ਚਿੱਤਰਕਾਰਾਂ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ '210 ਸੁਕੇਅਰ ਵਰਗ ਦੀ ਕੈਨਵਸ' (ਤਸਵੀਰਾਂ)
Monday, Nov 11, 2019 - 07:08 PM (IST)

ਲੁਧਿਆਣਾ (ਨਰਿੰਦਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ 'ਚ ਇਕ ਆਰਟ ਗੈਲਰੀ ਦਾ ਪ੍ਰਬੰਧ ਕੀਤਾ ਗਿਆ। ਇਸ 'ਚ ਪੰਜਾਬ ਭਰ ਤੋਂ ਆਏ ਚਿੱਤਰਕਾਰਾਂ ਵੱਲੋਂ 210 ਸੁਕੇਅਰ ਵਰਗ ਦੀ ਇਕ ਕੈਨਵਸ ਤਿਆਰ ਕੀਤੀ ਗਈ, ਜੋ ਕਿ ਗੁਰੂ ਜੀ ਦੇ ਉਪਦੇਸ਼ਾਂ ਅਤੇ ਜੀਵਨ ਬਾਰੇ ਝਾਤ ਪਾਉਂਦੀ ਹੈ।
ਆਰਟ ਗੈਲਰੀ ਦੇ ਮੁੱਖ ਪ੍ਰਬੰਧਕ ਮਨਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ 23 ਵੱਖ-ਵੱਖ ਚਿੱਤਰਕਾਰਾਂ ਨੇ ਇਸ ਕੈਨਵਸ 'ਚ ਆਪਣਾ ਯੋਗਦਾਨ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਕਿਵੇਂ ਕਿਰਤ ਕਰੋ, ਵੰਡ ਛਕੋ ਤੋਂ ਇਸ ਕੈਨਵਸ ਦੀ ਸ਼ੁਰੂਆਤ ਹੁੰਦੀ ਹੈ ਅਤੇ ਕਾਲੀ ਵੇਂਈ 'ਚ ਗੁਰੂ ਨਾਨਕ ਦੇਵ ਜੀ ਵਲੋਂ ਜਲ ਅੰਦਰ ਸਮਾਧੀ ਲਾਉਣ ਬਾਰੇ ਵੀ ਇਸ 'ਚ ਦੱਸਿਆ ਗਿਆ ਹੈ। ਇਸ ਪੇਂਟਿੰਗ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ 100 ਸਾਲਾਂ ਤੱਕ ਵੀ ਖਰਾਬ ਨਹੀਂ ਹੋ ਸਕਦੀ ਕਿਉਂਕਿ ਇਸ 'ਚ ਵਿਸ਼ੇਸ਼ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਇਸ ਕੈਨਵਸ ਨੂੰ 20 ਘੰਟਿਆਂ 'ਚ ਤਿਆਰ ਕੀਤਾ ਗਿਆ ਹੈ। ਇਸ ਮੌਕੇ ਮਨਵੀਰ ਸਿੰਘ ਨੇ ਮੰਗ ਕੀਤੀ ਕਿ ਕਰਤਾਰਪੁਰ ਲਾਂਘੇ 'ਚ ਇਹ ਕੈਨਵਸ ਸੰਗਤਾਂ ਦੇ ਦਰਸ਼ਨ ਲਈ ਵੀ ਲਾਈ ਜਾਵੇ।