ਦਰਸ਼ਨੀ ਡਿਓੜੀ ਢਾਹੁਣ ਦੇ ਮਾਮਲੇ ''ਚ ਅਕਾਲ ਤਖਤ ਸਖਤ, ਜਾਰੀ ਕੀਤਾ ਫਰਮਾਨ

Saturday, Apr 06, 2019 - 06:24 PM (IST)

ਦਰਸ਼ਨੀ ਡਿਓੜੀ ਢਾਹੁਣ ਦੇ ਮਾਮਲੇ ''ਚ ਅਕਾਲ ਤਖਤ ਸਖਤ, ਜਾਰੀ ਕੀਤਾ ਫਰਮਾਨ

ਅੰਮ੍ਰਿਤਸਰ : ਤਰਨਤਾਰਨ ਸਥਿਤ ਇਤਿਹਾਸਕ ਦਰਸ਼ਨੀ ਡਿਓੜੀ ਢਾਹੁਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੇ ਕਾਰਵਾਈ ਕਰਦੇ ਹੋਏ 'ਸਿੱਖ ਹੈਰੀਟੇਜ ਕਮਿਸ਼ਨ' ਦੇ ਗਠਨ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਚੱਲਦੇ ਦੁਨੀਆ ਵਿਚ ਕਿਸੇ ਵੀ ਗੁਰਦੁਆਰੇ ਅਤੇ ਸਿੱਖ ਪੰਥ ਨਾਲ ਸਬੰਧਤ ਇਮਾਰਤ ਦੀ ਮੁਰੰਮਤ ਕਰਨ ਤੋਂ ਪਹਿਲਾਂ 'ਸਿੱਖ ਹੈਰੀਟੇਜ ਕਮਿਸ਼ਨ' ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਇਸ ਕਮਿਸ਼ਨ ਵਿਚ ਦੋ ਸਿੱਖ ਇਤਿਹਾਸਕਾਰ ਦੋ ਆਰਕੀਟੈਕਟ ਤੇ ਇਕ ਸਿੱਖ ਵਿਦਵਾਨ ਜਾਂ ਹੋਰ ਮਾਹਰਾਂ ਨੂੰ ਸ਼ਾਮਲ ਕੀਤਾ ਜਾਵੇਗਾ। 
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਤਰਨਤਾਰਨ ਦੇ ਸ੍ਰੀ ਦਰਬਾਰ ਸਾਹਿਬ ਗੁਰਦੁਆਰੇ ਦੀ ਇਤਿਹਾਸਿਕ ਦਰਸ਼ਨੀ ਡਿਓੜੀ ਢਾਹੁਣ ਤੋਂ ਬਾਅਦ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਸੀ ਤੇ ਸਿੱਖ ਪੰਥ ਵਿਚ ਜਿਸ ਤਰ੍ਹਾਂ ਇਸ ਦਾ ਵਿਰੋਧ ਹੋਇਆ ਸੀ, ਇਸ ਲਈ ਇਸ ਤਰ੍ਹਾਂ ਦੇ ਕਮਿਸ਼ਨ ਦੀ ਜ਼ਰੂਰਤ ਮਹਿਸੂਸ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦੱਸਿਆ ਕਿ 60 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਜਾਂ ਪੰਥ ਨਾਲ ਸਬੰਧਤ ਇਮਾਰਤ ਦੀ ਮੁਰੰਮਤ ਕਰਨ ਲਈ ਇਸ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ।
ਦੂਜੇ ਪਾਸੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਦਰਸ਼ਨੀ ਡਿਓੜੀ ਢਾਹੁਣ ਦੀ ਘਟਨਾ ਨਾਲ ਸਿੱਖ ਕੌਮ ਵਿਚ ਗੁੱਸੇ ਦੀ ਲਹਿਰ ਹੈ ਅਤੇ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਬ੍ਰਹਮਪੁਰਾ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਮਿਲੀ ਭੁਗਤ ਨਾਲ ਹੀ ਇਹ ਘਟਨਾ ਵਾਪਰੀ ਹੈ, ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਦੀ ਜਾਂਚ ਖੁਦ ਕਰਨੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।


author

Gurminder Singh

Content Editor

Related News