ਅਕਾਲ ਤਖਤ ਸਕੱਤਰੇਤ ''ਚ ਦਲ ਖਾਲਸਾ ਤੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਵਿਚਾਲੇ ਝੜਪ
Friday, Mar 06, 2020 - 06:37 PM (IST)
ਅੰਮ੍ਰਿਤਸਰ (ਸੁਮਿਤ) : ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਐੱਸ. ਜੀ. ਪੀ. ਸੀ. ਦੀ ਟਾਸਕ ਫੋਰਸ ਅਤੇ ਦਲ ਖਾਲਸਾ ਦੇ ਨੁਮਾਇੰਦੇ ਆਪਸ ਵਿਚ ਭਿੜ ਗਏ। ਦਰਅਸਲ ਦਲ ਖਾਲਸਾ ਦੇ ਨੁਮਾਇੰਦੇ ਅੱਜ ਇਥੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕਰਨ ਆਏ ਸਨ, ਜਿਸ 'ਤੇ ਐੱਸ. ਜੀ. ਪੀ. ਸੀ. ਨੂੰ ਇਤਰਾਜ਼ ਸੀ ਕਿਉਂਕਿ ਉਸ ਕੈਲੰਡਰ 'ਤੇ ਕੁਝ ਸ਼ਬਦਾਵਲੀ ਅਜਿਹੀ ਸੀ ਜਿਸ 'ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ।
ਉਧਰ ਜਦੋਂ ਇਸ ਕੈਲੰਡਰ ਦੀ ਰਿਲੀਜ਼ ਨੂੰ ਰੋਕਿਆ ਗਿਆ ਤਾਂ ਦੋਵਾਂ ਧਿਰਾਂ ਵਿਚ ਗਰਮਾ-ਗਰਮੀ ਹੋ ਗਈ। ਇਸ ਦੌਰਾਨ ਖਿੱਚੋਤਾਨ ਵੀ ਹੋਈ। ਇਸ ਮੌਕੇ ਦਲ ਖਾਲਸਾ ਵਲੋਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਕੈਲੰਡਰ ਨੂੰ ਰਿਲੀਜ਼ ਕਰਕੇ ਉਥੋਂ ਚਲੇ ਗਏ। ਦੂਜੇ ਪਾਸੇ ਇਸ ਮਾਮਲੇ 'ਤੇ ਐੱਸ. ਜੀ. ਪੀ. ਸੀ. ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਇਸ ਕੈਲੰਡਰ 'ਤੇ ਪਾਕਿਸਤਾਨ ਦਾ ਸ਼ੁਕਰਾਨਾ ਕੀਤਾ ਗਿਆ ਹੈ, ਜਿਸ 'ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ।
ਪਹਿਲਾਂ ਵੀ ਹੋ ਚੁੱਕੀ ਹੈ ਦਰਬਾਰ ਸਾਹਿਬ ਕੰਪਲੈਕਸ 'ਚ ਝੜਪ
ਇਹ ਕੋਈ ਪਹਿਲਾਂ ਮੌਕਾ ਨਹੀਂ ਹੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਜਾਂ ਦਰਬਾਰ ਸਾਹਿਬ ਵਿਖੇ ਝੜਪ ਹੋਈ ਹੈ। ਇਸ ਤੋਂ ਪਹਿਲਾਂ ਵੀ ਗਰਮ ਖਿਆਲੀਆਂ ਅਤੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਵਿਚਾਲੇ ਗਹਿਮਾ-ਗਹਮੀ ਹੋ ਚੁੱਕੀ ਹੈ। ਅਕਤਬੂਰ 2017 ਨੂੰ ਸਰਬੱਤ ਖਾਲਸਾ ਵਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਜਦੋਂ ਮਾਸਟਰ ਜੌਹਲ ਸਿੰਘ ਨੂੰ ਪਰੰਪਰਿਕ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਲਈ ਉਥੇ ਪੁੱਜੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਮਾਸਟਰ ਜੌਹਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਜ਼ਬਰਦਸਤੀ ਚੁੱਕ ਕੇ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਗਰਮ ਖਿਆਲੀ ਆਗੂਆਂ ਤੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਵਿਚਾਲੇ ਝੜਪ ਹੋ ਗਈ। ਇਸ ਝੜਪ ਦੌਰਾਨ ਇਕ ਸਿੱਖ ਦੀ ਪੱਗ ਵੀ ਲੱਥ ਗਈ ਜਦਕਿ ਕੁਝ ਲੋਕ ਜ਼ਖਮੀ ਹੋਏ ਸਨ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਨੰਗੀਆਂ ਕਿਰਪਾਨਾਂ ਦਿਖਾਉਂਦੇ ਹੋਏ ਇਕ ਦੂਜੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸਰਨਾ, ਸਿਰਸਾ, ਹਿੱਤ ਅਤੇ ਜੀ. ਕੇ. ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰਿਕਾਰਡ ਸਮੇਤ ਪੇਸ਼