ਕਾਂਗਰਸ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਖ਼ਿਲਾਫ਼ 20 ਨੂੰ ਜਾਰੀ ਕੀਤਾ ਜਾਵੇਗਾ ਹੁਕਮਨਾਮਾ

Wednesday, Aug 11, 2021 - 06:39 PM (IST)

ਕਾਂਗਰਸ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਖ਼ਿਲਾਫ਼ 20 ਨੂੰ ਜਾਰੀ ਕੀਤਾ ਜਾਵੇਗਾ ਹੁਕਮਨਾਮਾ

ਅੰਮ੍ਰਿਤਸਰ : ਬੇਅਦਬੀ ਮਾਮਲੇ ਵਿਚ ਵਾਅਦਾ ਕਰਕੇ ਪੂਰਾ ਨਾ ਕਰਨ ਦੇ ਦੋਸ਼ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਦੇ ਦੋ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਖ਼ਿਲਾਫ਼ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ 20 ਅਗਸਤ ਨੂੰ ਹੁਕਮਨਾਮਾ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 17 ਅਗਸਤ ਨੂੰ ਇਹ ਮਾਮਲਾ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਵਿਖੇ ਵਿਚਾਰਿਆ ਜਾਵੇਗਾ, ਜਿਥੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ ਜਾਵੇਗੀ। ਇਹ ਖੁਲਾਸਾ ਅੱਜ ਇਥੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੀਤਾ ਹੈ। ਉਨ੍ਹਾਂ ਦੱਸਿਆ ਸਰਕਾਰ ਦੇ ਇਨ੍ਹਾਂ ਪੰਜ ਨੁਮਾਇੰਦਿਆਂ ਵਿਚ ਦੋ ਕੈਬਨਿਟ ਮੰਤਰੀ ਅਤੇ ਤਿੰਨ ਵਿਧਾਇਕ ਸ਼ਾਮਲ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਐਲਾਨੀ ਨਵੀਂ ਟੀਮ, ਚਾਰ ਸਲਾਹਕਾਰ ਕੀਤੇ ਨਿਯੁਕਤ

ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਨ੍ਹਾਂ ਨੂੰ ਅੱਜ 11 ਅਗਸਤ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਦੂਜਾ ਮੌਕਾ ਦਿੱਤਾ ਗਿਆ ਸੀ ਪਰ ਉਹ ਅੱਜ ਵੀ ਇੱਥੇ ਹਾਜ਼ਰ ਨਹੀਂ ਹੋਏ ਹਨ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਤਲਬ ਕੀਤਾ ਗਿਆ ਸੀ ਅਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਮੁਤਵਾਜ਼ੀ ਜਥੇਦਾਰ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਜ਼ੀਰਾ ’ਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਬਰਗਾੜੀ ਵਿਖੇ ਲਾਏ ਇਨਸਾਫ਼ ਮੋਰਚੇ ਵਿਚ ਸਰਕਾਰ ਵੱਲੋਂ ਮੋਰਚੇ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਲੰਮਾ ਸਮਾਂ ਬੀਤਣ ਮਗਰੋਂ ਵੀ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਦੇ ਸੰਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵਾਅਦਾ ਕਰਕੇ ਮੁੱਕਰ ਚੁੱਕੀ ਹੈ। ਇਸੇ ਲਈ ਸਰਕਾਰ ਵੱਲੋਂ ਆਏ ਇਨ੍ਹਾਂ ਪੰਜ ਨੁਮਾਇੰਦਿਆਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਹੁਣ 20 ਅਗਸਤ ਨੂੰ ਪੰਜਾਬ ਦੇ 2 ਮੰਤਰੀ ਅਤੇ ਤਿੰਨ ਵਿਧਾਇਕਾਂ ਖ਼ਿਲਾਫ਼ ਹੁਕਮਨਾਮਾ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਕਾਂਡ : ਬਦਲੇ ਦੇ ਐਲਾਨ ਤੋਂ ਬਾਅਦ ਐਕਸ਼ਨ ’ਚ ਸਾਈਬਰ ਸੈੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News