''2015 ਤੱਕ ਪੂਰੀ ਤੂਤੀ ਬੋਲਦੀ ਸੀ ਮਹਿੰਦਰਪਾਲ ਬਿੱਟੂ ਦੀ...''

06/24/2019 9:51:59 AM

ਸ੍ਰੀ ਅਨੰਦਪੁਰ ਸਾਹਿਬ (ਸਮਸ਼ੇਰ ਸਿੰਘ ਡੂਮੇਵਾਲ) : ਬਹੁ-ਚਰਚਿਤ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ 'ਚ ਹਮਲਾਵਰਾਂ ਵੱਲੋਂ ਜਾਨ ਲੇਵਾ ਹਮਲਾ ਕਰਕੇ ਕਤਲ ਕਰ ਦਿੱਤਾ ਹੈ। ਅਤੀਤ ਦੀਆਂ ਚਾਰ ਵਰ੍ਹੇ ਪਹਿਲੀਆਂ ਪਰਤਾਂ ਨੂੰ ਫਰੋਲੀਏ ਤਾਂ ਜੂਨ 2015 ਦੇ ਉਹ ਆਹ ਹੀ ਦਿਨ ਸਨ, ਜਦੋਂ ਜ਼ਿਲਾ ਫਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਜਾ ਚੁੱਕੇ ਸਨ ਤੇ ਡੇਰਾ ਸਿਰਸਾ ਦੇ ਪੈਰੋਕਾਰਾਂ ਵਲੋਂ ਪਿੰਡ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਜੋ ਪੋਸਟਰ ਲਗਾਏ ਗਏ ਸਨ, ਉਨ੍ਹਾਂ 'ਤੇ ਇਸ ਦੀ ਨਾ-ਕੇਵਲ ਜ਼ਿੰਮੇਵਾਰੀ ਕਬੂਲੀ ਗਈ ਸੀ, ਸਗੋਂ ਸਿੱਖ ਕੌਮ ਨੂੰ ਸਿੱਧੇ ਰੂਪ 'ਚ ਚੈਲੰਜ ਕਰਦਿਆਂ ਧਮਕੀ ਭਰਪੂਰ ਤੇ ਗੈਰ-ਇਖਲਾਕੀ ਸ਼ਬਦਾਵਲੀ ਰਾਹੀਂ ਭਾਵਨਾਤਮਿਕ ਤੌਰ 'ਤੇ ਭੜਕਾਉਣ ਦਾ ਵੀ ਇਕ ਕੋਝਾ ਯਤਨ ਕੀਤਾ ਗਿਆ ਸੀ।

ਅੱਜ ਉਸ ਦੁਖਾਂਤਕ ਘਟਨਾਕ੍ਰਮ ਦੇ ਪੂਰੇ ਚਾਰ ਵਰ੍ਹੇ ਬੀਤਣ ਤੋਂ ਬਾਅਦ ਜਦੋਂ ਇਸ ਦੁਖਾਂਤ ਦੇ ਮੁੱਖ ਸੂਤਰਧਾਰ ਦਾ ਕਤਲ ਕਰ ਦਿੱਤਾ ਗਿਆ ਤਾਂ ਅਤੀਤ ਦੀਆਂ ਦੁਖਾਂਤਕ ਪਰਤਾਂ ਆਪ-ਮੁਹਾਰੇ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। 22 ਜੂਨ 2019 ਦੀ ਇਸ ਘਟਨਾ ਨਾਲ ਜੁੜਿਆ ਜੂਨ 2015 ਦਾ ਦੁਖਾਂਤਕ ਪੱਖ ਮੁੜ ਆਪਾ ਦੁਹਰਾਉਣ ਲੱਗ ਪਿਆ ਹੈ। ਚਾਰ ਵਰ੍ਹੇ ਪਹਿਲਾਂ ਜਦੋਂ ਮਾਲਵੇ ਦੀ ਧਰਤੀ 'ਤੇ ਇਹ ਕਾਰਾ ਵਾਪਰਿਆ ਤਾਂ ਉਸ ਵੇਲੇ ਪੰਜਾਬ ਅੰਦਰ ਬਾਦਲ ਸਰਕਾਰ ਸੀ ਤੇ ਡੇਰਾ ਸਿਰਸਾ ਦੀ ਸਿਆਸੀ ਧਾਕ ਇਸ ਸਰਕਾਰ 'ਚ ਅਹਿਮ ਪਕੜ ਰੱਖਦੀ ਸੀ। ਇਹ ਹੀ ਕਾਰਨ ਬਣਿਆ ਕਿ ਸਿੱਖ ਜਥੇਬੰਦੀਆਂ, ਲੰਮੀ ਜੱਦੋ-ਜਹਿਦ ਕਰਕੇ ਵੀ ਮਹਿੰਦਰਪਾਲ ਬਿੱਟੂ ਤੱਕ ਇਸ ਕੇਸ ਦੀ ਤਫਤੀਸ਼ ਲਿਆ ਨਹੀਂ ਸਕੀਆਂ ਤੇ ਸਰਕਾਰੀ ਤੰਤਰ ਅੱਗੇ ਬੇਵਸ ਹੋ ਕੇ ਰਹਿ ਗਈਆਂ। ਉਦੋਂ ਪੰਥਕ ਧਿਰਾਂ ਦਾ ਸਪੱਸ਼ਟ ਦੋਸ਼ ਸੀ ਕਿ ਇਹ ਸਭ ਕੁਝ ਡੇਰਾ ਸਿਰਸਾ ਦੇ ਇਸ਼ਾਰੇ 'ਤੇ ਵਾਪਰਿਆ ਹੈ। ਡੇਰਾ ਮੁਖੀ ਦੀ ਫਿਲਮ 'ਮੈਸੇਂਜਰ ਆਫ ਗਾਡ ' ਨੂੰ ਪੰਜਾਬ 'ਚ ਰਿਲੀਜ਼ ਨਾ ਹੋਣ ਦੇਣਾ ਇਸ ਦਾ ਮੁੱਖ ਕਾਰਨ ਹੈ, ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਡੇਰਾ ਪ੍ਰੇਮੀਆਂ ਤੋਂ ਬਠਿੰਡਾ 'ਚ ਹਰਸਿਮਰਤ ਕੌਰ ਬਾਦਲ ਲਈ ਲਈਆਂ ਵੋਟਾਂ ਤੋਂ ਬਾਅਦ 'ਚ ਫਿਲਮ 'ਤੇ ਲਗਾਈ ਰੋਕ ਬਾਦਲ ਸਰਕਾਰ ਦੇ ਗਲੇ ਦੀ ਅਜਿਹੀ ਹੱਡੀ ਬਣ ਚੁੱਕੀ ਸੀ, ਜਿਸ ਕਾਰਨ ਸਮੁੱਚਾ ਇਲਮ ਹੋਣ ਦੇ ਬਾਵਜੂਦ ਡੇਰਾ ਸਿਰਸਾ ਨਾਲ ਸਬੰਧਤ ਦੋਸ਼ੀਆਂ ਨੂੰ ਬਚਾਉਣਾ ਬਾਦਲ ਸਰਕਾਰ ਦਾ ਸਿਆਸੀ ਨੀਤੀਗਤ ਏਜੰਡਾ ਬਣ ਗਿਆ ਸੀ। ਉਕਤ ਚੋਣਾਂ 'ਚ ਜਦੋਂ ਡੇਰੇ ਦੀ ਵੋਟ ਹਰਸਿਮਰਤ ਨੂੰ ਭੁਗਤਾਉਣ ਦੀ ਗੱਲ ਛਿੜੀ ਸੀ ਤਾਂ ਡੇਰੇ ਦੇ ਰਾਜਸੀ ਵਿੰਗ ਦੀਆਂ ਤਾਰਾਂ ਸਿੱਧੀਆਂ ਕਥਿਤ ਸੁਖਬੀਰ ਬਾਦਲ ਨਾਲ ਜੋੜਨ 'ਚ ਮਹਿੰਦਰਪਾਲ ਬਿੱਟੂ ਨੇ ਅਹਿਮ ਭੂਮਿਕਾ ਨਿਭਾਈ ਸੀ। ਪੰਥਕ ਧਿਰਾਂ ਦਾ ਇਹ ਵੀ ਦੋਸ਼ ਰਿਹਾ ਹੈ ਕਿ ਡੇਰੇ ਦੇ 45 ਮੈਂਬਰੀ, ਉੱਚ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਵੱਲ ਸਿੱਧੀ ਉਂਗਲ ਉੱਠਣ 'ਤੇ ਬਾਦਲ ਸਰਕਾਰ ਨੇ ਮੌਕੇ 'ਤੇ ਤਾਇਨਾਤ ਕੀਤੀ ਐੱਸ. ਆਈ. ਟੀ. ਦੀ ਕਾਰਗੁਜ਼ਾਰੀ ਨੂੰ ਬਰੇਕਾਂ ਲਗਾ ਦਿੱਤੀਆਂ ਤੇ ਸਿੱਖ ਸੰਗਤਾਂ ਦੀ ਆਵਾਜ਼ ਨੂੰ ਹਰ ਹੀਲੇ ਦਬਾਉਣ ਦਾ ਸੰਕਲਪ ਅਖਤਿਆਰ ਕਰ ਲਿਆ ਤੇ ਇਸ ਦੌਰਾਨ ਵਾਪਰਿਆ ਬਹਿਬਲ ਕਲਾਂ ਗੋਲੀ ਕਾਂਡ ਵੀ ਇਸੇ ਕੜੀ ਦਾ ਇਕ ਹਿੱਸਾ ਸੀ।

ਪੰਥਕ ਧਿਰਾਂ ਵਲੋਂ ਸਰਕਾਰ ਵਲੋਂ ਬੇਅਦਬੀ ਦਾ ਦੋਸ਼ ਪੰਜਗਰਾਈ ਕਲਾਂ ਦੇ ਦੋ ਸਕੇ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੇ ਮੜ੍ਹਨ ਦਾ ਮਨਸੂਬਾ ਵੀ ਮਹਿੰਦਰਪਾਲ ਬਿੱਟੂ ਨੂੰ ਬਚਾਉਣ ਦਾ ਇਕ ਪੈਂਤੜਾ ਦੱਸਿਆ ਜਾਂਦਾ ਰਿਹਾ ਹੈ। ਇਸੇ ਦੌਰਾਨ ਹੀ ਥਾਣਾ ਬਾਜਾਖਾਨਾ ਦੀ ਪੁਲਸ ਵਲੋਂ ਜਾਰੀ ਕੀਤੇ ਦੋਸ਼ੀ ਪ੍ਰੇਮੀਆਂ ਦੇ ਸਕੈਚਾਂ ਨੂੰ ਨਜ਼ਰ ਅੰਦਾਜ ਕਰਨਾ ਤੇ ਸਿੱਖ ਸੰਘਰਸ਼ ਨੂੰ ਜਬਰੀ ਦਬਾਉਣਾ ਵੀ ਇਕ ਗਿਣੀ-ਮਿਥੀ ਸਰਕਾਰੀ ਸਾਜ਼ਿਸ਼ ਦੱਸਿਆ ਜਾਂਦਾ ਰਿਹਾ ਹੈ। ਸਿੱਖ ਸੰਗਠਨਾਂ ਦਾ ਸਭ ਤੋਂ ਸੰਗੀਨ ਦੋਸ਼ ਤਤਕਾਲੀ ਬਾਦਲ ਸਰਕਾਰ 'ਤੇ ਇਹ ਵੀ ਰਿਹਾ ਕਿ ਡੇਰਾ ਪੈਰੋਕਾਰਾਂ ਨੂੰ ਬੇਅਦਬੀ ਮਾਮਲੇ 'ਚ ਮਹਿਫੂਜ ਰੱਖਣ ਦੀ ਨੀਤੀ ਦਾ ਸਾਜ਼ਿਸ਼ਕਰਤਾ ਵੀ ਮਹਿੰਦਰਪਾਲ ਬਿੱਟੂ ਹੀ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਇਹ ਵੀ ਪੱਖ ਬੜੀ ਸ਼ਿੱਦਤ ਨਾਲ ਉਜਾਗਰ ਕੀਤਾ ਗਿਆ ਹੈ ਕਿ 15 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੀਤੇ ਅੰਗ ਬਰਗਾੜੀ 'ਚੋਂ ਪ੍ਰਾਪਤ ਹੋਏ। ਇਹ ਸਰੂਪ 1 ਜੂਨ ਤੋਂ ਗੁ. ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੇ ਗਏ ਸਨ ਪਰ ਇਸ ਦੌਰਾਨ ਹੀ ਇਸਦੇ ਬਾਵਜੂਦ 6 ਅਕਤੂਬਰ ਨੂੰ ਮਹਿੰਦਰਪਾਲ ਬਿੱਟੂ ਦੇ ਕਹਿਣ ਅਤੇ ਸੁਖਬੀਰ ਬਾਦਲ ਦੀਆਂ ਸਿਫਾਰਸ਼ਾਂ 'ਤੇ ਪ੍ਰੇਮੀਆਂ ਨੂੰ ਅਸਲੇ ਦੇ ਲਾਇਸੰਸ ਵੀ ਜਾਰੀ ਕੀਤੇ ਗਏ। ਅਕਾਲੀ ਸਰਕਾਰ ਵੇਲੇ ਭਾਵੇਂ ਕਿ ਬਿੱਟੂ ਕੋਟਕਪੂਰਾ ਵਿਖੇ ਬੇਕਰੀ ਦਾ ਬਿਜ਼ਨੈੱਸ ਕਰਦਾ ਸੀ ਪਰ ਸਰਕਾਰੇ-ਦਰਬਾਰੇ ਪਹੁੰਚ ਰੱਖਣ ਕਾਰਨ ਉਸ ਦੀ ਪੂਰੀ ਤੂਤੀ ਬੋਲਦੀ ਸੀ, ਰੱਜ ਕੇ ਸਰਕਾਰੀ ਸਹੂਲਤਾਂ ਦਾ ਸੁੱਖ ਭੋਗਦਾ ਸੀ। ਉੱਚ ਸਰਕਾਰੀ ਨੁਮਾਇੰਦੇ ਦੀ ਤਰਜ਼ 'ਤੇ ਉਸਦੀ ਕੋਟਕਪੂਰਾ ਸਥਿਤ ਕੋਠੀ 'ਚ ਕੰਮ ਕਰਵਾਉਣ ਵਾਲਿਆਂ ਦਾ ਤਾਂਤਾ ਲੱਗਦਾ ਸੀ। ਸੰਨ 2012 'ਚ ਭੀਖੀ ਵਿਖੇ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ 'ਤੇ ਹੋਏ ਕਥਿਤ ਜਾਨਲੇਵਾ ਹਮਲੇ 'ਚ ਵੀ ਬਿੱਟੂ ਦੀ ਭੂਮਿਕਾ ਕਿਤੇ ਨਾ ਕਿਤੇ ਨਸ਼ਰ ਹੋ ਰਹੀ ਸੀ। ਜੂਨ 2018 'ਚ ਬੇਅਦਬੀ ਕਾਂਡ ਲਈ ਲੱਗੇ ਬਰਗਾੜੀ ਇਨਸਾਫ ਮੋਰਚੇ ਉਪਰੰਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਬਿੱਟੂ ਨੂੰ ਪਾਲਮਪੁਰ (ਹਿਮ. ਪ੍ਰ.) ਤੋਂ ਕਾਬੂ ਕੀਤਾ ਤੇ ਬੇਅਦਬ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਉਸਦੇ ਘਰੋਂ ਬਰਾਮਦ ਕੀਤੇ ਸਨ। ਬਰਗਾੜੀ ਬੇਅਦਬੀ ਕਾਂਡ 'ਚ ਕਾਤਲਾਨਾ ਹਮਲੇ ਦਾ ਸ਼ਿਕਾਰ ਹੋਣ ਵਾਲਾ ਬਿੱਟੂ ਦੂਜਾ ਡੇਰਾ ਸਿਰਸਾ ਸਮਰਥਕ ਹੈ। ਇਸ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ 'ਚ ਗੁਰਦੇਵ ਸਿੰਘ ਨਾਮੀ ਡੇਰਾ ਪੈਰੋਕਾਰ ਦਾ ਕਤਲ ਵੀ ਇਸੇ ਕੜੀ ਦੇ ਸੰਦਰਭ 'ਚ ਕੀਤਾ ਜਾ ਚੁੱਕਾ ਹੈ।


Baljeet Kaur

Content Editor

Related News