱਕ ਇਹ ਮਾਮਲਾ ਪਹੁੰਚਾਉਣ। 
ਕਾਂਗਰਸ ਕਰ ਰਹੀ ਇਤਿਹਾਸ ਨਾਲ ਖਿਲਵਾੜ : ਅਕਾਲੀ ਆਗੂ
ਉਕਤ ਮਾਮਲੇ 'ਚ ਮੈਮੋਰੰਡਮ ਦੇਣ ਵਾਲੇ ਅਕਾਲੀ ਆਗੂਆਂ ਐੱਸ. ਸੀ. ਵਿੰਗ ਜਨਰਲ ਸਕੱਤਰ ਮੰਗਲ ਸਿੰਘ, ਚੇਅਰਮੈਨ ਕੁਲਵੰਤ ਸਿੰਘ ਚੀਮਾ, ਕਸ਼ਮੀਰ ਸਿੰਘ ਬਰਿਆਰ ਮੈਂਬਰ ਐੱਸ. ਜੀ. ਪੀ. ਸੀ., ਹਰਦਿਆਲ ਸਿੰਘ ਭਾਮ, ਦਰਸ਼ਨ ਸਿੰਘ, ਸਵਰਣ ਸਿੰਘ, ਪ੍ਰਧਾਨ ਫੱਗਣ ਸਿੰਘ, ਬਲਬੀਰ ਸਿੰਘ, ਸਰਪੰਚ ਗੁਰਦੀਪ ਸਿੰਘ, ਸੰਤੋਖ ਸਿੰਘ, ਹਰਵਿੰਦਰ ਸਿੰਘ ਕਾਹਲੋਂ ਮੈਂਬਰ ਜ਼ਿਲਾ ਪ੍ਰੀਸ਼ਦ ਆਦਿ ਨੇ ਕਿਹਾ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਸਬੇ ਵਿਚ ਸਭ ਧਰਮਾਂ ਨੂੰ ਸਤਿਕਾਰ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਮੰਦਰ ਅਤੇ ਮਸਜਿਦ ਦੀ ਸਥਾਪਨਾ ਕੀਤੀ ਸੀ ਤਾਂ ਹੁਣ ਅਜਿਹੀ ਕਿਹੜੀ ਮਜਬੂਰੀ ਆ ਗਈ ਹੈ ਕਿ ਕਾਂਗਰਸੀਆਂ ਨੂੰ ਇਤਿਹਾਸਕ ਮੰਦਰ ਛੱਡ ਕੇ ਭਗਵਾਨ ਹਨੂਮਾਨ ਜੀ ਦੀ ਵੱਖਰੀ ਮੂਰਤੀ ਲਾਉਣੀ ਪੈ ਰਹੀ ਹੈ ਅਤੇ ਉਹ ਵੀ ਇਤਿਹਾਸਕ ਗੇਟ ਦੇ ਸਾਹਮਣੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਮੇਟੀ ਅਤੇ ਕਾਂਗਰਸੀ ਚਾਹੁੰਣ ਤਾਂ ਇਤਿਹਾਸਕ ਮੰਦਰ ਨੂੰ ਆਹਲਾ ਦਰਜੇ ਦਾ ਖੂਬਸੂਰਤ ਬਣਾ ਲੈਣ, ਅਸੀਂ ਵਿਰੋਧ ਦੀ ਬਜਾਏ ਹਰ ਸੰਭਵ ਮਦਦ ਕਰਾਂਗੇ। 
ਅਕਾਲੀ ਪੈਦਾ ਕਰ ਰਹੇ ਹਨ ਬੇਵਜ੍ਹਾ ਵਿਵਾਦ : ਬਾਬਾ ਭੱਲਾ, ਲਾਡੀ 
ਉਕਤ ਮਾਮਲੇ 'ਚ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਬਾਬਾ ਹਰਜੀਤ ਭੱਲਾ ਨੇ ਕਿਹਾ ਕਿ ਕਿਥੇ ਲਿਖਿਆ ਹੈ ਕਿ ਕਿਸੇ ਇਤਿਹਾਸਕ ਕਸਬੇ 'ਚ ਹਨੂਮਾਨ ਜੀ ਵਰਗੇ ਵੱਡੇ ਵਿਦਵਾਨ ਦੀ ਮੂਰਤੀ ਨਹੀਂ ਲਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਸਾਰੀ ਕਮੇਟੀ ਕੋਲੋਂ ਸਹਿਮਤੀ ਨਾਲ ਮਤਾ ਪਾਸ ਕਰਵਾ ਕਿ ਇਹ ਪਵਿੱਤਰ ਮੂਰਤੀ ਦੀ ਸਥਾਪਨਾ ਕਰ ਰਹੇ ਹਾਂ ਅਤੇ ਹਲਕੇ ਦੇ ਚੰਦ ਅਕਾਲੀ ਬੇਵਜ੍ਹਾ ਵਿਵਾਦ ਪੈਦਾ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਮੂਰਤੀ ਸਥਾਪਨਾ ਤੋਂ ਬਾਅਦ ਇਤਿਹਾਸਕ ਗੇਟ ਦੀ ਚਿੱਤਰਕਾਰੀ ਲਈ ਦਿੱਲੀ ਤੋਂ ਕਾਰੀਗਰ ਮੰਗਵਾ ਕੇ ਜਲਦ ਇਸ ਨੂੰ ਸ਼ਾਨਦਾਰ ਬਣਾਵਾਂਗੇ। ਫਿਰ ਵੀ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਕਮੇਟੀ ਉਨ੍ਹਾਂ ਨਾਲ ਹਰ ਤਰ੍ਹਾਂ ਦੀ ਗੱਲਬਾਤ ਕਰਨ ਲਈ ਤਿਆਰ ਹੈ। 
ਇਸ ਸਬੰਧੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਮੇਰੇ ਸਮੇਤ ਸਾਰੀ ਕਾਂਗਰਸ ਪਾਰਟੀ ਇਤਿਹਾਸਕ ਹਲਕੇ ਦੇ ਰਿਣੀ ਹਨ, ਪਰ ਅਸੀਂ ਕਿਸੇ ਨੂੰ ਵੀ ਹਲਕੇ ਦਾ ਸ਼ਾਂਤ ਮਾਹੌਲ ਗੰਦਾ ਕਰਨ ਦੀ ਇਜ਼ਾਜਤ ਨਹੀਂ ਦਿਆਂਗੇ ਅਤੇ ਮੂਰਤੀ ਨੂੰ ਲੈ ਕੇ ਜਿਹੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ, ਉਹ ਬੇਲੋੜਾ ਹੈ ਅਤੇ ਮੈਂ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ, ਹਰੇਕ ਦਾ ਪੱਖ ਸੁਣਨ ਲਈ ਤਿਆਰ ਹਾਂ। ਇਸ ਲਈ ਅਜਿਹੇ ਧਾਰਮਿਕ ਮਸਲੇ ਮਿਲ-ਬੈਠ ਕੇ ਸੁਲਝਾਉਣ ਦੀ ਪੁਰਜ਼ੋਰ ਅਪੀਲ ਕਰਦਾ ਹਾਂ।


Related News