ਸ੍ਰੀ ਭੈਣੀ ਸਾਹਿਬ ਵਿਖੇ ਸਵਾ ਲੱਖ ਪਾਠਾਂ ਦੇ ਭੋਗਾਂ ਦੇ ਸਲੋਕ ਆਰੰਭ
Monday, Feb 04, 2019 - 10:20 AM (IST)

ਲੁਧਿਆਣਾ : ਨਾਮਧਾਰੀ ਸੰਗਤਾਂ ਦੇ ਮੁਖੀ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਨਮਿਤ ਤੇ ਵਿਸ਼ਵ ਸ਼ਾਂਤੀ ਲਈ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾ ਲੱਖ ਪਾਠ ਸੰਪੂਰਨ ਹੋਣ 'ਤੇ ਪਾਠਾਂ ਦੇ ਭੋਗਾਂ ਦੇ ਸਲੋਕ ਆਰੰਭ ਹੋਏ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਬਖਸ਼ਿਸ਼ ਸਦਕਾ ਹਜ਼ਾਰਾਂ ਨੌਜਵਾਨ ਤੇ ਬਜ਼ੁਰਗ ਇਸ ਮਹਾਯੱਗ 'ਚ ਹਿੱਸਾ ਲੈ ਰਹੇ ਹਨ। ਸਤਿਗੁਰੂ ਜੀ ਆਪ ਵੀ ਇਨ੍ਹਾਂ 'ਚ ਹਿੱਸਾ ਲੈ ਰਹੇ ਹਨ, ਜਿਸ ਦੀ ਸਮਾਪਤੀ 10 ਫਰਵਰੀ ਨੂੰ ਸਤਿਗੁਰੂ ਰਾਮ ਸਿੰਘ ਦੇ 204ਵੇਂ ਪ੍ਰਕਾਸ਼ ਪੁਰਬ (ਬਸੰਤ ਪੰਚਮੀ) ਮੇਲੇ 'ਤੇ ਹੋਵੇਗੀ। ਇਸ ਮਹਾਯੱਗ 'ਚ ਹਿੱਸਾ ਲੈਣ ਵਾਲੇ ਪਾਠੀ ਸਿੰਘਾਂ ਲਈ ਛੋਟੀ ਸੋਧ ਜ਼ਰੂਰੀ ਹੈ, ਜਿਸ 'ਚ ਹਰ ਪਾਠੀ ਨੂੰ ਖੂਹ ਦੇ ਜਲ ਨਾਲ ਸਣੇ ਕੇਸੀਂ ਇਸ਼ਨਾਨ ਕਰ ਕੇ ਸੁੱਚੇ ਵਸਤਰ ਪਹਿਨ ਕੇ ਬੈਠਣਾ ਹੁੰਦਾ ਹੈ ਤੇ ਖੂਹ ਦੇ ਜਲ ਨਾਲ ਬਣਿਆ ਹੀ ਪ੍ਰਸ਼ਾਦਾ ਛਕਣਾ ਹੁੰਦਾ ਹੈ। ਬਾਹਰ ਦੇ ਖਾਣੇ 'ਤੇ ਪੂਰਨ ਪਾਬੰਦੀ ਹੈ। ਸਤਿਗੁਰੂ ਜੀ ਦੀ ਕ੍ਰਿਪਾ ਸਦਕਾ ਨੌਜਵਾਨਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਲਈ ਮਾਤਾ ਗੁਰਸ਼ਰਨ ਕੌਰ ਵਲੋਂ ਰਹਿਣ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਹਨ। ਸੇਵਕ ਕਰਤਾਰ ਸਿੰਘ ਤੇ ਸੂਬਾ ਬਲਵਿੰਦਰ ਸਿੰਘ ਝੱਲ ਨੇ ਦੱਸਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ 2 ਵਾਰ ਸਵਾ ਲੱਖ ਪਾਠਾਂ ਦੇ ਭੋਗ ਪਾਏ ਗਏ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਵੀ ਦੋ ਵਾਰੀ ਸਵਾ ਲੱਖ ਪਾਠਾਂ ਦੇ ਭੋਗ ਪਾਏ ਤੇ ਮੌਜੂਦਾ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਦੀ ਅਗਵਾਈ ਵਿਚ ਪਹਿਲੀ ਵਾਰ ਸਵਾ ਲੱਖ ਪਾਠਾਂ ਦੇ ਭੋਗ ਪਾਏ ਜਾ ਰਹੇ ਹਨ। ਪ੍ਰਤਾਪ ਮੰਦਰ 'ਚ ਰੋਜ਼ਾਨਾ ਤਿੰਨ ਲੜੀਆਂ ਚੱਲ ਰਹੀਆਂ ਹਨ। ਸੇਵਕ ਆਸਾ ਸਿੰਘ ਮਾਨ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਨੇ ਦੱਸਿਆ ਬਸੰਤ ਪੰਚਮੀ ਮੌਕੇ ਸੂਬਾ ਪੱਧਰੀ ਸਮਗਾਮ ਸ੍ਰੀ ਭੈਣੀ ਸਾਹਿਬ ਵਿਖੇ ਹੋਵੇਗਾ, ਜਿਸ ਵਿਚ ਲੱਖਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣਗੀਆਂ। ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿਚ ਹੋਣ ਵਾਲੇ ਇਸ ਮੇਲੇ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਸ਼ਿਰਕਤ ਕਰਨਗੇ।