ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਏ ਵਿਅਕਤੀ ਦੀ ਲੋਹੰਡ ਖੱਡ ’ਚ ਡੁੱਬਣ ਕਾਰਨ ਮੌਤ
Monday, Jul 25, 2022 - 04:29 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਏ ਇਕ ਵਿਅਕਤੀ ਦੀ ਲੋਹੰਡ ਖੱਡ ਸ੍ਰੀ ਕੀਰਤਪੁਰ ਸਾਹਿਬ ਵਿਖੇ ਨਹਾਉਣ ਸਮੇਂ ਡੁੱਬ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ. ਐੱਸ. ਆਈ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੋਹੰਡ ਖੱਡ ਜਿਸ ਵਿਚ ਬਰਸਾਤ ਦੌਰਾਨ ਚੰਗਰ ਇਲਾਕੇ ਦੇ ਪਿੰਡਾਂs, ਹਿਮਾਚਲ ਪ੍ਰਦੇਸ਼ ਤੋਂ ਆਉਂਦੀਆਂ ਖੱਡਾਂ ਦਾ ਪਾਣੀ ਅਤੇ ਦੂਸਰੀ ਸਾਈਡ ਤੋਂ ਇਸ ਵਿਚ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦਾ ਪਾਣੀ ਆ ਕੇ ਮਿਲਦਾ ਹੈ, ਇਹ ਲੋਹੰਡ ਖੱਡ ਦਾ ਪਾਣੀ ਅੱਗੇ ਸਤਲੁਜ ਦਰਿਆ ਨੂੰ ਜਾਂਦਾ ਹੈ। ਕੁਝ ਬਾਹਰਲੇ ਅਣਜਾਣ ਲੋਕ ਅਕਸਰ ਇੱਥੇ ਨਹਾਉਣ ਲਈ ਆ ਜਾਂਦੇ ਹਨ, ਜਿਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇੱਥੇ ਪਾਣੀ ਕਿੰਨਾ ਡੂੰਘਾ ਹੈ, ਜਿਸ ਕਾਰਨ ਕਈ ਵਾਰ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ ਤੇ ਪੁਲਸ ਵੀ ਸਮੇਂ ਸਮੇਂ ਤੇ ਜਾ ਕੇ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰਦੀ ਰਹੀ ਹੈ।
ਬੀਤੀ ਸ਼ਾਮ ਕਰੀਬ ਸਾਢੇ ਪੰਜ ਵਜੇ ਹਰਿਆਣਾ ਦੇ ਵਸਨੀਕ ਸੰਗਰਾਮ ਸਿੰਘ (40) ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਠੋਲ ਤਹਿਸੀਲ ਪਿਹੋਵਾ ਕੁਰੂਕਸ਼ੇਤਰ ਆਪਣੇ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਉਸ ਨੇ ਲੋਹੰਡ ਖੱਡ ਦੇ ਪੁਲ ਤੋਂ ਦੇਖਿਆ ਕਿ ਕੁਝ ਲੋਕ ਸਾਹਮਣੇ ਪਾਣੀ ਵਿਚ ਨਹਾ ਰਹੇ ਹਨ ਤਾਂ ਉਹ ਵੀ ਉਕਤ ਥਾਂ ’ਤੇ ਆ ਕੇ ਆਪਣੇ ਪਰਿਵਾਰ ਸਮੇਤ ਨਹਾਉਣ ਲੱਗ ਪਿਆ। ਇਸ ਦੌਰਾਨ ਨਹਾਉਂਦੇ ਸਮੇਂ ਸੰਗਰਾਮ ਸਿੰਘ ਡੂੰਘੇ ਪਾਣੀ ਵਿਚ ਚਲਾ ਗਿਆ ਜਿਸ ਦੀ ਡੁੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਜ ਗੋਤਾਖੋਰਾਂ ਨੂੰ ਬੁਲਾ ਕੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।