'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਸੰਤ ਘਾਟ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
Sunday, Nov 26, 2023 - 06:53 PM (IST)
ਸੁਲਤਾਨਪੁਰ ਲੋਧੀ (ਚੰਦਰ, ਸੋਢੀ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਚ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ 'ਚ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆ ਭਰ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਪਹੁੰਚ ਰਹੀਆਂ ਹਨ।
ਇਸ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 554ਵੇਂ ਪ੍ਰਕਾਸ਼ ਪੁਰਬ ਸਬੰਧੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ’ਚ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ, ਜਿਨ੍ਹਾਂ ਗੁਰਦੁਆਰਾ ਸੰਤਘਾਟ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ’ਚ ਸੁਸ਼ੋਬਿਤ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਐਡਵੋਕੇਟ ਧਾਮੀ ਨੇ ਪੰਜ ਪਿਆਰੇ ਸਾਹਿਬਾਨ ਅਤੇ ਪੰਜ ਨਿਸ਼ਾਨਚੀ ਸਾਹਿਬਾਨ ਅਤੇ ਨਗਰ ਕੀਰਤਨ ’ਚ ਸ਼ਾਮਲ ਹੋਰ ਧਾਰਮਿਕ ਹਸਤੀਆਂ ਦਾ ਸਨਮਾਨ ਸਿਰੋਪਾਓ ਦੇ ਕੇ ਕੀਤਾ।
ਵਿਦਵਾਨ ਮਹਾਪੁਰਸ਼ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ। ਉਪਰੰਤ ਵਿਸ਼ਾਲ ਨਗਰ ਕੀਰਤਨ ਪੰਜ ਜੈਕਾਰੇ ਗੂੰਜਾ ਕੇ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸਮੂਹ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ 554 ਸਾਲਾ ਅਵਤਾਰ ਪੁਰਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿੱਖ ਜਗਤ ਲਈ ਹੀ ਨਹੀਂ ਸਾਰੀ ਮਨੁੱਖਤਾ ਦੇ ਕਲਿਆਣਕਾਰੀ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਸੰਤਘਾਟ ਸਾਹਿਬ ਦੇ ਪਾਵਨ ਅਸਥਾਨ ’ਤੇ ਸ੍ਰੀ ਮੂਲ ਮੰਤਰ ਸਾਹਿਬ ਦਾ ਉਚਾਰਨ ਕਰਦੇ ਪਵਿੱਤਰ ਸ਼ਬਦ ਦੀ ਸ਼ੁਰੂਆਤ ਕੀਤੀ ਤੇ ਪੂਰੀ ਮਨੁੱਖਤਾ ਲਈ ਸਾਂਝਾ ਉਪਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਦਿੱਤਾ।
ਉਨ੍ਹਾਂ ਕਿਹਾ ਕਿ ਦੁਨੀਆ ਦੇ ਸਮੂਹ ਧਰਮ ਇਤਿਹਾਸ ’ਚ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਭ ਤੋਂ ਬਿਹਤਰ ਮਾਰਗ ਦਰਸ਼ਕ ਹੈ, ਜਿਸ ’ਤੇ ਚੱਲ ਕੇ ਅਸੀਂ ਸਾਰੇ ਹੀ ਆਪਣਾ ਜੀਵਨ ਸੁਖਾਲਾ ਅਤੇ ਸਫ਼ਲ ਕਰ ਸਕਦੇ ਹਾਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪੂਰੀ ਦੁਨੀਆ ’ਚ ਫੈਲ ਚੁੱਕੀ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰਮਤਿ ਦੇ ਧਾਰਨੀ ਬਣਨ ਦੀ ਅਪੀਲ ਕੀਤੀ।
ਇਸ ਸਮੇਂ ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ. ਗੁਰਮੀਤ ਸਿੰਘ ਬੂਹ, ਜਥੇ. ਜਰਨੈਲ ਸਿੰਘ ਡੋਗਰਾਂਵਾਲਾ, ਜਥੇ. ਬਲਦੇਵ ਸਿੰਘ ਕਲਿਆਣ, ਸ੍ਰੀ ਪੰਡਤ ਗਿਆਨਦਾਸ ਹਰਿਦੁਆਰ ਵਾਲੇ, ਸ਼੍ਰੋਮਣੀ ਕਮੇਟੀ ਦੇ ਰਿਟਾ. ਮੁੱਖ ਸਕੱਤਰ ਮਹਿੰਦਰ ਸਿੰਘ ਆਹਲੀ, ਸਕੱਤਰ ਸ਼੍ਰੋਮਣੀ ਕਮੇਟੀ ਤੇਜਿੰਦਰ ਸਿੰਘ ਪੱਡਾ, ਇੰਜ. ਸਵਰਨ ਸਿੰਘ ਮੈਂਬਰ ਪੀ. ਏ. ਸੀ. ਸ਼੍ਰੋਮਣੀ ਅਕਾਲੀ ਦਲ, ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਦਲ ਦੇ ਇੰਚਾਰਜ ਕੈਪਟਨ ਹਰਮਿੰਦਰ ਸਿੰਘ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ, ਗੁਰਦੁਆਰਾ ਬਾਉਲੀ ਸਾਹਿਬ ਡੱਲਾ ਦੇ ਮੈਨੇਜਰ ਗੁਰਪ੍ਰੀਤ ਸਿੰਘ ਰਾਮਪੁਰ, ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਆਗੂ ਆਦਿ ਦਾ ਸਨਮਾਨ ਕੀਤਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਆਰੰਭ ਹੋ ਕੇ ਦਾਣਾ ਮੰਡੀ ਰਾਹੀਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ। ਇਸ ਸਮੇਂ ਵੱਡੀ ਗਿਣਤੀ ’ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੇ ਧਾਰਮਿਕ ਹਸਤੀਆਂ, ਸਮੂਹ ਸਭਾ ਸੋਸਾਇਟੀਆਂ ਸ਼ਿਰਕਤ ਕੀਤੀ। ਸੰਗਤਾਂ ਵੱਲੋਂ ਥਾਂ-ਥਾਂ ’ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ।
ਇਥੇ ਦੱਸ ਦੇਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਅਸਥਾਨ ’ਤੇ ਪ੍ਰਗਟ ਹੋਏ ਸਨ, ਉੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਬਣਿਆ ਹੋਇਆ ਹੈ। ਇਥੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਇਥੋਂ ਹੀ ਬਾਣੀ ਦੀ ਸ਼ੁਰੂਆਤ ਹੋਈ ਸੀ, ਜਿਸ ਕਰਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣੇ ਆਪ ਨੂੰ ਵਡਭਾਗਾ ਸਮਝ ਰਹੀਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਕਾਲੀ ਵੇਈਂ ਵਿੱਚ ਹਰ ਰੋਜ਼ ਇਸ਼ਨਾਨ ਕਰਕੇ ਭਗਤੀ ਕਰਿਆ ਕਰਦੇ ਸਨ। ਇਥੇ ਹੀ ਕਾਲੀਂ ਵੇਈਂ ਦੇ ਕੰਢੇ ਮੌਜੂਦਾ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਸ਼ੋਭਿਤ ਹੈ, ਜਿਸ ਕਰਕੇ ਪੁਰਾਤਨ ਰਿਵਾਇਤ ਨਾਲ ਵਿਸ਼ਾਲ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਸਪੰਨ ਹੋਵੇਗਾ। ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਅਤੇ ਗੱਤਕਾ ਪਾਰਟੀਆਂ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਡਿਪਟੀ ਇੰਸਪੈਕਟਰ ਜਨਰਲ ਪੁਲਸ ਐੱਸ. ਭੂਪਤੀ ਅਤੇ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਖ਼ਾਸ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਡੀ. ਆਈ. ਜੀ. ਐੱਸ. ਭੂਪਤੀ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਵੱਲੋਂ 1500 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਤੋਂ ਇਲਾਵਾ 20 ਉੱਚ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ’ਚ ਆਈ. ਜੀ. ਰੈਂਕ, ਐੱਸ. ਐੱਸ. ਪੀ. ਰੈਂਕ, ਐੱਸ. ਪੀ., ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ।
ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ’ਚ ਤਾਇਨਾਤ ਕੀਤੇ ਪੁਲਸ ਅਧਿਕਾਰੀ ਅਤੇ ਕਰਮਚਾਰੀ ਚਾਰੇ ਪਾਸੇ ਤਿੱਖੀ ਨਜ਼ਰ ਰੱਖਣਗੇ। ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡੀ. ਐੱਸ. ਪੀ. ਬਬਨਦੀਪ ਸਿੰਘ, ਡੀ. ਐੱਸ. ਪੀ. ਗੁਰਮੀਤ ਸਿੰਘ ਸਿੱਧੂ, ਥਾਣਾ ਮੁਖੀ ਲਖਵਿੰਦਰ ਸਿੰਘ ਟੁਰਨਾਂ, ਰੀਡਰ ਹਰਵਿੰਦਰ ਸਿੰਘ ਆਦਿ ਮੌਜੂਦ ਸਨ।
‘ਈ’-ਰਿਕਸ਼ਾ ਤੇ 7 ਪਾਰਕਿੰਗ ਦਾ ਕੀਤਾ ਗਿਐ ਇੰਤਜ਼ਾਮ
ਡੀ. ਆਈ. ਜੀ. ਨੇ ਕਿਹਾ ਕਿ ਪਬਲਿਕ ਲਈ ਵਾਹਨਾਂ ਦੀ ਪਾਰਕਿੰਗ ਲਈ 7 ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤ ਲਈ ‘ਈ’-ਰਿਕਸ਼ਾ ਦਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੀ ਐਂਟਰੀ ਪੁਆਇੰਟਾਂ ’ਤੇ ਵੀ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ। ਪੁਲਸ ਵੱਲੋਂ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਕਿਸੇ ਨੂੰ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
-ਕਪੂਰਥਲਾ ਰੋਡ ਤੋਂ ਆਉਣ ਵਾਲੀ ਸੰਗਤ ਲਈ ਪਾਰਕਿੰਗ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਦਾਣਾ ਮੰਡੀ ’ਚ ਹੋਵੇਗੀ।
-ਤਲਵੰਡੀ ਚੌਧਰੀਆਂ ਰੋਡ ਤੋਂ ਆਉਣ ਵਾਲੀ ਸੰਗਤ ਲਈ ਪੁੱਡਾ ਕਾਲੋਨੀ ’ਚ ਪਾਰਕਿੰਗ ਬਣਾਈ ਗਈ ਹੈ।
-ਪਿੰਡ ਬੂਸੋਵਾਲ ਅਤੇ ਗਿੱਦੜਪਿੰਡੀ ਵਾਲੀ ਸਾਇਡ ਤੋਂ ਆਉਣ ਵਾਲੀ ਸੰਗਤ ਲਈਪਾਰਕਿੰਗ ਨੇੜੇ ਵਾਟਰ ਟ੍ਰੀਟਮੈਂਟ ਪਲਾਂਚ ਕੋਲ ਹੈ।
-ਲੋਹੀਆਂ ਰੋਡ ਤੋਂ ਆਉਣ ਵਾਲੀ ਸੰਗਤ ਲਈ ਪਾਰਕਿੰਗ ਸਫਰੀ ਮੈਰਿਜ ਪੈਲੇਸ ਲੋਹੀਆਂ ਰੋਡ ਦੇ ਸਾਹਮਣੇ ਬਣਾਈ ਗਈ ਹੈ।
-ਮਲਸੀਆਂ-ਡੱਲਾ ਰੋਡ ਤੋਂ ਆਉਣ ਵਾਲੀ ਸੰਗਤ ਲਈ ਡੱਲਾ ਰੋਡ ਨੇੜੇ ਅੰਡਰ ਬ੍ਰਿਜ ਕੋਲ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
- ਲਾਈਟ ਵ੍ਹੀਕਲਾਂ ਲਈ ਪਾਰਕਿੰਗ ਸਾਹਮਣੇ ਨੇਹਾ ਹਸਪਤਾਲ, ਲੋਹੀਆ ਚੂੰਗੀ, ਬਾਗ ਵਾਲੀ ਜਗ੍ਹਾ ’ਚ ਬਣਾਈ ਗਈ ਹੈ।
-ਬੱਸ ਸਟੈਂਡ ਮਿਤੀ 28.11.23 ਤੱਕ ਦਾਣਾ ਮੰਡੀ ਵਿਖੇ ਰਹੇਗਾ, ਕੋਈ ਵੀ ਬੱਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਾਈਡ ਨੂੰ ਨਹੀਂ ਜਾਵੇਗੀ।
ਹੈਲਪਲਾਈਨ ਨੰ. 112 ਜਾਰੀ
ਐੱਸ. ਭੂਪਤੀ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਘਟਨਾ ਹੋਈ ਹੈ, ਉਸ ਨੂੰ ਲੈ ਕੇ ਪੁਲਸ ਵੱਲੋਂ ਸਪੈਸ਼ਲ ਜਾਂਚ ਕਮੇਟੀ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਦੀ ਅਗਵਾਈ ’ਚ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਾਡੇ ਵੱਲੋਂ ਹੈਲਪਲਾਈਨ ਨੰਬਰ 112 ਵੀ ਜਾਰੀ ਕੀਤਾ ਗਿਆ ਹੈ।
ਟ੍ਰੈਫਿਕ ਰੂਟ ਪਲਾਨ
- ਲੋਹੀਆਂ ਰੋਡ ਜਾਣ ਵਾਲੀ ਟ੍ਰੈਫਿਕ ਬਜਰੀਆ ਚੰਡੀਗੜ੍ਹ ਮੁਹੱਲਾ ਲੋਹੀਆਂ ਨੂੰ ਜਾਵੇਗੀ।
-ਤਲਵੰਡੀ ਚੌਧਰੀਆਂ ਤੋਂ ਨਕੋਦਰ, ਮਲਸੀਆ ਲੋਹੀਆਂ ਜਾਣ ਵਾਲੀ ਆਮ ਟ੍ਰੈਫਿਕ ਬਜਰੀਆ ਹੁਸੈਨਪੁਰ ਦੀ ਤਰਫ਼ੋ ਆਵੇਗੀ ਜਾਂ ਫਿਰ ਵਾਇਆ ਹਰਨਾਮਪੁਰ, ਹੈਬਤਪੁਰ, ਰਾਹੀਂ ਕਪੂਰਥਲਾ ਰੋਡ, ਤੋਂ ਤਾਸ਼ਪੁਰ ਮੋੜ ਰਾਹੀਂ ਜਾਵੇਗੀ।
ਇਹ ਵੀ ਪੜ੍ਹੋ : 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਮਿਲਣਗੀਆਂ ਇਹ ਖ਼ਾਸ ਸਹੂਲਤਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।