ਸੁਖਬੀਰ ਤੋਂ ਸਿਰਫ ਤਿੰਨ ਕਦਮ ਦੂਰ ਸੀ ਹਮਲਾਵਰ, ਘਟਨਾ ਸਮੇਂ ਕੀ-ਕੀ ਹੋਇਆ ਤੇ ਕਿਸ ਨੇ ਬਚਾਈ ਜਾਨ

Wednesday, Dec 04, 2024 - 02:26 PM (IST)

ਅੰਮ੍ਰਿਤਸਰ : ਬੁੱਧਵਾਰ ਸਵੇਰੇ ਸਮਾਂ 9.30 'ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਲੀ ਸਜ਼ਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ 'ਤੇ ਕਾਤਲਾਨਾ ਹਮਲਾ ਹੋਇਆ। ਇਹ ਹਮਲਾ ਉਦੋਂ ਹੋਇਆ ਜਦੋਂ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾਅ ਰਹੇ ਸਨ। ਉਨ੍ਹਾਂ ਦੇ ਆਲੇ ਦੁਆਲੇ ਸੇਵਾਦਾਰ ਅਤੇ ਅੰਗ ਰੱਖਿਅਕ ਮੌਜੂਦ ਸਨ। ਸਾਰੀ ਸੰਗਤ ਸ੍ਰੀ ਦਰਬਾਰ ਸਾਹਿਬ ਜਾ ਰਹੀ ਸੀ, ਇਸ ਦੌਰਾਨ ਭੂਰੇ ਰੰਗ ਦੀ ਜੈਕੇਟ, ਮੂੰਗੀਆ ਪੈਂਟ ਅਤੇ ਨੀਲੀ ਪੱਗੜੀ ਧਾਰੀ ਅੱਧਖੜ ਉਮਰ ਦਾ ਸ਼ਖ਼ਸ ਉਥੇ ਆਇਆ। ਉਸ ਨੇ ਸੁਖਬੀਰ ਬਾਦਲ ਨੂੰ ਦੇਖਦੇ ਹੀ ਅਚਾਨਕ ਕਦਮ ਹੌਲੀ ਕਰ ਲਏ। ਹਮਲਾਵਰ ਸੁਖਬੀਰ ਤੋਂ ਸਿਰਫ ਤਿੰਨ ਕਦਮਾਂ ਦੀ ਦੂਰੀ 'ਤੇ ਸੀ। ਉਸ ਦੀ ਇਸ ਹਰਕਤ 'ਤੇ ਸਕਿਓਰਿਟੀ ਗਾਰਡ ਦੀ ਵੀ ਨਜ਼ਰ ਸੀ। ਅਚਾਨਕ ਉਸ ਨੇ ਜੇਬ੍ਹ ਵਿਚੋਂ ਪਿਸਤੌਲ ਕੱਢੀ ਅਤੇ ਸੁਖਬੀਰ ਬਾਦਲ ਵੱਲ ਕਰਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਕ ਸਕਿਓਰਿਟੀ ਗਾਰਡ ਨੇ ਫੁਰਤੀ ਨਾਲ ਉਸ ਦੇ ਹੱਥ ਨੂੰ ਉਪਰ ਕਰ ਦਿੱਤਾ। ਇਸ ਕਾਰਣ ਗੋਲ਼ੀ ਸੁਖਬੀਰ ਬਾਦਲ ਨੂੰ ਨਾ ਲੱਗ ਕੇ ਹਵਾ ਵਿਚ ਚੱਲ ਗਈ। ਹਮਲਾਵਰ ਨੇ ਇਕ ਹੋਰ ਗੋਲ਼ੀ ਚਲਾਈ ਉਹ ਵੀ ਹਵਾ ਵਿਚ ਚੱਲੀ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਕਾਰਵਾਈ

PunjabKesari

ਇਸ ਦੌਰਾਨ ਸੁਰੱਖਿਆ ਗਾਰਡਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਵੀ ਹਮਲਾਵਰ ਨੂੰ ਦਬੋਚ ਲਿਆ। ਇਸ ਗੋਲੀ ਕਾਂਡ ਨਾਲ ਭਾਜੜਾਂ ਪੈ ਗਈਆਂ। ਘਟਨਾ ਦੇਖ ਹੋਰ ਸੁਰੱਖਿਆ ਗਾਰਡਾਂ ਨੇ ਸੁਖਬੀਰ ਨੂੰ ਘੇਰੇ ਵਿਚ ਲੈ ਲਿਆ। ਗਾਰਡਾਂ ਨੇ ਹਾਲਾਤ ਨੂੰ ਕੰਟਰੋਲ ਕੀਤਾ ਅਤੇ ਸੁਖਬੀਰ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਚੰਗੀ ਗੱਲ ਇਹ ਰਹੀ ਕਿ ਇਸ ਗੋਲੀਬਾਰੀ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ 'ਤੇ ਗੋਲ਼ੀ ਚਲਾਉਣ ਵਾਲੇ ਦੀ ਹੋਈ ਪਛਾਣ, ਜਾਣੋ ਕੌਣ ਹੈ ਨਾਰਾਇਣ ਸਿੰਘ ਚੌੜਾ

PunjabKesari

ਕੌਣ ਹੈ ਜਿਸ ਨੇ ਵਾਰਦਾਤ ਕੀਤੀ ਨਾਕਾਮ

ਜਿਸ ਮੁਲਾਜ਼ਮ ਦੀ ਬਹਾਦਰੀ ਨਾਲ ਸੁਖਬੀਰ ਸਿੰਘ ਬਾਦਲ ਦੀ ਜਾਨ ਬਚੀ ਹੈ ਉਸ ਦਾ ਨਾਮ ਜਸਬੀਰ ਸਿੰਘ ਹੈ ਜਦਕਿ ਦੂਜੇ ਸਕਿਓਰਿਟੀ ਗਾਰਡ ਦਾ ਪਰਮਿੰਦਰ ਹੈ। ਜਸਬੀਰ ਨੇ ਪਹਿਲਾਂ ਹਮਲਾਵਰ ਨੂੰ ਦਬੋਚਿਆ ਅਤੇ ਫਿਰ ਪਰਮਿੰਦਰ ਨੇ ਉਸ ਦੇ ਮਨਸੂਬੇ ਨਾਕਾਮ ਕੀਤੇ। ਦੂਜੇ ਪਾਸੇ ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਨਰਾਇਣ ਸਿੰਘ ਪਹਿਲਾਂ ਦਰਬਾਰ ਸਾਹਿਬ ਆਇਆ ਜਿਸ ਮਗਰੋਂ ਉਹ ਦਰਬਾਰ ਸਾਹਿਬ ਮੱਥ ਟੇਕਣ ਉਪਰੰਤ ਬਾਹਰ ਆ ਗਿਆ। ਪੁਲਸ ਦਾ ਬੰਦਾ ਪਹਿਲਾਂ ਹੀ ਉਸ ਦੇ ਨਜ਼ਰ ਰੱਖੀ ਬੈਠਾ ਸੀ, ਜਿਵੇਂ ਹੀ ਉਸ ਨੇ ਸੁਖਬੀਰ ਬਾਦਲ ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਦਬੋਚ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਤਨਖਾਹਾਂ 'ਚ ਵਾਧਾ

PunjabKesari

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਨਿੰਦਾ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ (ਸੇਵਾ) ਕਰ ਰਹੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਕਾਤਲਾਨਾ ਹਮਲੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਿੰਦਾ ਕੀਤੀ ਹੈ। ਬਿਆਨ ਜਾਰੀ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ 'ਤੇ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ 'ਤੇ ਹੋਇਆ ਹੈ। ਸੁਖਬੀਰ ਨੂੰ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਗਾਈ ਹੈ ਅਤੇ ਉਹ ਇਹ ਸੇਵਾ ਨਿਭਾਅ ਰਹੇ ਸਨ। ਇਹ ਮੰਦਭਾਗੀ ਘਟਨਾ ਦੀ ਉਹ ਨਿੰਦਾ ਕਰਦੇ ਹਨ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ 'ਤੇ ਹੋਏ ਹਮਲੇ ਮਗਰੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ

PunjabKesari

ਮੁਲਜ਼ਮ ਦੀ ਹੋਈ ਪਛਾਣ 

ਮੁਲਜ਼ਮ ਦੀ ਪਛਾਣ ਨਾਰਾਇਣ ਸਿੰਘ ਵਜੋਂ ਹੋਈ ਹੈ। ਜੋ ਗਰਮਖਿਆਲੀ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ। ਇਸ ਦਾ ਜਨਮ 4 ਅਪ੍ਰੈਲ 1956 ਵਿਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਪਿੰਡ ਚੌੜਾ ਵਿਚ ਹੋਇਆ ਸੀ। ਚੌੜਾ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਸਾਥੀਆਂ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਉਸੇ ਦਿਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੁਰਾਲੀ ਵਿਖੇ ਇੱਕ ਛੁਪਣਗਾਹ 'ਤੇ ਛਾਪਾ ਮਾਰਿਆ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇਕ ਕੈਸ਼ ਬਰਾਮਦ ਕਰਨ ਦਾ ਦਾਅਵਾ ਕੀਤਾ।

ਉਸ 'ਤੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿਚ 8 ਮਈ 2010 ਨੂੰ ਵਿਸਫੋਟਕ ਐਕਟ ਦੇ ਤਹਿਤ ਇਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਧੀਨ ਕੇਸਾਂ ਵਿੱਚ ਵੀ ਲੋੜੀਂਦਾ ਸੀ। ਮੁਲਜ਼ਮ ਨੂੰ ਅੰਮ੍ਰਿਤਸਰ ਦੀ ਇਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਵਿਚ ਬਰੀ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਚੌੜਾ 1984 ਵਿਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ 'ਤੇ ਗੁਰੀਲਾ ਯੁੱਧ ਅਤੇ "ਦੇਸ਼ ਧ੍ਰੋਹੀ" ਸਾਹਿਤ 'ਤੇ ਇੱਕ ਕਿਤਾਬ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕੇਸ ਵਿਚ ਵੀ ਮੁਲਜ਼ਮ ਸੀ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਬਾਹਰ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਵਾਲੇ ਨੂੰ ਲੈ ਕੇ ਵੱਡਾ ਖ਼ੁਲਾਸ

PunjabKesari

ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਦੌਰਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਘਟਨਾ ਦੇ ਸੰਬੰਧ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਪੰਜਾਬ ਪੁਲਸ ਨੇ ਅੱਜ ਇਕ ਵੱਡੀ ਵਾਰਦਾਤ ਹੋਣੋ ਰੋਕੀ ਹੈ। ਪੰਜਾਬ ਪੁਲਸ ਦੀ ਮੁਸਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਹੈ।  ਪੁਲਸ ਨੇ ਆਪਣੀ ਮੁਸਤੈਦੀ ਨਾਲ ਮੌਕੇ 'ਤੇ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ। ਮੈਂ ਪੁਲਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਪੁਲਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News